ਅੰਮ੍ਰਿਤਸਰ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਸਾਬਕਾ ਮੰਤਰੀ ਅਤੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਸੁੱਚਾ ਸਿੰਘ ਲੰਗਾਹ ਨੇ ਉਨ੍ਹਾਂ ਨੂੰ ਪੰਥ ‘ਚ ਮੁੜ ਵਾਪਸੀ ਦੀ ਸ੍ਰੀ
ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਚਰਨਾਂ ‘ਚ ਅਰਦਾਸ ਬੇਨਤੀ ਕੀਤੀ ਅਤੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਵੀ ਭੁੱਲਾਂ-ਚੁੱਕਾਂ ਪ੍ਰਤੀ ਮੁਆਫ਼ੀ ਲਈ ਗੁਹਾਰ ਲਗਾਈ।101ਵੇਂ ਦਿਨ ਰੋਜ਼ਾਨਾ ਦੀ ਤਰਾਂ ਇੱਕ ਨਿਮਾਣੇ ਸਿੱਖ ਵਜੋਂ ਲਗਾਤਾਰ ਨੰਗੇ ਪੈਰੀਂ ਆ ਕੇ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਉਪਰੰਤ ਲੰਗਾਹ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਫ਼ਸੀਲ ਹੇਠਾਂ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕੀਤਾ।
ਉਨ੍ਹਾਂ ਪੱਤਰਕਾਰਾਂ ਦੇ ਸਾਹਮਣੇ ਭਾਵਕ ਹੁੰਦਿਆਂ ਸੰਤਾਂ ਮਹਾਪੁਰਸ਼ਾਂ, ਸਿੱਖ ਜਥੇਬੰਦੀਆਂ, ਸੰਪਰਦਾਵਾਂ, ਸਭਾ ਸੁਸਾਇਟੀਆਂ, ਸਿੱਖ ਸੰਸਥਾਵਾਂ, ਸਮੂਹ ਸਿੱਖ ਸੰਗਤ ਅਤੇ ਪੰਥ ਅੱਗੇ ਤਰਲਾ ਮਾਰਦਿਆਂ ਕਿਹਾ ਕਿ ਉਸ ਦਾ ਤਰਲਾ, ਮਿੰਨਤਾਂ ਤੇ ਮੇਰੀ ਫ਼ਰਿਆਦ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਤੋਂ ਕਬੂਲ ਕਰਵਾ ਕੇ ਉਸ ਭੁੱਲੇ ਭਟਕੇ ਨੂੰ ਮੁਆਫ਼ੀ ਦਿਵਾ ਕੇ ਪੰਥ ‘ਚ ਮੁੜ ਸ਼ਾਮਿਲ ਕੀਤਾ ਜਾਵੇ।ਉਨ੍ਹਾਂ ਕਿਹਾ ਕਿ ਉਸ ਦੇ ਮਾਤਾ ਪਿਤਾ 90-90 ਸਾਲ ਦੇ ਬਜ਼ੁਰਗ ਹਨ ਅਤੇ ਉਸ ਦੀ ਆਪਣੀ ਸਿਹਤ ਦਾ ਵੀ ਕੋਈ ਭਰੋਸਾ ਨਹੀਂ।ਬਜ਼ੁਰਗ ਮਾਤਾ ਪਿਤਾ ਜਿਉਂਦੇ ਜੀਅ ਪੁੱਤਰ ਨੂੰ ਪੰਥ ਵਿਚ ਮੁੜ ਸ਼ਾਮਿਲ ਹੋਇਆ ਦੇਖਣਾ ਚਾਹੁੰਦੇ ਹਨ।ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਮਹਾਨ ਹੈ, ਜੋ ਵੀ ਇਸ ਦੀ ਸ਼ਰਨ ‘ਚ ਆਉਂਦਾ ਹੈ ਮੁਆਫ਼ ਕੀਤਾ ਜਾਂਦਾ ਰਿਹਾ ਹੈ।ਪੰਜ ਸਿੰਘ ਸਾਹਿਬਾਨ ਜੋ ਵੀ ਆਦੇਸ਼ ਦੇਣ ਤੇ ਸਜ਼ਾ ਲਾਉਣ ਉਹ ਪ੍ਰਵਾਨ ਹੋਵੇਗੀ।
ਉਨ੍ਹਾਂ ਭਾਵਕ ਹੁੰਦਿਆਂ ਕਿਹਾ ਕਿ ਇਥੋਂ ਕਈ ਗੁਨਾਹਗਾਰ ਬਖ਼ਸ਼ੇ ਗਏ ਹਨ।ਇਤਿਹਾਸ ‘ਚ ਜਿਨ੍ਹਾਂ ਤੋਂ ਵੀ ਗ਼ਲਤੀਆਂ ਹੋਈਆਂ ਇਸ ਦਰ ਆਉਣ ‘ਤੇ ਸਭ ਨੂੰ ਗੁਰੂ ਸਾਹਿਬ ਨੇ ਆਪਣੇ ‘ਕੰਠਿ’ ਲਾਇਆ ਹੈ।ਉਨ੍ਹਾਂ ਕਿਹਾ ਕਿ ਮੁਆਫ਼ੀ ਮਿਲਣ ਤੱਕ ਉਹ ਇਕ ਨਿਮਾਣੇ ਸਿੱਖ ਵਜੋਂ ਜਥੇਦਾਰ ਅਕਾਲ ਤਖ਼ਤ ਸਾਹਿਬ ਨੂੰ ਵਾਰ-ਵਾਰ ਫ਼ਰਿਆਦ ਕਰਦਾ ਰਹੇਗਾ, ਕਿ ਉਸ ਵੱਲੋਂ ਜਾਣੇ ਅਨਜਾਣੇ ਹੋਈਆਂ ਭੁੱਲਾਂ ਨੂੰ ਮੁਆਫ਼ ਕਰਦਿਆਂ, ਉਸ ਨੂੰ ਸਿੱਖ ਪੰਥ ਵਿੱਚ ਮੁੜ ਸ਼ਾਮਿਲ ਕੀਤਾ ਜਾਵੇ।
Check Also
ਕਮਿਸ਼ਨਰੇਟ ਪੁਲਿਸ ਅਤੇ ਐਸ.ਓ.ਜੀ ਵਲੋਂ ਬੱਸ ਸਟੈਂਡ, ਰੇਲਵੇ ਸਟੇਸ਼ਨ ਅਤੇ ਹੋਰ ਇਲਾਕਿਆਂ ‘ਚ ਚੈਕਿੰਗ
ਅੰਮ੍ਰਿਤਸਰ, 21 ਅਪ੍ਰੈਲ (ਸੁਖਬੀਰ ਸਿੰਘ) – ਕਮਿਸ਼ਨਰ ਪੁਲਿਸ ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ.ਐਸ ਦੀਆਂ ਹਦਾਇਤਾਂ ‘ਤੇ …
Punjab Post Daily Online Newspaper & Print Media