ਜ਼ਿਲ੍ਹੇ ਵਿਚ 9, 10, 14 ਅਤੇ 16 ਸਤੰਬਰ ਨੂੰ ਲੱਗਣਗੇ ਮੈਗਾ ਰੋਜ਼ਗਾਰ ਮੇਲੇ
ਨਵਾਂਸ਼ਹਿਰ, 5 ਸਤੰਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਦੇ ‘ਘਰ-ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ’ ਤਹਿਤ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ 9, 10, 14 ਅਤੇ 16 ਸਤੰਬਰ ਨੂੰ ਲਗਾਏ ਜਾ ਰਹੇ ਮੈਗਾ ਰੁਜ਼ਗਾਰ ਮੇਲਿਆਂ ਵਿੱਚ ਜ਼ਿਲ੍ਹੇ ਦੇ 10 ਹਜ਼ਾਰ ਪ੍ਰਾਰਥੀਆਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਦਾ ਟੀਚਾ ਮਿੱਥਿਆ ਗਿਆ ਹੈ।ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਦੱਸਿਆ ਕਿ ਇਹ ਰੁਜ਼ਗਾਰ ਮੇਲੇ 9 ਅਤੇ 10 ਸਤੰਬਰ ਨੂੰ ਆਈ. ਟੀ.ਆਈ ਨਵਾਂਸ਼ਹਿਰ, 14 ਸਤੰਬਰ ਨੂੰ ਸਿੱਖ ਨੈਸ਼ਨਲ ਕਾਲਜ ਬੰਗਾ ਅਤੇ 16 ਸਤੰਬਰ ਨੂੰ ਰਿਆਤ ਇੰਸਟੀਚਿਊਟ ਰੈਲ ਮਾਜਰਾ, ਬਲਾਚੌਰ ਵਿਖੇ ਲਗਾਏ ਜਾ ਰਹੇ ਹਨ।ਸਵੇਰੇ 10.00 ਵਜੇ ਤੋਂ ਬਾਅਦ ਦੁਪਹਿਰ 3.00 ਵਜੇ ਤੱਕ ਲੱਗਣ ਵਾਲੇ ਇਨ੍ਹਾਂ ਰੁਜ਼ਗਾਰ ਮੇਲਿਆਂ ਵਿਚ ਦਸਵੀਂ, ਬਾਰ੍ਹਵੀਂ, ਗ੍ਰੈਜੂਏਟ ਅਤੇ ਆਈ.ਟੀ.ਆਈ ਪਾਸ ਬੇਰੁਜ਼ਗਾਰ ਉਮੀਦਵਾਰ ਭਾਗ ਲੈ ਸਕਦੇ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ ਮੇਲਿਆਂ ਵਿਚ ਵੱਖ-ਵੱਖ ਅਦਾਰੇ ਅਤੇ ਕੰਪਨੀਆਂ ਭਾਗ ਲੈਣਗੀਆਂ।ਉਨ੍ਹਾਂ ਦੱਸਿਆ ਕਿ ਰੁਜ਼ਗਾਰ ਮੇਲਿਆਂ ਵਿਚ ਭਾਗ ਲੈਣ ਲਈ ਕੋਵਿਡ-19 ਸਬੰਧੀ ਜਾਰੀ ਹਦਾਇਤਾਂ ਦੀ ਪਾਲਣਾ ਜ਼ਰੂਰੀ ਹੋਵੇਗੀ, ਜਿਨ੍ਹਾਂ ਵਿਚ ਸਮਾਜਿਕ ਦੂਰੀ ਤੋਂ ਇਲਾਵਾ ਮਾਸਕ ਪਾਉਣਾ ਲਾਜ਼ਮੀ ਹੋਵੇਗਾ। ਉਨ੍ਹਾਂ ਜ਼ਿਲ੍ਹੇ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਇਨ੍ਹਾਂ ਮੇਲਿਆਂ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕੀਤੀ।