ਘਰੇਲੂ ਬਗੀਚੀ ਸਕੀਮ ਤਹਿਤ ਸਬਜ਼ੀ ਬੀਜਾਂ ਦੀ ਮਿੰਨੀ ਕਿੱਟ ਕੀਤੀ ਜਾਰੀ
ਨਵਾਂਸ਼ਹਿਰ, 7 ਸਤੰਬਰ (ਪੰਜਾਬ ਪੋਸਟ ਬਿਊਰੋ) – ਕਿਸਾਨਾਂ ਨੂੰ ਆਪਣੇ ਘਰਾਂ ਵਿਚ ਹੀ ਘਰੇਲੂ ਬਗੀਚੀ ਤਹਿਤ ਜ਼ਹਿਰਾਂ ਤੋਂ ਰਹਿਤ ਸਬਜ਼ੀਆਂ ਦੀ ਕਾਸ਼ਤ ਕਰਨੀ ਚਾਹੀਦੀ ਹੈ, ਜਿਸ ਨਾਲ ਜਿਥੇ
ਉਹ ਆਪਣੀ ਆਮਦਨ ਵਿਚ ਵਾਧਾ ਕਰ ਸਕਦੇ ਹਨ, ਉਥੇ ਸ਼ੁੱਧ ਅਤੇ ਤਾਜ਼ੀ ਸਬਜ਼ੀ ਉਗਾ ਕੇ ਆਪਣੀ ਸਿਹਤ ਤੰਦਰੁਸਤ ਰੱਖ ਸਕਦੇ ਹਨ।ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਅੱਜ ਮਿਸ਼ਨ ਤੰਦਰੁਸਤ ਪੰਜਾਬ ਅਧੀਨ ਬਾਗਬਾਨੀ ਵਿਭਾਗ ਵੱਲੋਂ ਜ਼ਿਲ੍ਹੇ ਵਿਚ ਘਰੇਲੂ ਬਗੀਚੀ ਸਕੀਮ ਤਹਿਤ ਵੰਡੀਆਂ ਜਾਣ ਵਾਲੀਆਂ ਸਰਦ ਰੁੱਤ ਦੇ ਸਬਜ਼ੀ ਬੀਜਾਂ ਦੀ ਮਿੰਨੀ ਕਿੱਟ ਜਾਰੀ ਕਰਨ ਮੌਕੇ ਕੀਤਾ।ਉਨ੍ਹਾਂ ਕਿਹਾ ਕਿ ਸੰਤੁਲਿਤ ਖ਼ੁਰਾਕ ਵਿਚ ਸਬਜ਼ੀਆਂ ਦਾ ਖਾਸ ਮਹੱਤਵ ਹੈ।ਵਿਭਾਗ ਵੱਲੋਂ ਸਤੰਬਰ-ਅਕਤੂਬਰ ਮਹੀਨੇ ਦੌਰਾਨ ਜ਼ਿਲ੍ਹੇ ਵਿਚ 2400 ਸਬਜ਼ੀ ਬੀਜ਼ ਕਿੱਟਾਂ ਵੰਡੀਆਂ ਜਾ ਰਹੀਆਂ ਹਨ।ਉਨ੍ਹਾਂ ਦੱਸਿਆ ਕਿ ਇਨ੍ਹਾਂ ਕਿੱਟਾਂ ਵਿਚ 9 ਕਿਸਮ ਦੇ ਸਬਜ਼ੀ ਬੀਜ਼ ਹਨ, ਜਿਨ੍ਹਾਂ ਵਿਚ ਮੂਲੀ, ਗਾਜਰ, ਸ਼ਲਗਮ, ਮਟਰ, ਪਾਲਕ, ਮੇਥੀ, ਧਨੀਆ, ਬਰੌਕਲੀ ਅਤੇ ਚੀਨੀ ਸਰੋ੍ਹਂ ਸ਼ਾਮਲ ਹਨ।ਉਨ੍ਹਾਂ ਕਿਹਾ ਕਿ ਇਹ ਮੌਸਮ ਇਨ੍ਹਾਂ ਸਬਜ਼ੀਆਂ ਦੀ ਬਿਜਾਈ ਲਈ ਬਿਲਕੁੱਲ ਢੁੱਕਵਾਂ ਹੈ।ਸਹਾਇਕ ਡਾਇਰੈਕਟਰ ਬਾਗਬਾਨੀ ਜਗਦੀਸ਼ ਸਿੰਘ ਕਾਹਮਾ ਨੇ ਦੱਸਿਆ ਕਿ ਵਿਭਾਗ ਵੱਲੋਂ ਇਸ ਕਿੱਟ ਦੀ ਕੀਮਤ 90 ਰੁਪਏ ਰੱਖੀ ਗਈ ਹੈ। ਉਨ੍ਹਾਂ ਦੱਸਿਆ ਕਿ ਬਾਗਬਾਨੀ ਵਿਭਾਗ ਦੇ ਮੁੱਖ ਦਫ਼ਤਰ ਜਾਂ ਬਲਾਕ ਦਫ਼ਤਰਾਂ ਵਿਚੋਂ ਇਹ ਕਿੱਟਾਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ।
Punjab Post Daily Online Newspaper & Print Media