Sunday, April 26, 2026

ਪੰਜਾਬ ਦੀ ਸ਼ਾਂਤੀ ਅਤੇ ਤਰੱਕੀ ਲਈ ਰਾਘਵ ਚੱਢਾ ਨੇ ਸ੍ਰੀ ਰਾਮ ਤੀਰਥ ਵਿਖੇ ਕੀਤੀ ਪੂਜਾ

ਕਿਹਾ, ਉਪ ਮੁੱਖ ਮੰਤਰੀ ਦੇ ਜਵਾਈ ਨੂੰ ਏ.ਜੀ ਬਣਾਉਣਾ ਪੰਜਾਬ ਨਾਲ ਵਿਸ਼ਵਾਸ਼ਘਾਤ

ਅੰਮ੍ਰਿਤਸਰ, 9 ਨਵੰਬਰ (ਸੁਖਬੀਰ ਸਿੰਘ) – ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਕੌਮੀ ਬੁਲਾਰੇ, ਪੰਜਾਬ ਮਾਮਲਿਆਂ ਦੇ ਸਹਿ ਇੰਚਾਰਜ਼ ਅਤੇ ਦਿੱਲੀ ਦੇ ਵਿਧਾਇਕ ਰਾਘਵ ਚੱਢਾ ਨੇ ਪਵਿੱਤਰ ਰਮਾਇਣ ਦੇ ਰਚੇਤਾ ਭਗਵਾਨ ਬਾਲਮੀਕਿ ਦੇ ਪਵਿੱਤਰ ਮੰਦਰ ਸ੍ਰੀ ਰਾਮ ਤੀਰਥ ਧਾਮ ਵਿੱਚ ਮੱਥਾ ਟੇਕ ਕੇ ਅਸ਼ਰੀਵਾਦ ਲਿਆ ਅਤੇ ਉਨ੍ਹਾਂ ਪੰਜਾਬ ਦੀ ਸ਼ਾਂਤੀ ਅਤੇ ਤਰੱਕੀ ਲਈ ਪੂਜਾ ਕੀਤੀ।
                 ਸੋਮਵਾਰ ਨੂੰ ਪੰਜਾਬ ਦੌਰੇ ’ਤੇ ਆਏ ਰਾਘਵ ਚੱਢਾ ਰਾਮ ਤੀਰਥ ਧਾਮ ਪਹੁੰਚੇ ਅਤੇ ਉਨ੍ਹਾਂ ਭਗਵਾਨ ਬਾਲਮੀਕਿ ਦੀ ਮੂਰਤੀ ਅੱਗੇ ਮੱਥਾ ਟੇਕ ਕੇ ਅਸ਼ੀਰਵਾਦ ਲਿਆ।ਉਨ੍ਹਾਂ ਕਿਹਾ, ‘‘ਭਗਵਾਨ ਬਾਲਮੀਕਿ ਬ੍ਰਹਮ ਗਿਆਨ ਦੇ ਸਾਗਰ, ਰਮਾਇਣ ਦੇ ਰਚੇਤਾ ਅਤੇ ਸਿੱਖਿਆ ਦੇ ਸੋਮੇ ਸਨ।ਇਸ ਲਈ ਸਾਨੂੰ ਸਾਰਿਆਂ ਨੂੰ ਭਗਵਾਨ ਬਾਲਮੀਕਿ ਦੇ ਦਿਖਾਏ ਮਾਰਗ ’ਤੇ ਚੱਲਣ ਦਾ ਯਤਨ ਕਰਨਾ ਚਾਹੀਦਾ ਹੈ।’’
                 ਮੀਡੀਆ ਨਾਲ ਗੱਲਬਾਤ ਕਰਦਿਆਂ ਰਾਘਵ ਚੱਢਾ ਨੇ ਕਾਂਗਰਸ ਸਰਕਾਰ ’ਤੇ ਪੰਜਾਬ ਨਾਲ ਧੋਖ਼ਾ ਕਰਨ ਦਾ ਦੋਸ਼ ਲਾਇਆ।ਉਨ੍ਹਾਂ ਕਿਹਾ ਕਿ ਕਾਂਗਰਸ ਦੀ ਘਰ- ਘਰ ਰੋਜ਼ਗਾਰ ਮੁਹਿੰਮ ਭਾਵੇਂ ਹੀ ਪੰਜਾਬ ਦੇ ਤਿੰਨ ਕਰੋੜ ਲੋਕਾਂ ਲਈ ਝੂਠੀ, ਪਰ ਸੱਤਾਧਾਰੀ ਕਾਂਗਰਸ ਦੇ ਆਗੂਆਂ ਲਈ ਇਹ ਵਰਦਾਨ ਸਿੱਧ ਹੋਈ ਹੈ।ਕਾਂਗਰਸ ਦੀ ਕੈਪਟਨ ਸਰਕਾਰ ਵਾਂਗ ਹੁਣ ਚੰਨੀ ਸਰਕਾਰ ਨੇ ਵੀ ਆਪਣੇ ਆਗੂਆਂ ਦੇ ਜਵਾਈਆਂ, ਬੇਟੇ ਤੇ ਬੇਟੀਆਂ ਨੂੰ ਸਰਕਾਰੀ ਨੌਕਰੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ।
ਰਾਘਵ ਚੱਢਾ ਨੇ ਕਿਹਾ ਕਿ ਤਾਜ਼ਾ ਮਾਮਲਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਜਵਾਈ ਤਰੁਣਬੀਰ ਸਿੰਘ ਲਹਿਲ ਨੂੰ ਪੰਜਾਬ ਗ੍ਰਹਿ ਵਿਭਾਗ ਵਿੱਚ ਨਿਯੁੱਕਤੀ ਦੇਣ ਦਾ ਹੈ।ਕਾਂਗਰਸ ਸਰਕਾਰ ਨੇ ਸੋਮਵਾਰ ਨੂੰ ਤਰੁਣਬੀਰ ਸਿੰਘ ਲਹਿਲ ਨੂੰ ਐਡੀਸ਼ਨਲ ਐਡਵੋਕੇਟ ਜਨਰਲ ਦੇ ਅਹੁੱਦੇ ’ਤੇ ਨਿਯੁੱਕਤ ਕੀਤਾ ਹੈ।ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਦੇ ਹਿੱਤ ਵਿੱਚ ਸੋਚਣ ਦਾ ਡਰਾਮਾ ਕਰਨ ਵਾਲੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਨੂੰ ਆਪਣੇ ਜਵਾਈ ਨੂੰ ਇਹ ਨੌਕਰੀ ਦੇਣ ਤੋਂ ਪਹਿਲਾਂ ਪੰਜਾਬ ਦੇ ਲੱਖਾਂ ਬੇਰੁਜ਼ਗਾਰਾਂ ਦੀ ਯਾਦ ਕਿਉਂ ਨਹੀਂ ਆਈ?
                   ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਕਾਂਗਰਸ ਵੱਲੋਂ ਕੀਤੇ ਜਾ ਰਹੇ ਵਿਸ਼ਵਾਸ਼ਘਾਤ ਤੋਂ ਚੰਗੀ ਤਰ੍ਹਾਂ ਜਾਣੂ ਹਨ ਅਤੇ ਆਉਂਦੀਆਂ ਚੋਣਾ ਵਿੱਚ ਕਾਂਗਰਸ ਨੂੰ ਕਰਾਰਾ ਜਵਾਬ ਦੇਣਗੇ।

Check Also

ਈ.ਟੀ.ਓ ਵੱਲੋਂ ਜੰਡਿਆਲਾ ਗੁਰੂ ਵਿੱਚ ਬਿਜਲੀ ਪ੍ਰਣਾਲੀ `ਚ ਸੁਧਾਰ ਅਤੇ ਸ਼ਹਿਰੀ ਸੁੰਦਰੀਕਰਨ ਲਈ ਵੱਡਾ ਪ੍ਰੋਜੈਕਟ ਸ਼ੁਰੂ

ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਵੱਲੋਂ …