ਸੰਗਰੂਰ, 7 ਦਸੰਬਰ (ਜਗਸੀਰ ਲੌਂਗੋਵਾਲ) – ਪੰਜਾਬ ਫੈਡਰੇਸ਼ਨ ਆਫ ਯੂਨੀਵਰਸਿਟੀ ਐਂਡ ਕਾਲਜਿਜ਼ ਟੀਚਰਜ਼ ਆਰਗੇਨਾਈਜੇਸ਼ਨ ਦੇ ਸੱਦੇ ‘ਤੇ ਪੰਜਾਬ
ਐਗਰੀਕਲਚਰਲ ਯੂਨੀਵਰਸਿਟੀ ਟੀਚਰਜ਼ ਐਸੋ਼ਸੀਏਸ਼ਨ ਦੇ ਬੈਨਰ ਹੇਠ ਸੰਗਰੂਰ ਸਥਿਤ ਫਾਰਮ ਸਲਾਹਕਾਰ ਸੇਵਾ ਕੇਂਦਰ, ਅਤੇ ਕ੍ਰਿਸ਼ੀ ਵਿਗਿਆਨ ਕੇਂਦਰ, ਦੇ ਸਮੁੱਚੇ ਵਿਗਿਆਨੀਆਂ ਵਲੋਂ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰਦਿਆਂ ਧਰਨਾ ਦਿੱਤਾ ਗਿਆ।ਇਹ ਧਰਨਾ ਪੰਜਾਬ ਸਰਕਾਰ ਵਲੋਂ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਦੀਆਂ ਹਦਾਇਤਾਂ ਦੀ ਉਲੰਘਣਾ ਕਰਕੇ ਅਧਿਆਪਕ ਵਰਗ ਲਈ ਤਨਖਾਹ ਸਕੇਲ ਯੂ.ਜੀ.ਸੀ ਤਨਖਾਹ ਸਕੇਲਾਂ ਤੋਂ ਡੀ ਲਿੰਕ ਕਰਨ, ਨਵੀਂ ਪੈਨਸ਼ਨ ਸਕੀਮ ਅਤੇ ਨਵੇਂ ਭਰਤੀ ਹੋਏ ਵਿਗਿਆਨੀਆਂ ਨੂੰ ਪਿਛਲੇ ਇੱਕ ਸਾਲ ਤੋਂ ਤਨਖਾਹ ਦੇਣ ਵਿੱਚ ਕੀਤੀ ਜਾ ਰਹੀ ਟਾਲ-ਮਟੋਲ ਦੇ ਖਿਲਾਫ ਦਿੱਤਾ ਗਿਆ।
ਧਰਨੇ ਨੂੰ ਸੰਬੋਧਨ ਕਰਦਿਆਂ ਡਾ. ਬੂਟਾ ਸਿੰਘ ਰੋਮਾਣਾ ਅਤੇ ਡਾ. ਮਨਦੀਪ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਤੈਸ਼ ਕੀਤਾ ਗਿਆ ਯੂ.ਜੀ.ਸੀ ਪੇਅ ਸਕੇਲਾਂ ਤੋਂ ਵੱਖਰਾ ਤਨਖਾਹ ਸਕੇਲ, ਜੋ ਕਿ ਦੁਜੇ ਰਾਜਾਂ ਦੇ ਮੁਕਾਬਲੇ ਬਹੁਤ ਹੀ ਘੱਟ ਹੈ, ਪੰਜਾਬ ਦੇ ਸਮੁੱਚੇ ਸਿੱਖਿਆ ਢਾਂਚੇ ਲਈ ਤਬਾਹਕੁੰਨ ਹੋਵੇਗਾ।ਕਿਉਂਕਿ ਇਹ ਫੈਸਲਾ ਉਚੇਰੀ ਸਿੱਖਿਆ ਵੱਲ ਆਉਣ ਵਾਲੇ ਨੌਜਵਾਨ ਵਰਗ ਨੂੰ ਨਿਰਉਤਸ਼ਾਹਿਤ ਕਰਨ ਵਾਲਾ ਹੀ ਨਹੀਂ ਸਗੋਂ ਭਵਿੱਖ ਵਿੱਚ ਪੰਜਾਬ ਤੋਂ ਬਾਹਰ ਹੋਰ ਉਚੇਰੀਆਂ ਪਦਵੀਆਂ ਉੱਪਰ ਭਰਤੀ ਲਈ ਪੰਜਾਬ ਦੇ ਇਹਨਾਂ ਅਧਿਆਪਕਾਂ ਦੀ ਉਮੀਦਵਾਰੀ ਨੂੰ ਵੀ ਕਮਜੋਰ ਕਰੇਗਾ ਇਹ ਯੂਨੀਵਰਸਿਟੀ ਅਤੇ ਕਾਲਜ ਅਧਿਆਪਕ ਵਰਗ ਲਈ ਅੱਗੇ ਵਧਣ ਦੇ ਬਰਾਬਰ ਮੌਕਿਆਂ ਦੇ ਸੰਵਿਧਾਨਕ ਹੱਕਾਂ ਉਪਰ ਹਮਲਾ ਹੈ ਜੋ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ।ਉਨਾਂ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਇਹ ਫੈਸਲਾ ਵਾਪਿਸ ਲਵੇ ਅਤੇ ਸੱਤਵੇਂ ਯੂ.ਜੀ.ਸੀ ਪੇਅ ਸਕੇਲ ਤੁਰੰਤ ਲਾਗੂ ਕਰੇ। ਉਹਨਾਂ ਕਿਹਾ ਕਿ ਹਰ ਮੁਲਾਜ਼ਮ ਆਪਣੀ ਜਿੰਦਗੀ ਦਾ ਸੁਨਹਿਰੀ ਸਮਾਂ ਲੋਕ ਰਾਜ ਦੀ ਸੇਵਾ ਵਿੱਚ ਲਗਾ ਦਿੰਦਾ ਹੈ ਪ੍ਰੰਤੂ ਸੇਵਾ ਨਵ੍ਰਿਤੀ ਤੋਂ ਬਾਅਦ ਨਵੀਂ ਪੈਨਸ਼ਨ ਸਕੀਮ ਤਹਿਤ ਉਸਨੂੰ ਲਾਵਾਰਿਸ ਕਰ ਦਿੱਤਾ ਜਾਂਦਾ ਹੈ, ਜੋਕਿ ਕਿਸੇ ਰਾਜ ਲਈ ਕਲੰਕ ਕਹਿਣਾ ਸਹੀ ਹੋਵੇਗਾ।ਇਸ ਲਈ ਪੰਜਾਬ ਸਰਕਾਰ ਆਪਣੇ ਚੋਣ ਵਾਅਦੇ ਨੂੰ ਪੂਰਾ ਕਰਦਿਆਂ ਨਵੀ ਪੈਨਸ਼ਨ ਸਕੀਮ ਨੂੰ ਰੱਦ ਕਰਕੇ ਤੁਰੰਤ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰੇ।ਉਨਾਂ ਮੰਗ ਕੀਤੀ ਕਿ ਪਿਛਲੇ ਇੱਕ ਸਾਲ ਤੋਂ ਭਰਤੀ ਹੋਏ ਨਵੇਂ ਵਿਗਿਆਨੀ, ਜੋ ਕਿ ਬਿਨਾਂ ਤਨਖਾਹ ਦੇ ਕੰਮ ਕਰ ਰਹੇ ਹਨ,ਉਨ੍ਹਾਂ ਦੀ ਤਨਖਾਹ ਤੁਰੰਤ ਜ਼ਾਰੀ ਕੀਤੀ ਜਾਵੇ।ਆਗੂਆਂ ਨੇ ਦੱਸਿਆ ਗਿਆ ਕਿ ਜੇਕਰ ਪੰਜਾਬ ਸਰਕਾਰ ਵਲੋਂ ਇਹਨਾਂ ਮੰਗਾਂ ਉਪਰ ਕੋਈ ਹਾਂ ਪੱਖੀ ਫੈਸਲਾ ਨਹੀ ਲਿਆ ਜਾਂਦਾ ਤਾਂ ਅਗਲੇ ਦਿਨਾਂ ਵਿੱਚ ਪੰਜਾਬ ਫੈਡਰੇਸ਼ਨ ਆਫ ਯੂਨੀਵਰਸਿਟੀ ਐਂਡ ਕਾਲਜਿਜ਼ ਟੀਚਰਜ਼ ਆਰਗੇਨਾਈਜੇਸ਼ਨ ਦੇ ਬੈਨਰ ਥੱਲੇ ਸੰਗਰੂਰ ਵਿਖੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਅਤੇ ਸਮੁੱਚੇ ਕਾਲਜ ਅਧਿਆਪਕ ਵਰਗ ਵਲੋਂ ਵਡੇ ਪੱਧਰ ਦਾ ਰੋਸ ਪ੍ਰਦਰਸ਼ਨ ਪ੍ਰੋਗਰਾਮ ਉਲੀਕਿਆ ਜਾਵੇਗਾ।
Check Also
ਛੀਨਾ ਨੇ ਖਾਲਸਾ ਯੂਨੀਵਰਸਿਟੀ ਦਾ ਆਨਲਾਈਨ ‘ਐਡਮਿਸ਼ਨ ਪੋਰਟਲ’ ਕੀਤਾ ਜਾਰੀ
ਅੰਮ੍ਰਿਤਸਰ, 9 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਯੂਨੀਵਰਸਿਟੀ ਦਾ ਨਵਾਂ ‘ਐਡਮਿਸ਼ਨ ਪੋਰਟਲ’ ਵਿਦਿਆਰਥੀਆਂ ਲਈ …
Punjab Post Daily Online Newspaper & Print Media