Sunday, April 12, 2026

ਪੰਜਾਬ ਦੇ ਲੋਕਾਂ ਨਾਲ ਚੰਦ-ਤਾਰੇ ਤੋੜ ਕੇ ਲਿਆਉਣ ਦੇ ਵਾਅਦੇ ਕਰਨ ਤੋਂ ਪਹਿਲਾਂ ਦਿੱਲੀ `ਚ ਕਾਰਗੁਜ਼ਾਰੀ ਦਿਖਾਉਣ ਕੇਜਰੀਵਾਲ

ਸਰਕਾਰ ਸੂਬੇ ‘ਚ ਹਰ ਕੀਮਤ `ਤੇ ਸ਼ਾਂਤੀ ਅਤੇ ਸਦਭਾਵਨਾ ਬਣਾਈ ਰੱਖਣ ਲਈ ਵਚਨਬੱਧ

ਪਠਾਨਕੋਟ, 24 ਦਸੰਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਇਥੇ ਕਿਹਾ ਕਿ ਪੰਜਾਬ ਦੇ ਲੋਕਾਂ ਨਾਲ ਚੰਦ-ਤਾਰੇ ਤੋੜ ਕੇ ਲਿਆਉਣ ਦੇ ਵਾਅਦੇ ਕਰਨ ਤੋਂ ਪਹਿਲਾਂ, ਆਮ ਆਦਮੀ ਪਾਰਟੀ ਮੁੱਖੀ ਅਰਵਿੰਦ ਕੇਜਰੀਵਾਲ ਦਿੱਲੀ `ਚ ਆਪਣੀ ਕਾਰਗੁਜ਼ਰੀ ਦਿਖਾਉਣ।ਪੰਜਾਬ ‘ਚ ਸੂਬਾ ਸਰਕਾਰ ਆਮ ਲੋਕਾਂ ਦੇ ਹਿੱਤਾਂ ਦੀ ਬਾਖੂਬੀ ਰਾਖੀ ਕਰ ਰਹੀ ਹੈ, ਕੇਜਰੀਵਾਲ ਨੂੰ ਉਨ੍ਹਾਂ ਦੀ ਚਿੰਤਾ ਕਰਨ ਦੀ ਲੋੜ ਨਹੀਂ।
ਅੱਜ ਤਲਵਾੜਾ ਜੱਟਾਂ ਤੋਂ ਸਿੰਬਲੀ ਗੁੱਜ਼ਰਾਂ ਤੱਕ ਬਣਾਏ ਵੱਡਾ ਪੁੱਲ ਲੋਕਾਂ ਨੂੰ ਸਮਰਪਿਤ ਕਰਨ ਤੋਂ ਬਾਅਦ, ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ `ਆਪ` ਸੁਪਰੀਮੋ ਪੰਜਾਬ ਦੀ ਦੌਲਤ `ਤੇ ਨਜ਼ਰ ਰੱਖ ਰਹੇ ਹਨ, ਜਿਸ ਕਾਰਨ ਉਹ ਲੋਕਾਂ ਨੂੰ ਲੁਭਾਉਣ ਲਈ ਹਵਾਈ ਕਿਲ੍ਹੇ ਬਣਾ ਰਹੇ ਹਨ।ਉਨ੍ਹਾਂ ਕੇਜਰੀਵਾਲ ਨੂੰ ਚੁਣੌਤੀ ਦਿੱਤੀ ਕਿ ਪੰਜਾਬੀਆਂ ਦੇ ਸਾਹਮਣੇ ਝੂਠ ਦੇ ਪੁਲੰਦੇ ਫੋਲਣ ਤੋਂ ਪਹਿਲਾਂ ਉਹ ਪੰਜਾਬ ਸਰਕਾਰ ਵਾਂਗ ਦਿੱਲੀ ਵਾਸੀਆਂ ਨੂੰ ਸਸਤੀ ਬਿਜਲੀ ਅਤੇ ਪੈਟਰੋਲ ਦੇਣ ਦਾ ਐਲਾਨ ਕਰਨ ਦੀ ਹਿੰਮਤ ਕਰੇ।ਮੁੱਖ ਮੰਤਰੀ ਚੰਨੀ ਨੇ ਕਿਹਾ ਕਿ `ਆਪ` ਲੀਡਰਸ਼ਿਪ ਨੂੰ ਇੱਕ ਮੋਟੀ ਜਿਹੀ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਅਣਖੀ ਪੰਜਾਬੀ ਕਿਸੇ ਵੀ ਬਾਹਰਲੇ ਵਿਅਕਤੀ ਨੂੰ ਰਾਜ ਕਰਨ ਦੀ ਹਰਗਿਜ਼ ਇਜਾਜ਼ਤ ਨਹੀਂ ਦੇਣਗੇ।
                       ਮੁੱਖ ਮੰਤਰੀ ਨੇ ਕੇਜਰੀਵਾਲ ਨੂੰ ਯਾਦ ਕਰਵਾਇਆ ਕਿ ਪੰਜਾਬ ਸਰਕਾਰ ਪੂਰੇ ਉਤਰੀ ਖੇਤਰ ਵਿੱਚ ਸਭ ਤੋਂ ਸਸਤਾ ਪੈਟਰੋਲ ਅਤੇ ਡੀਜ਼ਲ ਆਪਣੇ ਲੋਕਾਂ ਨੂੰ ਮੁਹੱਈਆ ਕਰਵਾ ਰਹੀ ਹੈ ਅਤੇ ਇਸੇ ਤਰ੍ਹਾਂ ਪੂਰੇ ਦੇਸ਼ ਨਾਲੋਂ ਸੂਬੇ ਵਿੱਚ ਬਿਜਲੀ ਦੀਆਂ ਦਰਾਂ ਸਭ ਤੋਂ ਸਸਤੀਆਂ ਹਨ।
              ਉਨ੍ਹਾਂ ਕਿਹਾ ਕਿ ਕੇਜਰੀਵਾਲ ਪੰਜਾਬ ਵਿੱਚ ਆ ਕੇ ਲੋਕਾਂ ਨੂੰ ਭਰਮਾਉਣ ਲਈ ਕਈ ਤਰ੍ਹਾਂ ਦੇ ਝੂਠੇ ਐਲਾਨ ਕਰਨ ਤੋਂ ਪਹਿਲਾਂ ਦਿੱਲੀ ਵਿੱਚ ਪੰਜਾਬ ਵਾਂਗ ਆਮ ਆਦਮੀ ਦੇ ਏਜੰਡੇ ਨੂੰ ਲਾਗੂ ਕਰਨ।ਉਨ੍ਹਾਂ ਆਪਣੀ ਸਰਕਾਰ ਵਲੋਂ ਲਏ ਗਏ ਕਈ ਲੋਕ ਪੱਖੀ ਫੈਸਲਿਆਂ ਦੀ ਸੂਚੀ ਗਿਣਵਾਉਂਦਿਆਂ ਕਿਹਾ ਕਿ ਬਿਜਲੀ ਬਿੱਲਾਂ ਦੇ 1500 ਕਰੋੜ ਰੁਪਏ ਦੇ ਬਕਾਏ ਮੁਆਫ ਕੀਤੇ ਗਏ ਹਨ, ਘਰੇਲੂ ਖਪਤਕਾਰਾਂ ਲਈ ਬਿਜਲੀ ਦਰਾਂ ਪ੍ਰਤੀ ਯੂਨਿਟ ਤਿੰਨ ਰੁਪਏ ਘਟਾਈਆਂ ਗਈਆਂ ਹਨ। ਪੇਂਡੂ ਖੇਤਰਾਂ ਵਿੱਚ ਜਲ ਸਪਲਾਈ ਘਰਾਂ ਦੀਆਂ ਮੋਟਰਾਂ ਦੇ ਸਬੰਧ ਵਿੱਚ 1200 ਕਰੋੜ ਰੁਪਏ ਮੁਆਫ ਕੀਤੇ ਗਏ ਹਨ, ਜਲ ਸਪਲਾਈ ਦੇ ਪਾਣੀ ਦੇ ਮਾਸਿਕ ਖਰਚੇ ਘਟਾ ਕੇ 50 ਰੁਪਏ ਕੀਤੇ ਗਏ ਹਨ ਅਤੇ ਰੇਤ ਦੇ ਰੇਟ ਬਹੁਤ ਘੱਟ ਕੀਤੇ ਗਏ ਹਨ।ਮੁੱਖ ਮੰਤਰੀ ਨੇ ਕਿਹਾ ਕਿ ਇਹ ਹੀ ਆਮ ਆਦਮੀ ਦਾ ਏਜੰਡਾ ਹੈ ਅਤੇ ਪੰਜਾਬ ਸਰਕਾਰ ਆਮ ਆਦਮੀ ਨੂੰ ਲਾਭ ਪਹੁੰਚਾਉਣ ਲਈ ਇਸ ਨੂੰ ਪੂਰੇ ਜੋਸ਼ ਨਾਲ ਲਾਗੂ ਕਰ ਰਹੀ ਹੈ।ਮੁੱਖ ਮੰਤਰੀ ਚੰਨੀ ਨੇ ਕਿਹਾ ਉਹ ਆਮ ਆਦਮੀ ਦੀਆਂ ਮੁਸ਼ਕਲਾਂ ਨੂੰ ਜਾਣਦੇ ਹਨ।
ਬਾਦਲਾਂ ਅਤੇ ਕੈਪਟਨ ਅਮਰਿੰਦਰ ਸਿੰਘ `ਤੇ ਤਿੱਖਾ ਹਮਲਾ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਲੁਟੇਰਿਆਂ ਨੇ ਡਰੱਗ ਮਾਫੀਆ ਨੂੰ ਪਨਾਹ ਦੇ ਕੇ ਇਸ ਦੀ ਸਰਪ੍ਰਸਤੀ ਕੀਤੀ ਹੈ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਹੁਣ ਸਰਕਾਰ ਨੇ ਬਿਕਰਮ ਸਿੰਘ ਮਜੀਠੀਆ ਦੇ ਮਾੜੇ ਕੰਮਾਂ ਲਈ ਉਸ `ਤੇ ਮੁਕੱਦਮਾ ਦਰਜ਼ ਕਰ ਲਿਆ ਹੈ, ਜਿਸ ਕਾਰਨ ਉਹ ਗ੍ਰਿਫਤਾਰੀ ਤੋਂ ਬਚਣ ਲਈ ਏਧਰ-ਓਧਰ ਭੱਜ ਰਿਹਾ ਹੈ।ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਕਾਰੋਬਾਰ ਵਿੱਚ ਸ਼ਾਮਲ ਹਰ ਵਿਅਕਤੀ ਨੂੰ ਸੂਬੇ ਅਤੇ ਇਥੋਂ ਦੇ ਲੋਕਾਂ ਨਾਲ ਧ੍ਰੋਹ ਕਮਾਉਣ ਦੇ ਗੁਨਾਹਗਾਰ ਵਜੋਂ ਲੈ ਕੇ ਉਨ੍ਹਾਂ `ਤੇ ਨੱਥ ਪਾਈ ਜਾਵੇਗੀ।
                        ਸੂਬੇ ਵਿੱਚ ਹਰ ਕੀਮਤ `ਤੇ ਅਮਨ-ਸ਼ਾਂਤੀ ਅਤੇ ਸਦਭਾਵਨਾ ਬਣਾਈ ਰੱਖਣ ਦਾ ਅਹਿਦ ਲੈਂਦਿਆਂ ਉਨਾਂ ਕਿਹਾ ਕਿ ਸੂਬੇ ਦੀਆਂ ਦੁਸ਼ਮਣ ਤਾਕਤਾਂ ਸੂਬੇ ਨੂੰ ਅਸਥਿਰ ਕਰਨ `ਤੇ ਤੁਲੀਆਂ ਹੋਈਆਂ ਹਨ, ਪਰ ਪੰਜਾਬ ਦੇ ਲੋਕਾਂ ਦੀ ਮਦਦ ਨਾਲ, ਇਨ੍ਹਾਂ ਤਾਕਤਾਂ ਦੇ ਨਾਪਾਕ ਮਨਸੂਬਿਆਂ ਨੂੰ ਨਾਕਾਮ ਕੀਤਾ ਜਾਵੇਗਾ।ਪੰਜਾਬ ਸਰਕਾਰ ਸੂਬੇ ਦੀ ਅਮਨ-ਸ਼ਾਂਤੀ ਹਰ ਕੀਮਤ `ਤੇ ਬਰਕਰਾਰ ਰੱਖਣ ਲਈ ਵਚਨਬੱਧ ਹੈ।
              ਰੈਲੀ ਦੌਰਾਨ ਵੱਡੀ ਗਿਣਤੀ ਵਿੱਚ ਪੁੱਜਣ ਲਈ ਲੋਕਾਂ ਦਾ ਧੰਨਵਾਦ ਕੀਤਾ।ਉਨ੍ਹਾਂ ਕਿਹਾ ਕਿ ਵਿਰੋਧੀ ਧਿਰਾਂ ਦਾ ਕੋਈ ਏਜੰਡਾ ਨਹੀਂ ਹੈ, ਇਸ ਲਈ ਲੋਕ ਅਕਾਲੀਆਂ ਅਤੇ `ਆਪ` ਦੇ ਸਮਾਗਮਾਂ ਵਿੱਚ ਨਹੀਂ ਜਾ ਰਹੇ ਹਨ।ਜੋ ਇਹ ਇਸ਼ਾਰਾ ਕਰਦਾ ਹੈ ਕਿ ਸੂਬੇ ਵਿਚ ਮੁੜ ਕਾਂਗਰਸ ਦੀ ਸਰਕਾਰ ਬਣੇਗੀ।
ਮੁੱਖ ਮੰਤਰੀ ਨੇ ਆਪਣੇ ਹਲਕੇ ਵਿੱਚ ਕਈ ਅਹਿਮ ਪ੍ਰਾਜੈਕਟ ਸ਼ੁਰੂ ਕਰਨ ਲਈ ਵਿਧਾਇਕ ਅਮਿਤ ਵਿਜ ਦੀ ਸ਼ਲ਼ਾਘਾ ਕੀਤੀ। ਉਨ੍ਹਾਂ ਐਲਾਨ ਕੀਤਾ ਕਿ ਪਠਾਨਕੋਟ ਵਿੱਚ 32 ਏਕੜ ਜ਼ਮੀਨ `ਚ ਮੈਡੀਕਲ ਕਾਲਜ ਸਥਾਪਿਤ ਕੀਤਾ ਜਾਵੇਗਾ ਅਤੇ ਹਿੰਦੂ ਸਹਿਕਾਰੀ ਬੈਂਕ ਦਾ ਸਹਿਕਾਰੀ ਬੈਂਕਾਂ ਵਿੱਚ ਰਲੇਵਾਂ ਕੀਤਾ ਜਾਵੇਗਾ। ਮੁੱਖ ਮੰਤਰੀ ਚੰਨੀ ਨੇ ਐਲੀਵੇਟਿਡ ਰੋਡ ਦੇ ਨਾਲ-ਨਾਲ ਕਈ ਹੋਰ ਪ੍ਰੋਜੈਕਟਾਂ ਲਈ 120 ਕਰੋੜ ਰੁਪਏ ਮਨਜ਼ੂੂਰ ਕਰਨ ਦਾ ਵੀ ਐਲਾਨ ਕੀਤਾ।
             ਮਾਲ ਤੇ ਮੁੜ ਵਸੇੇਬਾ ਮੰਤਰੀ ਸ੍ਰੀਮਤੀ ਅਰੁਣਾ ਚੌਧਰੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ `ਮੇਰਾ ਘਰ, ਮੇਰੇ ਨਾਮ` ਸਕੀਮ ਦਾ ਘੇਰਾ ਪੂਰੇ ਸੂਬੇ ਵਿੱਚ ਵਧਾਇਆ ਜਾ ਰਿਹਾ ਹੈ।ਮੁੱਖ ਮੰਤਰੀ ਸੂਬੇ ਦੇ ਵਿਕਾਸ ਲਈ ਠੋਸ ਉਪਰਾਲੇ ਕਰ ਰਹੇ ਹਨ।
                ਇਸ ਤੋਂ ਪਹਿਲਾਂ ਪਠਾਨਕੋਟ ਦੇ ਵਿਧਾਇਕ ਅਮਿਤ ਵਿਜ ਨੇ ਮੁੱਖ ਮੰਤਰੀ ਅਤੇ ਹੋਰ ਪਤਵੰਤਿਆਂ ਦਾ ਸਟੇਜ਼ `ਤੇ ਸਵਾਗਤ ਕੀਤਾ।ਇਸ ਮੌਕੇ ਵਿਧਾਇਕ ਅਮਿਤ ਵਿਜ ਤੇ ਜੋਗਿੰਦਰ ਪਾਲ ਵੀ ਮਜ਼ੂਦ ਸਨ।

Check Also

ਸੂਬਾ ਸਰਕਾਰ ਵੱਲੋਂ 6000 ਖੇਡ ਸੇਟਡੀਅਮ ਹੋਰ ਬਣਾਏ ਜਾਣਗੇ – ਖ਼ਜ਼ਾਨਾ ਮੰਤਰੀ ਚੀਮਾ

ਅੰਮ੍ਰਿਤਸਰ, 12 ਅਪ੍ਰੈਲ (ਸੁਖਬੀਰ ਸਿੰਘ) – ਪੰਜਾਬ ਦੇ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਐਲਾਨ …