ਦੀਪ ਸਿੱਧੂ ਵਲੋਂ ਦਿੱਤੇ ਬਿਆਨ ਦੀ ਕੀਤੀ ਪੁਰਜ਼ੋਰ ਨਿਖੇਧੀ
ਸਮਰਾਲਾ, 23 ਸਤੰਬਰ (ਇੰਦਰਜੀਤ ਸਿੰਘ ਕੰਗ) – ਭਾਰਤੀ ਕਿਸਾਨ ਯੂਨੀਅਨ (ਦੋਆਬਾ) ਇਕਾਈ ਸਮਰਾਲਾ ਤੋਂ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਬਲਵੀਰ ਸਿੰਘ
ਖੀਰਨੀਆਂ ਅਤੇ ਜਰਨੈਲ ਸਿੰਘ ਜਨਰਲ ਸਕੱਤਰ ਜ਼ਿਲ੍ਹਾ ਲੁਧਿਆਣਾ ਦੀ ਅਗਵਾਈ ਹੇਠ ਦਿੱਲੀ ਵਿਖੇ ਚੱਲ ਰਹੇ ਕਿਸਾਨੀ ਸੰਘਰਸ਼ ਵਿੱਚ ਫਿਰ ਤੋਂ ਸ਼ਾਮਲ ਹੋਣ ਲਈ ਸਿੰਘੂ ਬਾਰਡਰ ਦਿੱਲੀ ਲਈ ਸਾਥੀਆਂ ਨਾਲ ਰਵਾਨਾ ਹੋਇਆ।ਜ਼ਿਲ੍ਹਾ ਪ੍ਰਧਾਨ ਬਲਵੀਰ ਸਿੰਘ ਖੀਰਨੀਆਂ ਨੇ ਗੱਲਬਾਤ ਕੲਦਿਆਂ ਕਿਹਾ ਕਿ ਅੱਜ ਹਰ ਇੱਕ ਪੰਜਾਬੀ ਦਾ ਮੁੱਢਲਾ ਫਰਜ਼ ਬਣਦਾ ਹੈ ਕਿ ਉਹ ਦਿੱਲੀ ਵਿਖੇ ਕੇਂਦਰ ਸਰਕਾਰ ਵਿਰੁੱਧ ਚੱਲ ਰਹੇ ਕਿਸਾਨੀ ਸੰਘਰਸ਼ ਵਿੱਚ ਆਪਣਾ ਯੋਗਦਾਨ ਪਾਉਣ ਅਤੇ ਵਾਰੋ ਵਾਰੀ ਦਿੱਲੀ ਦੇ ਬਾਰਡਰਾਂ ਤੇ ਕੁੱਝ ਦਿਨਾਂ ਲਈ ਰਹਿਣ ਤਾਂ ਜੋ ਮੋਦੀ ਸਰਕਾਰ ਤੋਂ ਕਿਸਾਨ ਵਿਰੋਧੀ ਬਿੱਲ ਵਾਪਸ ਕਰਵਾਏ ਜਾਣ।ਉਨਾਂ ਕਿਹਾ ਕਿ ਕਿਸਾਨੀ ਸੰਘਰਸ਼ ਜੋ ਕਰੀਬ ਪਿਛਲੇ 10 ਮਹੀਨਿਆਂ ਤੋਂ ਦਿੱਲੀ ਦੇ ਬਾਰਡਰਾਂ ‘ਤੇ ਚੱਲ ਰਿਹਾ ਹੈ, ਉਸ ਵਿੱਚ 650 ਦੇ ਕਰੀਬ ਕਿਸਾਨ ਸ਼ਹੀਦੀਆਂ ਪਾ ਚੁੱਕੇ ਹਨ।ਜਿਨ੍ਹਾਂ ਦੀ ਸ਼ਹਾਦਤ ਅੱਗੇ ਸਿਰ ਝੁੱਕਦਾ ਹੈ।
ਉਨ੍ਹਾਂ ਦੀਪ ਸਿੱਧੂ ਵਲੋਂ ਦਿੱਤੇ ਬਿਆਨ ਦੀ ਪੁਰਜ਼ੋਰ ਨਿੰਦਾ ਕੀਤੀ।ਜਿਸ ਵਿੱਚ ਉਸਨੇ ਕਿਹਾ ਕਿ ਦਿੱਲੀ ਮੋਰਚੇ ਵਿੱਚ ਕੇਵਲ 26 ਜਨਵਰੀ ਵਾਲੇ ਦਿਨ ਟਰੈਕਟਰ ਹਾਦਸੇ ਦੌਰਾਨ ਇੱਕ ਕਿਸਾਨ ਹੀ ਸ਼ਹੀਦ ਹੋਇਆ, ਬਾਕੀ ਕਿਸਾਨਾਂ ਦੀਆਂ ਕੁਦਰਤੀ ਮੌਤਾਂ ਹੋਈਆਂ ਹਨ।ਉਨਾਂ ਕਿਹਾ ਕਿ ਦੀਪ ਸਿੱਧੂ ਨੂੰ ਸਮੁੱਚੇ ਪੰਜਾਬੀਆਂ ਤੋਂ ਇਸ ਦੀ ਮੁਆਫੀ ਮੰਗਣੀ ਚਾਹੀਦੀ ਹੈ। ਉਨ੍ਹਾਂ ਆਖਿਆ ਕਿ ਅੱਜ ਸਾਡਾ ਜਥਾ ਦਿੱਲੀ ਜਾ ਰਿਹਾ ਹੈ, ਆਉਂਦੇ ਕੁੱਝ ਦਿਨਾਂ ਬਾਅਦ ਬੀ.ਕੇ.ਯੂ (ਦੋਆਬਾ) ਦੇ ਕਿਸਾਨਾਂ ਦਾ ਇੱਕ ਹੋਰ ਜਥਾ ਰਵਾਨਾ ਹੋਵੇਗਾ।
ਇਸ ਜਥੇ ਵਿੱਚ ਪ੍ਰਮੁੱਖ ਤੌਰ ‘ਤੇ ਜੀਵਨ ਸਿੰਘ ਮੱਲ ਮਾਜ਼ਰਾ, ਬਿੱਕਰ ਸਿੰਘ ਕੋਟਲਾ ਸਮਸ਼ਪੁਰ, ਬਲਜੀਤ ਸਿੰਘ ਕਟਾਣਾ ਸਾਹਿਬ, ਮਹਾਂ ਸਿੰਘ ਕਟਾਣਾ ਸਾਹਿਬ, ਹਰਜੀਤ ਸਿੰਘ ਕਟਾਣਾ ਸਾਹਿਬ ਆਦਿ ਤੋਂ ਇਲਾਵਾ ਬੀ.ਕੇ.ਯੂ (ਦੋਆਬਾ) ਦੇ ਦਰਜਨਾਂ ਦੀ ਗਿਣਤੀ ਵਿੱਚ ਵਰਕਰ ਸ਼ਾਮਲ ਸਨ।
Punjab Post Daily Online Newspaper & Print Media