Wednesday, February 25, 2026

ਸਿੱਧੀ ਬਿਜ਼ਾਈ ਪ੍ਰਤੀ ਕਿਸਾਨਾਂ ਨੂੰ ਪ੍ਰੇਰਿਤ ਕਰਨ ਖੁਦ ਖੇਤਾਂ ‘ਚ ਪੁੱਜੇ ਡੀ.ਸੀ

ਸੁਲਤਾਨਪੁਰ, ਭੁਲੱਥ ਤੇ ਫਗਵਾੜਾ ਵਿਖੇ ਵੀ ਸਿੱਧੀ ਬਿਜ਼ਾਈ ਦੀਆਂ ਪ੍ਰਦਰਸ਼ਨੀਆਂ

ਕਪੂਰਥਲਾ, 3 ਜੂਨ (ਪੰਜਾਬ ਪੋਸਟ ਬਿਊਰੋ) – ਕਪੂਰਥਲਾ ਜਿਲ੍ਹੇ ਵਿਚ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਪ੍ਰਤੀ ਉਤਸ਼ਾਹਿਤ ਕਰਨ ਲਈ ਡਿਪਟੀ ਕਮਿਸ਼ਨਰ ਸ਼੍ਰੀਮਤੀ ਦੀਪਤੀ ਉਪਲ ਵਲੋਂ ਖੁਦ ਖੇਤਾਂ ਵਿਚ ਜਾ ਕੇ ਝੋੋਨੇ ਦੀ ਸਿੱਧੀ ਬਿਜ਼ਾਈ ਦਾ ਜਾਇਜ਼ਾ ਲਿਆ ਉਥੇ ਹੀ ਕਿਸਾਨਾਂ ਨਾਲ ਗੱਲਬਾਤ ਕਰਕੇ ਸਿੱਧੀ ਬਿਜ਼ਾਈ ਵੱਧ ਤੋਂ ਵੱਧ ਕਰਨ ਲਈ ਪ੍ਰੇਰਿਤ ਕੀਤਾ।
                 ਉਹ ਅੱਜ ਐਸ.ਡੀ.ਐਮ ਕਪੂਰਥਲਾ ਵਰਿੰਦਰਪਾਲ ਸਿੰਘ ਬਾਜਵਾ, ਮੁੱਖ ਖੇਤੀਬਾੜੀ ਅਧਿਕਾਰੀ ਡਾ. ਸ਼ੁਸ਼ੀਲ ਕੁਮਾਰ ਨਾਲ ਪਿੰਡ ਕੜਾਲ ਨੌਂ ਆਬਾਦ ਵਿਖੇ ਕਿਸਾਨ ਦਵਿੰਦਰ ਸਿੰਘ ਤੇ ਰੇਸ਼ਮ ਸਿੰਘ ਦੇ ਖੇਤਾਂ ਵਿਚ ਪੁੱਜੇ।ਇਨ੍ਹਾਂ ਕਿਸਾਨਾਂ ਵਲੋਂ ਪਿਛਲੇ ਸਾਲ ਵਾਂਗ ਇਸ ਵਾਰ ਵੀ ਆਪਣੀ 10-10 ਏਕੜ ਜ਼ਮੀਨ ਵਿਚ ਝੋਨੇ ਦੀ ਸਿੱਧੀ ਬਿਜ਼ਾਈ ਕੀਤੀ ਹੈ।
                    ਡਿਪਟੀ ਕਮਿਸ਼ਨਰ ਨੇ ਕਿਸਾਨਾਂ ਕੋਲੋਂ ਸਿੱਧੀ ਬਿਜ਼ਾਈ ਦੇ ਲਾਭਾਂ, ਬਿਜਾਈ ਵਿਚ ਔਕੜਾਂ ਤੇ ਇਸ ਦੀ ਬਿਜ਼ਾਈ ਬਾਰੇ ਤਕਨੀਕੀ ਅਗਵਾਈ ਬਾਰੇ ਗੱਲਬਾਤ ਕੀਤੀ।
                   ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਜਿਲ੍ਹੇ ਵਿਚ 27 ਹਜ਼ਾਰ ਏਕੜ ਰਕਬੇ ਵਿਚ ਝੋਨੇ ਦੀ ਸਿੱਧੀ ਬਿਜ਼ਾਈ ਹੋਈ ਸੀ, ਜਿਸ ਤਹਿਤ ਸੁਲਤਾਨਪੁਰ ਬਲਾਕ ਅੰਦਰ ਲਗਭਗ 50 ਫੀਸਦੀ ਖੇਤਰ ਅੰਦਰ ਸਿੱਧੀ ਬਿਜ਼ਾਈ ਹੋਈ ਸੀ।ਇਸ ਵਾਰ ਇਹ ਟੀਚਾ 35 ਹਜ਼ਾਰ ਏਕੜ ਰੱਖਿਆ ਗਿਆ ਹੈ, ਜਿਸ ਲਈ ਖੇਤੀਬਾੜੀ ਵਿਭਾਗ ਵਲੋਂ ਕਿਸਾਨਾਂ ਤੱਕ ਵਿਸ਼ੇਸ਼ ਟੀਮਾਂ ਬਣਾ ਕੇ ਪਹੁੰਚ ਕੀਤੀ ਜਾ ਰਹੀ ਹੈ।
                 ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਦੇ ਨਿਰਦੇਸ਼ਾਂ ’ਤੇ ਫਗਵਾੜਾ, ਸੁਲਤਾਨਪੁਰ, ਭੁਲੱਥ ਵਿਖੇ ਵੀ ਐਸ.ਡੀ.ਐਮ ਵਲੋਂ ਸਿੱਧੀ ਬਿਜ਼ਾਈ ਦੇ ਪ੍ਰਦਰਸ਼ਨੀ ਪਲਾਂਟਾਂ ਦਾ ਦੌਰਾ ਕੀਤਾ ਗਿਆ।
                  ਮੁੱਖ ਖੇਤੀਬਾੜੀ ਅਫਸਰ ਡਾ. ਸ਼ੁਸ਼ੀਲ ਕੁਮਾਰ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਪਹਿਲੀ ਤੋਂ 15 ਜੂਨ ਤੱਕ ਝੋਨੇ ਦੀ ਸਿੱਧੀ ਬਿਜ਼ਾਈ ਲਈ ਢੁੱਕਵਾਂ ਸਮਾਂ ਕਰਾਰ ਦਿੱਤਾ ਗਿਆ ਹੈ।
               ਇਸ ਤੋਂ ਇਲਾਵਾ ਕੋਵਿਡ ਕਾਰਨ ਲੇਬਰ ਦੀ ਕਮੀ ਦੇ ਮੱਦੇਨਜ਼ਰ ਸਿੱਧੀ ਬਿਜ਼ਾਈ ਕਿਸਾਨਾਂ ਲਈ ਵਿੱਤੀ ਤੌਰ ’ਤੇ ਵੀ ਲਾਹੇਵੰਦ ਹੈ ਕਿਉਂਕਿ ਇਸ ਨਾਲ ਪ੍ਰਤੀ ਏਕੜ 3500 ਤੋਂ 4000 ਰੁਪੈ ਦੀ ਬਚਤ ਹੁੰਦੀ ਹੈ, ਜਦਕਿ ਪਾਣੀ ਦੀ 10 ਤੋਂ 15 ਫੀਸਦੀ ਤੱਕ ਬਚਤ ਹੁੰਦੀ ਹੈ।
ਕਿਸਾਨ ਦਵਿੰਦਰ ਸਿੰਘ ਨੇ ਆਪਣਾ ਤਜਰਬਾ ਸਾਂਝਾ ਕਰਦੇ ਹੋਏ ਦੱਸਿਆ ਕਿ ਪਿਛਲੇ ਸਾਲ ਸਿੱਧੀ ਬਿਜ਼ਾਈ ਨਾਲ ਉਨ੍ਹਾਂ ਦਾ ਨਾ ਸਿਰਫ ਲਵਾਈ ਦਾ ਖਰਚਾ ਘੱਟ ਹੋਇਆ ਸੀ, ਸਗੋਂ ਝੋਨੇ ਦੇ ਝਾੜ ਵਿੱਚ ਵੀ ਕੋਈ ਕਮੀ ਨਹੀਂ ਆਈ ਸੀ।
                    ਡਿਪਟੀ ਕਮਿਸ਼ਨਰ ਵਲੋਂ ਨੇੜੇ ਇਕ ਬੰਬੀ ਵਿਖੇ ਹੀ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵਲੋਂ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਦੀ ਤਕਨੀਕ ਤੇ ਲਾਭਾਂ, ਖਾਦਾਂ ਦੀ ਵਰਤੋਂ ਬਾਰੇ ਜਾਣੂ ਕਰਵਾਉਣ ਲਈ ਇੱਕ ਕਿਤਾਬਚਾ ਵੀ ਜਾਰੀ ਕੀਤਾ ਗਿਆ।
ਇਸ ਮੌਕੇ ਖੇਤੀਬਾੜੀ ਅਫਸਰ ਡਾ. ਅਸ਼ਵਨੀ, ਡਾ. ਐਚ.ਪੀ.ਐਸ ਭਰੋਤ, ਡਾ. ਬਲਕਾਰ ਸਿੰਘ, ਏ.ਡੀ.ਓ ਡਾ. ਵਿਸ਼ਾਲ ਕੌਸਲ ਤੇ ਹੋਰ ਅਧਿਕਾਰੀ ਤੇ ਕਿਸਾਨ ਹਾਜ਼ਰ ਸਨ।

Check Also

ਸ਼੍ਰੋਮਣੀ ਕਮੇਟੀ ਨੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ ਪਾਸਪੋਰਟ ਮੰਗੇ

ਅੰਮ੍ਰਿਤਸਰ, 25 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਚਮ ਪਾਤਸ਼ਾਹ ਸ੍ਰੀ ਗੁਰੂ …