Sunday, April 19, 2026

ਜਿਲ੍ਹੇ ਵਿੱਚ ਬਣਾਇਆ ਜਾਵੇ ਕਿਸਾਨਾਂ ਦਾ ਟੈਕਨਾਲਜੀ ਗਰੁੱਪ – ਅੰਗਦ ਸਿੰਘ

ਪੰਜਾਬ ਸਰਕਾਰ ਨੇ ਪਰਾਲੀ ਨਾ ਸਾੜਣ ਲਈ ਵੱਡੇ ਪੱਧਰ ‘ਤੇ ਵਿੱਢੀ ਮੁਹਿੰਮ – ਡਾ. ਰਾਜ ਕੁਮਾਰ

ਨਵਾਂਸ਼ਹਿਰ ਨਵੰਬਰ (ਪੰਜਾਬ ਪੋਸਟ ਬਿਊਰੋ) – ਕਿਸਾਨਾਂ ਨੂੰ ਹਾੜੀ ਦੀਆਂ ਫਸਲਾਂ ਬਾਰੇ ਤਕਨੀਕੀ ਜਾਣਕਾਰੀ ਦੇਣ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ  ਵਲੋਂ ਜ਼ਿਲ੍ਹਾ ਪੱਧਰ ਦਾ ਕਿਸਾਨ ਮੇਲਾ ਦੋਆਬਾ ਮਿਲਨ ਪੈਲੇਸ ਮੱਲਪੁਰ ਅੜ੍ਹਕਾਂ ਵਿਖੇ ਲਗਾਇਆ ਗਿਆ।ਮੇਲੇ ਵਿਚ ਅੰਗਦ ਸਿੰਘ ਵਿਧਾਇਕ ਹਲਕਾ ਨਵਾਂਸ਼ਹਿਰ ਨੇ ਬਤੌਰ ਮੁੱਖ ਮਹਿਮਾਨ ਮੇਲੇ ਦਾ ਉਦਘਾਟਨ ਕੀਤਾ।ਮਾਨਯੋਗ ਸ੍ਰੀ ਵਿਰਾਜ ਤਿੜਕੇ ਆਈ.ਏ.ਐਸ ਉਪਮੰਡਲ ਮੈਜਿਸਟ੍ਰੇਟ ਬੰਗਾ ਸ਼ਹੀਦ ਭਗਤ ਸਿੰਘ ਨਗਰ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ।
                ਵਿਧਾਇਕ ਅੰਗਦ ਸਿੰਘ ਨੇ ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖੇਤੀਬਾੜੀ ਦੀ ਤਕਨੀਕੀ ਜਾਣਕਾਰੀ ਦੇਣ ਲਈ ਜ਼ਿਲ੍ਹੇ ਵਿਚ ਕਿਸਾਨਾਂ ਦਾ ਫੇਸਬੁੱਕ ਅਤੇ ਇਨਫਰਮੇਸ਼ਨ ਟੈਕਨਾਲਜੀ ਗਰੁੱਪ ਤਿਆਰ ਕੀਤਾ ਜਾਵੇ ਤਾਂ ਜੋ ਥੋੜੇ ਸਮੇਂ ਦੇ ਵਿਚ ਵੱਧ ਤੋਂ ਵੱਧ ਕਿਸਾਨਾਂ ਨੂੰ ਪੰਜਾਬ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਸਾਇੰਸਦਾਨਾਂ ਵਲੋਂ ਸਮੇਂ ਸਮੇਂ ਤੇ ਕੀਤੀਆਂ ਜਾਂਦੀਆਂ ਖੋਜਾਂ ਦਾ ਗਿਆਨ ਕਿਸਾਨਾਂ ਤੱਕ ਪਹੁੰਚਾਇਆ ਜਾ ਸਕੇ।ਉਹਨਾਂ ਇਹ ਵੀ ਕਿਹਾ ਕਿ ਪੰਜਾਬ ਵਿਚ ਕਿਸਾਨਾਂ ਵਲੋਂ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਲਈ ਵੱਖ ਵੱਖ ਸਕੀਮਾਂ ਤਹਿਤ ਸੁਪਰਸੀਡਰ, ਪੈਡੀ ਸਟਰਾਅ ਚੌਪਰ, ਮਲਚਰ, ਜ਼ੀਰੋਟਿੱਲ ਡਰਿੱਲ ਅਤੇ ਸੁਪਰ ਐੱਸ.ਐੱਮ.ਐੱਸ (ਸੁਪਰ ਸਟਰਾਅ ਮੈਨੇਜ਼ਮੈਂਟ ਸਿਸਟਮ) ਆਦਿ ਖੇਤੀ ਮਸ਼ੀਨਰੀ 50 ਤੋਂ 80 % ਤੱਕ ਉਪਦਾਨ ਤੇ ਕਿਸਾਨਾਂ ਅਤੇ ਕਿਸਾਨ ਗਰੁੱਪਾਂ ਨੂੰ ਮੁਹੱਈਆ ਕਰਵਾਈ ਜਾ ਰਹੀ ਹੈ ,ਤਾਂ ਜੋ ਕਿਸਾਨ ਝੋਨੇ ਦੀ ਪਰਾਲੀ ਨੂੰ ਅੱਗ ਲਗਾਏ ਬਿਨਾਂ ਕਣਕ ਦੀ ਬਿਜ਼ਾਈ ਕਰ ਸਕਣ।ਉਹਨਾਂ ਦੱਸਿਆ ਕਿ ਫਸਲਾਂ ਦੀ ਰਹਿੰਦ ਖੁਹੰਦ ਨੂੰ ਅੱਗ ਲਗਾਉਣ ਨਾਲ ਧੂਏ ਵਿਚੋਂ ਬਹੁਤ ਹਾਨੀਕਾਰਕ ਗੈਸਾਂ ਪੈਦਾ ਹੁੰਦੀਆਂ ਹਨ।ਜਿਸ ਦਾ ਮੱਨੁਖੀ ਜੀਵਨ ਤੇ ਬਹੁਤ ਮਾੜਾ ਪ੍ਰਭਾਵ ਪੈਂਦਾ ਹੈ।ਇਸ ਤੋਂ ਇਲਾਵਾ ਧਰਤੀ ਦੀ ਉਪਰਲੀ ਪਰਤ ਵਿਚ ਮੌਜੂਦ ਕਿਰਸਾਨੀ ਦੇ ਮਿੱਤਰ ਕੀੜੇ ਖੇਤਾਂ ਦੀ ਅੱਗ ਵਿਚ ਨਸ਼ਟ ਹੋ ਜਾਂਦੇ ਹਨ ਅਤੇ ਪਰਾਲੀ ਨੂੰ ਅੱਗ ਲਗਾਉਣ ਨਾਲ ਪਰਾਲੀ ਵਿਚ ਮੌਜ਼ੂਦ ਤੱਤ ਜਿਵੇਂ ਕਿ ਨਾਈਟਰੋਜਨ, ਫਾਸਫੋਰਸ, ਪੋਟਾਸ਼ੀਅਮ, ਸਲਫਰ ਅਤੇ ਜੈਵਿਕ ਮਾਦਾ ਨਸ਼ਟ ਹੋ ਜਾਂਦੇ ਹਨ ਜਿਸ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਘਟਦੀ ਹੈ।ਪੰਜਾਬ ਸਰਕਾਰ ਵਲੋਂ ਕੀਤੇ ਗਏ ਵਾਅਦੇ ਅਨੁਸਾਰ ਕਿਸਾਨਾਂ ਦਾ ਕਰਜ਼ਾ ਮੁਆਫ ਕੀਤਾ ਗਿਆ ਹੈ।ਉਹਨਾਂ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ਕਿਸਾਨਾਂ ਦੀ ਝੋਨੇ ਦੀ ਫਸਲ ਦਾ ਦਾਣਾ ਦਾਣਾ ਚੱਕਣ ਲਈ ਬਚਨਬੱਧ ਹੈ।ਇਸ ਕਿਸਾਨ ਮੇਲੇ ਵਿਚ ਵਿਧਾਇਕ ਅੰਗਦ ਸਿੰਘ ਵਲੋਂ ਖੇਤੀਬਾੜੀ ਵਿਭਾਗ ਅਤੇ ਸਹਿਯੋਗੀ ਮਹਿਕਮਿਆਂ ਅਤੇ ਸੈਲਫ ਹੈਲਪ ਗੁਰੱਪਾਂ ਵਲੋਂ ਲਗਾਈਆਂ ਗਈਆਂ ਪ੍ਰਦਰਸ਼ਨੀਆਂ ਦਾ ਦੌਰਾ ਕੀਤਾ।
ਮਾਨਯੋਗ ਵਿਰਾਜ ਤਿੜਕੇ ਉਪ ਮੰਡਲ ਮੈਜਿਸਟ੍ਰੇਟ ਬੰਗਾ ਸ਼ਹੀਦ ਭਗਤ ਸਿੰਘ ਨਗਰ ਨੇ ਕਿਸਾਨਾਂ ਨੂੰ ਸਬੋਧਨ ਕਰਦਿਆਂ ਦੱਸਿਆ ਕਿ ਜ਼ਿਲ੍ਹੇ ਵਿਚ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਅਤੇ ਹੋਰ ਫਸਲਾਂ ਦੀ ਰਹਿੰਦ ਖੂਹੰਦ ਨੂੰ ਅੱਗ ਲਗਾਉਣ ਤੋਂ ਰੋਕਣ ਲਈ ਜਾਗਰੁਕਤਾ ਮੁਹਿੰਮ ਚਲਾਈ ਜਾ ਰਹੀ ਹੈ।ਜਿਸ ਤਹਿਤ 155 ਕਿਸਾਨ ਸਿਖਲਾਈ ਕੈਂਪ ਲਗਾਏ ਗਏ ਹਨ।ਜਿਸ ਦੇ ਸਿੱਟੇ ਵਜੋਂ ਜਿਲ੍ਹੇ ਵਿੱਚ ਪਿਛਲੇ ਸਾਲਾਂ ਦੇ ਮੁਕਾਬਲੇ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਵਿੱਚ ਵੱਡੇ ਪੱਧਰ ‘ਤੇ ਗਿਰਾਵਟ ਦਰਜ਼ ਕੀਤੀ ਗਈ ਹੈ।
                ਕ੍ਰਿਸ਼ੀ ਵਿਗਿਆਨ ਕੇਂਦਰ ਲੰਗੜੋਆ ਤੋਂ ਡਾ. ਅਮਨਦੀਪ ਸਿੰਘ ਬਰਾੜ ਡਿਪਟੀ ਡਾਇਰੈਕਟਰ ਕੇ.ਵੀ.ਕੇ. ਲੰਗੜੋਆ ਅਤੇ ਉਹਨਾਂ ਦੀ ਸਮੁੱਚੀ ਟੀਮ ਵਲੋਂ ਕਿਸਾਨਾਂ ਨੂੰ ਵੱਖ-ਵੱਖ ਵਿਸ਼ਿਆਂ ਤੇ ਭਰਪੂਰ ਤਕਨੀਕੀ ਜਾਣਕਾਰੀ ਦਿੱਤੀ ਗਈ।ਡਾ. ਜਸਵਿੰਦਰ ਕੁਮਾਰ ਨੇ ਸਟੇਜ਼ ਸਕੱਤਰ ਦੀ ਸੇਵਾ ਨਿਭਾਈ।ਇਸ ਮੋਕੇ ਡਾ. ਰਾਜ ਕੁਮਾਰ ਖੇਤੀਬਾੜੀ ਅਫਸਰ ਨਵਾਂਸ਼ਹਿਰ, ਡਾ. ਲਛਮਣ ਸਿੰਘ ਏ.ਪੀ.ਪੀ.ਓ, ਡਾ. ਲੇਖ ਰਾਜ ਖੇਤੀਬਾੜੀ ਅਫਸਰ ਔੜ, ਡਾ. ਕੁਲਦੀਪ ਸਿੰਘ ਏ.ਡੀ.ਓ (ਟੀ.ਏ.), ਡਾ. ਸੁਰਿੰਦਰ ਕੁਮਾਰ ਖੇਤੀਬਾੜੀ ਅਫਸਰ, ਬਲਾਚੌਰ ਅਤੇ ਡਾ. ਦਰਸ਼ਨ ਲਾਲ ਖੇਤੀਬਾੜੀ ਅਫਸਰ ਬੰਗਾ, ਡਾ. ਹਰਪਿੰਦਰ ਸਿੰਘ ਏ.ਸੀ.ਡੀ.ਓ ਡਾ. ਕਮਲਦੀਪ ਸਿੰਘ ਪ੍ਰੋਜਕੈਟ ਡਾਇਰੈਕਟਰ ਆਤਮਾ, ਸ੍ਰੀਮਤੀ ਨੀਨਾ ਕੰਵਰ ਅਤੇ ਪਰਮਵੀਰ ਡੀ.ਪੀ.ਡੀ ਹਾਜ਼ਰ ਸਨ।
                  ਇਸ ਤੋਂ ਇਲਾਵਾ ਨਿਰਮਲ ਸਿੰਘ ਕੰਗਰੌੜ, ਸਵਰਨ ਸਿੰਘ, ਮਹਿੰਦਰ ਸਿੰਘ ਖਾਲਸਾ, ਉਤਮ ਸਿੰਘ ਨਾਮਧਾਰੀ ਸੀਡ ਸਟੋਰ, ਯੁੱਧਵੀਰ ਸਿੰਘ, ਗੁਰਨਾਮ ਸਿੰਘ ਕਰਨਾਣਾ, ਬਲਵੀਰ ਸਿੰਘ ਟੱਪਰੀਆਂ, ਬਲਦੇਵ ਸਿੰਘ ਬੀਕਾ, ਸ੍ਰੀਮਤੀ ਚਰਨਜੀਤ ਕੌਰ ਬੈਂਸ, ਸੁਰਜੀਤ ਸਿੰਘ ਲੰਗੇਰੀ, ਗੁਰਮੀਤ ਸਿੰਘ ਕਾਹਮਾ, ਚਮਨ ਸਿੰਘ ਭਾਨਮਜਾਰਾ, ਬਲਦੇਵ ਸਿੰਘ, ਨਿਰਮਲ ਸਿੰਘ ਰੀਹਲ ਆਦਿ ਹਾਜ਼ਰ ਸਨ।ਜਿਲ੍ਹੇ ਦੇ ਵੱਖ-ਵੱਖ ਹਿੱਸਿਆਂ ਤੋਂ 700 ਤੋਂ ਵੱਧ ਕਿਸਾਨ ਨੇ ਇਸ ਕੈਂਪ ਵਿੱਚ ਭਾਗ ਲਿਆ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ – ਪ੍ਰੋ. ਕਰਮਜੀਤ ਸਿੰਘ

ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …