Thursday, March 12, 2026

ਡਾ. ਮਨਜਿੰਦਰ ਸਿੰਘ ਨੇ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਦੇ ਮੁਖੀ ਵਜੋਂ ਸੰਭਾਲਿਆ ਅਹੁੱਦਾ

ਅੰਮ੍ਰਿਤਸਰ, 14 ਅਕਤੂਬਰ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਦੇ ਐਸੋਸੀਏਟ ਪ੍ਰੋਫੈਸਰ ਡਾ. ਮਨਜਿੰਦਰ ਸਿੰਘ ਨੇ ਬਤੌਰ 18ਵੇਂ ਮੁਖੀ ਵਜੋਂ ਅਹੁੱਦਾ ਸੰਭਾਲਦਿਆਂ ਕਿਹਾ ਹੈ ਕਿ ਉਹ ਪੰਜਾਬੀ ਭਾਸ਼ਾ, ਸਾਹਿਤ, ਸਭਿਆਚਾਰ ਦੇ ਵਿਕਾਸ ਨੂੰ ਸਮਰਪਿਤ ਰਹਿਣਗੇ ਅਤੇ ਵਿਭਾਗ ਨੂੰ ਤਰੱਕੀ ਵੱਲ ਲੈ ਕੇ ਜਾਣ ਦੇ ਲਈ ਕੰਮ ਕਰਨਗੇ।ਉਨ੍ਹਾਂ ਨੂੰ ਕੁਰਸੀ ਤੇ ਬਿਠਾਉਣ ਸਮੇਂ ਜਿਥੇ ਵਿਭਾਗ ਦੇ ਹੋਰ ਅਧਿਕਾਰੀ, ਅਧਿਆਪਕ, ਖੋਜ ਵਿਦਿਆਰਥੀ ਤੇ ਵਿਦਿਆਰਥੀ ਹਾਜ਼ਰ ਸਨ ਉਥੇ ਡਾ. ਦਲਬੀਰ ਸਿੰਘ (ਡੀਨ ਭਾਸ਼ਾਵਾਂ ਫ਼ੈਕਲਟੀ), ਡਾ. ਸਰਬਜਿੰਦਰ ਸਿੰਘ (ਡੀਨ ਫ਼ੈਕਲਟੀ ਆਫ਼ ਹਿਊਮੈਨਟੀਜ਼ ਐਂਡ ਰਿਲੀਜੀਅਸ ਸਟੱਡੀਜ਼), ਸਾਬਕਾ ਮੁਖੀ ਤੇ ਸੀਨੀਅਰ ਅਧਿਆਪਕ ਡਾ. ਰਮਿੰਦਰ ਕੌਰ, ਡਾ. ਮੇਘਾ ਸਲਵਾਨ, ਡਾ. ਹਰਿੰਦਰ ਕੌਰ, ਡਾ. ਬਲਜੀਤ ਕੌਰ, ਡਾ. ਪਵਨ ਕੁਮਾਰ, ਡਾ. ਇੰਦਰਪ੍ਰੀਤ ਕੌਰ, ਡਾ. ਜਸਪਾਲ ਸਿੰਘ, ਡਾ. ਕੰਵਲਜੀਤ ਕੌਰ, ਡਾ. ਕੰਵਲਦੀਪ ਕੌਰ, ਡਾ. ਹਰਿੰਦਰ ਸਿੰਘ ਹਾਜ਼ਰ ਸਨ ਜਿਨ੍ਹਾਂ ਵੱਲੋਂ ਉਨ੍ਹਾਂ ਨੂੰ ਗੁਲਦਸਤੇ ਭੇਂਟ ਕਰਕੇ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ ਉਥੇ ਉਨ੍ਹਾਂ ਦਾ ਮੁੰਹ ਮਿੱਠਾ ਵੀ ਕਰਵਾਇਆ ਗਿਆ।
                  ਡਾ. ਮਨਜਿੰਦਰ ਸਿੰਘ ਨੇ ਆਪਣੇ ਅਧਿਆਪਨ ਦਾ ਸਫ਼ਰ 2008 ਵਿਚ ਸ਼੍ਰੀ ਗੁਰੂ ਅੰਗਦ ਦੇਵ ਕਾਲਜ ਖਡੂਰ ਸਾਹਿਬ (ਤਰਨ-ਤਾਰਨ) ਤੋਂ ਆਰੰਭ ਕੀਤਾ ਸੀ ਅਤੇ ਉਹ 2014 ਤੋਂ ਲਗਾਤਾਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਵਿਖੇ ਅਸਿਸਟੈਂਟ ਪ੍ਰੋਫ਼ੈਸਰ ਦੇ ਤੌਰ ’ਤੇ ਕਾਰਜ਼ ਕਰ ਰਹੇ ਸਨ ਅਤੇ ਇਸ ਸਮੇਂ ਉਹ ਐਸੋਸੀਏਟ ਪ੍ਰੋਫੈਸਰ ਵਜੋਂ ਸੇਵਾਵਾਂ ਨਿਭਾਅ ਰਹੇ ਹਨ।ਉਨ੍ਹਾਂ ਦੀ ਇਸ ਨਿਯੁੱਕਤੀ `ਤੇ ਵੱਖ-ਵੱਖ ਸਾਹਿਤਕਾਰਾਂ ਨੇ ਵਧਾਈ ਸੰਦੇਸ਼ ਭੇਜੇ ਹਨ, ਉਥੇ ਯੂਨੀਵਰਸਿਟੀ ਦੀ ਬਾਕੀ ਫੈਕਲਟੀ ਵੱਲੋਂ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ ਤੇ ਆਸ ਪ੍ਰਗਟਾਈ ਗਈ ਹੈ ਕਿ ਉਨ੍ਹਾਂ ਦੀ ਅਗਵਾਈ ਵਿਚ ਯੂਨੀਵਰਸਟਿੀ ਦਾ ਪੰਜਾਬੀ ਅਧਿਐਨ ਸਕੂਲ ਤਰੱਕੀਆਂ ਦਾ ਛੂਹੇਗਾ।
            ਡਾ. ਮਨਜਿੰਦਰ ਸਿੰਘ ਦੇ ਅਧਿਐਨ ਦੀ ਵਿਸ਼ੇਸ਼ਤਾ ਦਾ ਖੇਤਰ ਭਾਸ਼ਾ ਵਿਗਿਆਨ ਅਤੇ ਗੁਰਬਾਣੀ ਹੈ।ਉਨ੍ਹਾਂ ਨੇ ਪੰਜਾਬੀ ਅਧਿਐਨ ਸਕੂਲ ਦੇ ਪ੍ਰਬੁੱਧ ਭਾਸ਼ਾ ਵਿਗਿਆਨੀ ਡਾ. ਪਰਮਜੀਤ ਸਿੰਘ ਸਿੱਧੂ ਦੀ ਨਿਗਰਾਨੀ ਹੇਠ ਪੀਐਚ.ਡੀ ਦਾ ਖੋਜ਼-ਕਾਰਜ਼ “ਗੁਰੂ ਗ੍ਰੰਥ ਸਾਹਿਬ ਵਿੱਚ ਦਰਜ਼ ਕਬੀਰ-ਬਾਣੀ ਦੀ ਅਰਥ ਵਿਗਿਆਨਕ ਜੁਗਤ” ਵਿਸ਼ੇ ਉਪਰ ਮੁਕੰਮਲ ਕੀਤਾ।ਉਨ੍ਹਾਂ ਦੀਆਂ ਹੁਣ ਤੱਕ 3 ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ।ਇਸ ਤੋਂ ਇਲਾਵਾ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਖੋਜ ਰਸਾਲਿਆਂ ਵਿੱਚ ਉਨ੍ਹਾਂ ਦੇ 40 ਤੋਂ ਵਧੇਰੇ ਖੋਜ-ਪੱਤਰ ਪ੍ਰਕਾਸ਼ਿਤ ਹੋ ਚੁੱਕੇ ਹਨ। ਹੁਣ ਤੱਕ ਉਨ੍ਹਾਂ ਨੇ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ ਦੀਆਂ ਕਾਨਫ਼ਰੰਸਾਂ ਅਤੇ ਸੈਮੀਨਾਰਾਂ ਵਿਚ 86 ਖੋਜ਼-ਪੱਤਰ ਪੇਸ਼ ਕੀਤੇ ਹਨ।
               ਡਾ. ਮਨਜਿੰਦਰ ਸਿੰਘ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) ਜਸਪਾਲ ਸਿੰਘ ਸੰਧੂ ਦੀ ਅਗਵਾਈ ਹੇਠ ਉਚੇਰੀ ਸਿੱਖਿਆ ਦੇ ਖੇਤਰ ਵਿਚ ਮਾਰੀਆਂ ਗਈਆਂ ਮੱਲਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਯੂਨੀਵਰਸਿਟੀ ਤੇ ਪੰੰਜਾਬੀ ਅਧਿਐਨ ਸਕੂਲ ਆਉਣ ਵਾਲੇ ਸਾਲਾਂ ਵਿਚ ਵੀ ਇੰਝ ਹੀ ਨਿਰੰਤਰ ਪ੍ਰਗਤੀ ਕਰਦਾ ਰਹੇਗਾ।ਉਨ੍ਹਾਂ ਕਿਹਾ ਕਿ ਇਹ ਯੂਨੀਵਰਸਿਟੀ ਵਿਦਿਅਕ, ਸਭਿਆਚਾਰਕ ਅਤੇ ਖੇਡਾਂ ਆਦਿ ਹਰੇਕ ਖੇਤਰ ਵਿਚ ਨਵੇਂ ਦਿਸਹੱਦੇ ਸਿਰਜ਼ ਰਹੀ ਹੈ ਅਤੇ ਉਪ-ਕੁਲਪਤੀ ਦੀ ਦੂਰ ਅੰਦੇਸ਼ੀ ਸੋਚ ਸਦਕਾ ਪੰਜਾਬੀ ਭਾਸ਼ਾ, ਸਾਹਿਤ ਤੇ ਸਭਿਆਚਾਰ ਦੇ ਵਿਕਾਸ ਵਿਚ ਨਿਰੰਤਰ ਕਾਰਜ਼ ਹੋ ਰਹੇ ਹਨ। ਪੰਜਾਬੀ ਭਾਸ਼ਾ, ਸਾਹਿਤ ਤੇ ਸਭਿਆਚਾਰ ਦੇ ਵਿਕਾਸ ਲਈ ਆਪਣੀ ਵਚਨਬੱਧਤਾ ਦੁਹਰਾਉਂਦਿਆਂ ਕਿਹਾ ਕਿ ਵਿਭਾਗ ਵਿਚ ਜਿਥੇ ਵੱਖ ਵੱਖ ਪ੍ਰੋਗਰਾਮ ਕਰਵਾਏ ਜਾਣਗੇ ਉਥੇ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਵੀ ਹੋਰ ਸੰਭਵ ਉਪਰਾਲੇ ਕੀਤੇ ਜਾਣਗੇ।

Check Also

ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …