ਸਮਰਾਲਾ, 7 ਜੁਲਾਈ (ਇੰਦਰਜੀਤ ਸਿੰਘ ਕੰਗ) – ਚੋਣ ਵਰ੍ਹਾ ਹੋਣ ਦੇ ਬਾਵਜੂਦ ਇਸ ਵਾਰ ਪੂਰੇ ਪੰਜਾਬ ਵਿੱਚ ਬਿਜਲੀ ਸਪਲਾਈ ਦੇ ਅਤਿ ਮਾੜੇ ਪ੍ਰਬੰਧ ਹੋਣ ਕਾਰਨ,
ਆਮ ਲੋਕੀਂ ਵੱਡੇ-ਵੱਡੇ ਬਿਜਲੀ ਕੱਟਾਂ ਦਾ ਸਾਹਮਣਾ ਕਰ ਰਹੇ ਹਨ।ਖੇਤਾਂ ਵੱਚ ਕਿਸਾਨਾਂ ਦੁਆਰਾ ਲਗਾਇਆ ਝੋਨਾ ਸੁੱਕ ਰਿਹਾ ਹੈ।ਬਿਜਲੀ ਸਪਲਾਈ ਦੇ ਨਾਕਸ ਪ੍ਰਬੰਧਾਂ ਤੋਂ ਅੱਜ ਫਿਰ ਤੰਗ ਆ ਕੇ ਸਮਰਾਲਾ ਹਲਕੇ ਵਿੱਚ ਪੈਂਦੇ ਘੁੰਗਰਾਲੀ ਬਿਜਲੀ ਘਰ ਨੂੰ ਆਲੇ ਦੁਆਲੇ ਦੇ ਪਿੰਡਾਂ ਦੇ ਲੋਕਾਂ, ਭਾਰਤੀ ਕਿਸਾਨ ਯੂਨੀਅਨ ਦੋਆਬਾ ਅਤੇ ਹੋਰ ਕਿਸਾਨ ਜਥੇਬੰਦੀਆਂ ਨੇ ਘੇਰ ਲਿਆ ਅਤੇ ਬਿਜਲੀ ਬੋਰਡ ਤੇ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵਿਰੁੱਧ ਜ਼ੋਰਦਾਰੇ ਨਾਅਰੇਬਾਜ਼ੀ ਕੀਤੀ ਗਈ।ਹਾਜ਼ਰ ਲੋਕ ਮੰਗ ਕਰ ਰਹੇ ਸਨ ਕਿ ਪਿਛਲੇ ਕਈ ਦਿਨਾਂ ਤੋਂ ਘਰੇਲੂ ਅਤੇ ਖੇਤੀ ਸੈਕਟਰ ਦੀ ਬਿਜਲੀ ਸਪਲਾਈ ਦਾ ਅਤਿ ਮਾੜਾ ਹਾਲ ਹੈ, ਜਿਸ ਕਾਰਨ ਉਨ੍ਹਾਂ ਨੂੰ ਗਰਿੱਡ ਘੇਰਨ ਲਈ ਮਜਬੂਰ ਹੋਣਾ ਪਿਆ।ਭਾਰਤੀ ਕਿਸਾਨ ਯੂਨੀਅਨ (ਦੋਆਬਾ) ਦੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਬੌਂਦਲੀ ਅਤੇ ਬਲਾਕ ਪ੍ਰਧਾਨ ਸੁਖਜਿੰਦਰ ਸਿੰਘ ਦਿਆਲਪੁਰਾ ਨੇ ਕਿਹਾ ਕਿ ਬਿਜਲੀ ਦੇ ਨਾਕਸ ਪ੍ਰਬੰਧਾਂ ਕਰਕੇ ਪਿਛਲੇ ਮਹੀਨੇ 19 ਜੂਨ ਨੂੰ ਕਿਸਾਨਾਂ ਅਤੇ ਅਨੇਕਾਂ ਪਿੰਡਾਂ ਦੇ ਲੋਕਾਂ ਇਕੱਠੇ ਹੋ ਕੇ ਲੁਧਿਆਣਾ-ਚੰਡੀਗੜ੍ਹ ਨੈਸ਼ਨਲ ਹਾਈਵੇ ਜਾਮ ਕੀਤਾ ਸੀ।ਉਸ ਸਮੇਂ ਘੁਲਾਲ ਦੇ ਐਕਸੀਅਨ ਨੇ ਭਰੋਸਾ ਦਿਵਾਇਆ ਸੀ ਕਿ ਖੇਤੀ ਸੈਕਟਰ ਅਤੇ ਘਰੇਲੂ ਬਿਜਲੀ ਦੇ ਪ੍ਰਬੰਧਾਂ ਵਿੱਚ ਸੁਧਾਰ ਕੀਤਾ ਜਾਵੇਗਾ ਅਤੇ ਨਿਰਵਿਘਨ ਬਿਜਲੀ ਸਪਲਾਈ ਕੀਤੀ ਜਾਵੇਗੀ।ਪ੍ਰੰਤੂ ਪਿਛਲੇ ਕੁੱਝ ਦਿਨਾਂ ਤੋਂ ਘਰੇਲੂ ਅਤੇ ਟਿਊਬਵੈਲਾਂ ਨੂੰ ਬਿਜਲੀ ਸਪਲਾਈ ਦੇ ਵੱਡੇ-ਵੱਡੇ ਕੱਟ ਲਾਏ ਜਾ ਰਹੇ ਹਨ, ਜਿਸ ਕਾਰਨ ਖੇਤਾਂ ਵਿੱਚ ਖੜ੍ਹੀ ਝੋਨੇ ਦੀ ਫਸਲ ਗਰਮੀ ਕਾਰਨ ਝੁਲਸ ਰਹੀ ਹੈ ਅਤੇ ਆਮ ਲੋਕੀਂ ਹਾਲੋਂ ਬੇਹਾਲ ਹਨ।
ਵੱਡੀ ਗਿਣਤੀ ‘ਚ ਇਕੱਠੇ ਹੋਏ ਕਿਸਾਨ ਮੰਗ ਕਰ ਰਹੇ ਸਨ ਕਿ ਉਨ੍ਹਾਂ ਲਈ ਬਿਜਲੀ ਦਾ ਪ੍ਰਬੰਧ ਕੀਤਾ ਜਾਵੇ, ਨਹੀਂ ਤਾਂ ਉਨੀਂ ਦੇਰ ਘੁੰਗਰਾਲੀ ਗਰਿੱਡ ਨੂੰ ਘੇਰ ਕੇ ਰੱਖਿਆ ਜਾਵੇਗਾ।ਬਿਜਲੀ ਬੋਰਡ ਦੇ ਐਕਸੀਅਨ ਰਾਜੇਸ਼ ਕੁਮਾਰ ਨੇ ਭਰੋਸਾ ਦਿਵਾਇਆ ਕਿ ਪੰਜਾਬ ਟ੍ਰਾਂਸਮਿਸ਼ਨ ਓਵਰਲੋਡ ਹੋਣ ਕਾਰਨ ਬੀਤੀ ਰਾਤ 4 ਘੰਟੇ ਲਈ ਬਿਜਲੀ ਦੇ ਕੱਟ ਲਾਉਣੇ ਪਏ ਹਨ।ਇਸ ਸਬੰਧੀ ਉਨ੍ਹਾਂ ਦੀ ਪਟਿਆਲਾ ਵਿਖੇ ਗੱਲ ਹੋਈ ਹੈ, ਜਦੋਂ ਵੀ ਬਿਜਲੀ ਸਪਲਾਈ ਸਬੰਧੀ ਕੋਈ ਆਰਡਰ ਪ੍ਰਾਪਤ ਹੁੰਦਾ ਹੈ ਤਾਂ ਜਲਦੀ ਹੀ ਇਸ ਮੁਸ਼ਕਿਲ ਦਾ ਹੱਲ ਕੱਢ ਲਿਆ ਜਾਵੇਗਾ।
ਇਸ ਧਰਨੇ ਵਿੱਚ ਪ੍ਰਮੁੱਖ ਤੌਰ ‘ਤੇ ਬਲਵੀਰ ਸਿੰਘ ਖੀਰਨੀਆਂ ਮੀਤ ਪ੍ਰਧਾਨ ਕਿਸਾਨ ਯੂਨੀਅਨ, ਹਰਦੀਪ ਸਿੰਘ ਕੰਗ ਬਲਾਕ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ), ਗੁਰਪ੍ਰੀਤ ਸਿੰਘ ਸਾਹਬਾਣਾ, ਲਖਵੀਰ ਸਿੰਘ ਘਰਖਣਾ ਜ਼ਿਲ੍ਹਾ ਜਨਰਲ ਸਕੱਤਰ ਬੀ.ਐਸ.ਪੀ, ਗੁਰਜੀਤ ਸਿੰਘ ਦਿਆਲਪੁਰਾ, ਬਲਵੀਰ ਸਿੰਘ ਦਿਆਲਪੁਰਾ, ਗੁਰਜੰਟ ਸਿੰਘ ਦਿਆਲਪੁਰਾ, ਅਮਨ ਹੇਡੋਂ, ਗੱਬਰ ਸੰਗਤਪੁਰਾ, ਗੁਰਜੀਤ ਸਿੰਘ ਕੋਟਲਾ ਸਮਸ਼ਪੁਰ, ਜਤਿੰਦਰ ਸਿੰਘ ਮੱਲ ਮਾਜ਼ਰਾ, ਸੁਖਵਿੰਦਰ ਸਿੰਘ ਨੰਬਰਦਾਰ, ਗੁਰਿੰਦਰ ਸਿੰਘ ਮਾਨ, ਬਿੱਲਾ ਕੰਗ, ਮਨਪ੍ਰੀਤ ਸਿੰਘ ਕੰਗ, ਗੁਰਮੀਤ ਸਿੰਘ ਘਰਖਣਾ, ਸੁਰਮੁੱਖ ਸਿੰਘ ਭੰਗਲਾਂ ਆਦਿ ਤੋਂ ਇਲਾਵਾ ਉਪਰੋਕਤ ਪਿੰਡਾਂ ਦੇ ਸੈਂਕੜਿਆਂ ਦੀ ਗਿਣਤੀ ਵਿੱਚ ਕਿਸਾਨ ਅਤੇ ਆਮ ਲੋਕੀਂ ਹਾਜ਼ਰ ਸਨ।
Check Also
ਖਾਲਸਾ ਕਾਲਜ ਦੇ 119ਵੇਂ ਕਨਵੋਕੇਸ਼ਨ ਦੌਰਾਨ 1430 ਵਿਦਿਆਰਥੀਆਂ ਨੂੰ ਵੰਡੀਆਂ ਡਿਗਰੀਆਂ
ਅੰਮ੍ਰਿਤਸਰ, 23 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਹਰੇਕ ਵਿਦਿਆਰਥੀ ਦੀ ਜ਼ਿੰਦਗੀ ’ਚ ਡਿਗਰੀ ਵੰਡ …
Punjab Post Daily Online Newspaper & Print Media