Wednesday, August 26, 2026

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਐਜੂਕੇਸ਼ਨ ਕਾਲਜਾਂ ਦਾ ਜ਼ੋਨਲ ਯੁਵਕ ਮੇਲਾ ਆਰੰਭ

ਵਿਦਿਆਰਥੀਆਂ ਨੂੰ ਸਾਕਾਰਤਮਕ ਸੋਚ ਨਾਲ ਜੀਵਨ ‘ਚ ਅੱਗੇ ਵਧਣਾ ਚਾਹੀਦਾ ਹੈ-ਆਈ.ਜੀ ਬਾਰਡਰ ਰੇਂਜ਼
ਅੰਮ੍ਰਿਤਸਰ, 26 ਅਕਤੂਬਰ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਐਜੂਕੇਸ਼ਨ ਕਾਲਜਾਂ ਦੇ ਦੋ ਰੋਜ਼ਾ ਜ਼ੋਨਲ ਯੁਵਕ ਮੇਲੇ ਨੂੰ ਸੰਬੋਧਨ ਕਰਦਿਆਂ ਆਈ.ਜੀ ਬਾਰਡਰ ਰੇਂਜ ਅੰਮ੍ਰਿਤਸਰ ਮੋਹਿਨੀਸ਼ ਚਾਵਲਾ ਨੇ ਕਿਹਾ ਹੈ ਕਿ ਇਕ ਸਾਕਾਰਾਤਮਕ ਸੋਚ ਦੇ ਨਾਲ ਹੀ ਵਿਦਿਆਰਥੀਆਂ ਨੂੰ ਅਗਾਂਹ ਵੱਧਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਤੁਹਾਡੇ ਆਲੇ ਦੁਆਲੇ ਕਿੰਨੇ ਵੀ ਨਾਕਾਰਤਮਕ ਹਾਲਾਤ ਹੋਣ ਪਰ ਸਾਕਾਰਤਮਕ ਸੋਚ ਨਾਲ ਉਹ ਆਪਣੇ ਟੀਚੇ `ਤੇ ਪਹੁੰਚ ਸਕਦੇੇ ਹਨ।ਵਿਦਿਆਰਥੀਆਂ ਨਾਲ ਆਪਣੇ ਵਿਦਿਆਰਥੀ ਜੀਵਨ ਦੀਆਂ ਯਾਦਾਂ ਸਾਂਝੀਆਂ ਕਰਦਿਆਂ ਉਨ੍ਹਾਂ ਨੇ ਪੜ੍ਹਾਈ ਦੇ ਨਾਲ ਨਾਲ ਸਹਿ ਗਤੀਵਿਧੀਆਂ ਵਿਚ ਹਿੱਸਾ ਲੈਣ ਲਈ ਪ੍ਰੇਰਿਆ।
                   ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਵਲੋਂ ਸਮਾਜ ਦੇ ਹਿੱਤ ਵਿੱਚ ਕੀਤੇ ਕਾਰਜ਼ ਹੀ ਉਨ੍ਹਾਂ ਦੀ ਪਹਿਚਾਣ ਦਾ ਆਧਾਰ ਬਣਦੇ ਹਨ।ਜਿੰਨੀ ਤੇਜ਼ੀ ਨਾਲ ਸਮਾਜਿਕ ਹਲਾਤ ਬਦਲ ਰਹੇ ਹਨ, ਓਨੀ ਤੇਜ਼ੀ ਦੇ ਨਾਲ ਹੀ ਬਦਲ ਰਹੀ ਸੋਚ `ਤੇ ਵੀ ਵਿਦਿਆਰਥੀਆਂ ਦੀ ਨਜ਼ਰ ਹੋਣੀ ਚਾਹੀਦੀ ਹੈ।
                ਇਸ ਤੋਂ ਪਹਿਲਾਂ ਉਨ੍ਹਾਂ ਦਾ ਇਥੇ ਪੁੱਜਣ `ਤੇ ਡੀਨ ਵਿਦਿਆਰਥੀ ਭਲਾਈ ਅਤੇ ਯੁਵਕ ਭਲਾਈ ਵਿਭਾਗ ਦੇ ਇੰਚਾਰਜ਼ ਪ੍ਰੋ. ਅਨੀਸ਼ ਦੂਆ ਨੇ ਨਿੱਘਾ ਸਵਾਗਤ ਕੀਤਾ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀਆਂ ਵੱਖ-ਵੱਖ ਖੇਤਰਾਂ ਵਿੱਚ ਪ੍ਰਾਪਤ ਕੀਤੀਆਂ ਗਈਆਂ ਉਪਲਬਧੀਆਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. ਜਸਪਾਲ ਸਿੰਘ ਸੰਧੂ ਦੀ ਅਗਵਾਈ ਹੇਠ ਯੂਨੀਵਰਸਿਟੀ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਰੁਚੀਆਂ ਤੋਂ ਇਲਾਵਾ ਪੜ੍ਹਾਈ ਦੇ ਲਈ ਕੈੈਂਪਸ ਵਿਚ ਇਕ ਚੰਗਾ ਮਾਹੌਲ ਬਣਾ ਕੇ ਦਿੱਤਾ ਜਾ ਰਿਹਾ ਹੈ।ਉਨ੍ਹਾਂ ਨੇ ਯੁਵਕ ਮੇਲੇ ਕਰਵਾਉਣ ਦੇ ਮਕਸਦ ਤੋਂ ਵੀ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ।ਬਲਜੀਤ ਸਿੰਘ ਸੇਖੋਂ ਸਲਾਹਕਾਰ ਅਤੇ ਹੋਰ ਸਟਾਫ ਮੈਂਬਰ ਵੀ ਇਸ ਸਮੇਂ ਮੌਜ਼ੂਦ ਸਨ।
                ਸ਼ਮ੍ਹਾਂ ਰੋਸ਼ਨ ਕਰਨ ਉਪਰੰਤ ਯੁਵਕ ਮੇਲੇ ਦੀ ਆਰੰਭਤਾ ਕੀਤੀ ਗਈ ਅਤੇ ਮੁੱਖ ਮਹਿਮਾਨ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ।ਦਸਮੇਸ਼ ਆਡੀਟੋਰੀਅਮ ਦੀ ਸਟੇਜ `ਤੇ ਯੁਵਕ ਮੇਲੇ ਦੀ ਸ਼ੁਰੂਆਤ ਸਮੂਹ ਸ਼ਬਦ/ਭਜਨ ਗਾਇਨ ਨਾਲ ਹੋਈ।ਜਿਸ ਤੋਂ ਬਾਅਦ ਸਮੂਹ ਗੀਤ ਭਾਰਤੀ, ਗੀਤ ਗਜ਼ਲ, ਲੋਕ ਗੀਤਾਂ ਦੇ ਵਿਚ ਵਿਦਿਆਰਥੀਆਂ ਨੇ ਆਪਣੀ ਉਤਮ ਕਲਾ ਦਾ ਪ੍ਰਦਰਸ਼ਨ ਕੀਤਾ ਜਿਨ੍ਹਾਂ ਨੂੰ ਮਾਹਿਰ ਜੱਜਾਂ ਦੀਆਂ ਪਾਰਖੂ ਨਜ਼ਰਾਂ ਪਰਖਦੀਆਂ ਰਹੀਆਂ। ਇਸੇ ਤਰ੍ਹਾਂ ਆਰਕੀਟੈਕਚਰ ਵਿਭਾਗ ਦੀ ਸਟੇਜ `ਤੇ ਵਿਦਿਆਰਥੀ ਕਲਕਾਰਾਂ ਵੱਲੋਂ ਪੇਂਟਿੰਗ ਆਨ ਦ ਸਪੋਟ, ਕਾਰਟੂਨਿੰਗ, ਪੋਸਟਰ ਮੇਕਿੰਗ, ਕੋਲਾਜ਼, ਸਕੈਚਿੰਗ, ਕਲੇਅ ਮਾਡਲਿੰਘ, ਸਲੋਗਨ ਰਾਈਟਿੰਗ, ਪੇਂਟਿੰਗ ਸਟਿਲ ਲਾਈਫ ਵਿਚ ਹਿੱਸਾ ਲਿਆ ਗਿਆ ਅਤੇ ਬਦਲਦੀ ਦੁਨੀਆਂ ਨੂੰ ਆਪਣੀ ਕਲਾ ਰਾਹੀਂ ਪ੍ਰਦਰਸ਼ਤ ਕੀਤਾ। ਅੱਜ ਦੇ ਦਿਨ ਯੂਨੀਵਰਸਿਟੀ ਕਾਨਫਰੰਸ ਹਾਲ ਵਿਚ ਕੁਇਜ਼ ਮੁਕਾਬਲੇ ਕਰਵਾਏ ਗਏ ਜਿਸ ਵਿਚ ਵੱਖ-ਵੱਖ ਕਾਲਜਾਂ ਦੀਆਂ ਟੀਮਾਂ ਨੇ ਭਾਗ ਲਿਆ ਅਤੇ ਕੁਇਜ਼ ਮੁਕਾਬਲੇ ਨੂੰ ਦਿਲਚਸਪ ਮੋੜ ਦਿੱਤੇ।
                   ਪ੍ਰੋ. ਦੂਆ ਨੇ 26 ਅਕਤੂਬਰ ਨੂੰ ਹੋਣ ਵਾਲੇ ਮੁਕਾਬਲਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਜੂਕੇਸ਼ਨ ਕਾਲਜਾਂ ਦੇ ਜ਼ੋਨਲ ਯੁਵਕ ਮੇਲੇ ਦੇ ਆਖਰੀ ਦਿਨ ਦਸਮੇਸ਼ ਆਡੀਟੋਰੀਅਮ ਵਿਚ ਹੀ ਵਿਦਿਆਰਥਣਾਂ ਦਾ ਗਿੱਧਾ ਵਿਸ਼ੇਸ਼ ਖਿੱਚ ਦਾ ਕੇਂਦਰ ਹੋਵੇਗਾ।ਜਿਸ ਤੋਂ ਇਲਾਵਾ ਕਾਸਟਿਊਮ ਪਰੇਡ, ਸਕਿਟ, ਮਮਿਕਰੀ ਵਿਚ ਵੀ ਵਿਦਿਆਰਥੀ ਦਸਮੇਸ਼ ਆਡੀਟੋਰੀਅਮ ਵਿਚ ਹੀ ਆਪਣੀ ਕਲਾ ਦਾ ਪ੍ਰਦਰਸ਼ਨ ਕਰਨਗੇ ਜਦੋਂਕਿ ਕਾਨਫਰੰਸ ਹਾਲ ਦੇ ਵਿਚ ਐਲੋਕਿਊਸ਼ਨ, ਪੋਇਟੀਕਲ ਸਿੰਮਪੋਜ਼ੀਅਮ, ਡੀਬੇਟ ਦੇ ਮੁਕਾਬਲੇ ਹੋਣਗੇ ਅਤੇ ਲੈਕਚਰ ਥੀਏਟਰ ਕੰਪਲੈਕਸ ਵਿਚ ਰੰਗੋਲੀ, ਫੁਲਕਾਰੀ ਅਤੇ ਮਹਿੰਦੀ ਦੇ ਮੁਕਾਬਲਿਆਂ ਵਿਚ ਵੱਖ ਵੱਖ ਕਾਲਜਾਂ ਦੇ ਵਿਦਿਆਰਥੀ ਹਿੱਸਾ ਲੈਣਗੇ। ਉਨ੍ਹਾਂ ਨੇ ਸਰਕਾਰੀ/ਕਾਂਸਟੀਚੁਐਂਟ ਕਾਲਜਾਂ/ਐਸੋਸੀਏਟ ਇੰਸਟੀਚਿਊਟਸ ਦਾ 29 ਤੋਂ 31 ਅਕਤੂਬਰ, ਡੀ ਜ਼ੋਨ (ਕਪੂਰਥਲਾ, ਨਵਾਂ ਸ਼ਹਿਰ) ਦਾ 6 ਤੋਂ 9 ਨਵੰਬਰ, ਸੀ ਜ਼ੋਨ (ਜਲੰਧਰ) ਦਾ 12 ਤੋਂ 15 ਨਵੰਬਰ ਅਤੇ ਏ ਜ਼ੋਨ (ਅੰਮ੍ਰਿਤਸਰ) ਦਾ ਜ਼ੋਨਲ ਯੁਵਕ ਮੇਲਾ 26 ਤੋਂ 29 ਨਵੰਬਰ ਤਕ ਚੱਲੇਗਾ।

Check Also

BBK DAV College for Women bags top University Position in Gndu Exams

Amritsar,  August 25 (Punjab Post Bureau) – BBK DAV College for Women has once again …