ਹਿੰਦੂ ਸਭਾ ਸਕੂਲ ਨੂੰ 3 ਲੱਖ ਰੁਪਏ ਅਤੇ ਗੰਗਾ ਰਾਮ ਸ਼ਿਵਾਲਾ ਧਰਮਸ਼ਾਲਾ ਨੂੰ ਦਿੱਤਾ 2 ਲੱਖ ਦਾ ਚੈਕ
ਅੰਮ੍ਰਿਤਸਰ, 4 ਜਨਵਰੀ (ਸੁਖਬੀਰ ਸਿੰਘ) – ਪੰਜਾਬ ਸਰਕਾਰ ਨੇ ਪਿਛਲੇ ਸਾਢੇ ਚਾਰ ਸਾਲਾਂ ਦੌਰਾਨ ਸਿਹਤ ਤੇ ਸਿਖਿਆ ਦੇ ਖੇਤਰ ਵਿੱਚ ਵੱਡੀ ਪੁਲਾਂਘ ਪੁੱਟੀ ਹੈ ਅਤੇ
ਸਿਹਤ ਦੇ ਖੇਤਰ ਵਿੱਚ ਸਾਰੇ ਸਰਕਾਰੀ ਹਸਪਤਾਲਾਂ ਦੇ ਬੁਨਿਆਦੀ ਢਾਂਚੇ ਨੂੰ ਵਿਕਸਤ ਕੀਤਾ ਗਿਆ ਹੈ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਉਪ ਮੁੱਖ ਮੰਤਰੀ ਪੰਜਾਬ ਓਮ ਪ੍ਰਕਾਸ਼ ਸੋਨੀ ਨੇ ਹਿੰਦੂ ਸਭਾ ਸਕੂਲ ਢਾਬ ਖਟੀਕਾ ਨੂੰ ਸਕੂਲ ਦੇ ਵਿਕਾਸ ਲਈ 3 ਲੱਖ ਰੁਪਏ ਦਾ ਚੈਕ ਭੇਂਟ ਕਰਨ ਸਮੇਂ ਕੀਤਾ।
ਸੋਨੀ ਨੇ ਦੱਸਿਆ ਕਿ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਲੋਕਾਂ ਦੀ ਸਹੂਲਤ ਲਈ ਨਵੀਂ ਮਸ਼ੀਨਰੀ ਲਗਾਈ ਗਈ ਹੈ।ਕੋਵਿਡ ਦੀ ਪਹਿਲੀ ਜਾਂ ਦੂਜੀ ਲਹਿਰ ਦੌਰਾਨ ਸਿਹਤ ਵਿਭਾਗ ਵਲੋਂ ਆਪਣੀ ਡਿਊਟੀ ਨੂੰ ਤਨਦੇਹੀ ਨਾਲ ਨਿਭਾਇਆ ਗਿਆ ਹੈ।ਉਨ੍ਹਾਂ ਦੱਸਿਆ ਕਿ ਸੂਬੇ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਨਵੇਂ ਡਾਕਟਰ, ਨਰਸਾਂ ਆਦਿ ਦੀ ਭਰਤੀ ਕੀਤੀ ਗਈ ਹੈ।ਸਿਖਿਆ ਦੇ ਖੇਤਰ ਦੀ ਗੱਲ ਕਰਦਿਆਂ ਉਨਾਂ ਦੱਸਿਆ ਕਿ ਸੂਬੇ ਦੇ ਜਿਆਦਾਤਰ ਸਕੂਲਾਂ ਨੂੰ ਸਮਾਰਟ ਸਕੂਲ ਦਾ ਦਰਜ਼ਾ ਦਿੱਤਾ ਗਿਆ ਹੈ।ਜਿਸ ਕਾਰਨ ਸਰਕਾਰੀ ਸਕੂਲਾਂ ’ਚ ਬੱਚਿਆਂ ਦੀ ਗਿਣਤੀ ਕਾਫੀ ਵਧੀ ਹੈ।ਉਨ੍ਹਾਂ ਦੱਸਿਆ ਕਿ ਪਹਿਲਾਂ ਸਰਕਾਰੀ ਸਕੂਲਾਂ ਦੇ ਨਤੀਜਿਆਂ ਵਿੱਚ ਕਾਫੀ ਗਿਰਾਵਟ ਆਈ ਸੀ।ਪਰ ਉਨਾਂ ਦੀ ਸਰਕਾਰ ਦੀਆਂ ਕੋਸ਼ਿਸ਼ਾਂ ਸਦਕਾ ਸਰਕਾਰੀ ਸਕੂਲਾਂ ਦੇ ਨਤੀਜਿਆਂ ਵਿੱਚ ਵੱਡਾ ਸੁਧਾਰ ਹੋਇਆ ਹੈ ਅਤੇ ਬਾਰਡਰ ਏਰੀਆ ਦੇ ਸਾਰੇ ਸਕੂਲਾਂ ਵਿੱਚ ਅਧਿਆਪਕਾਂ ਦੀ ਭਰਤੀ ਵੀ ਕੀਤੀ ਗਈ ਹੈ।ਸੋਨੀ ਨੇ ਹਿੰਦੂ ਸਭਾ ਸਕੂਲ ਨੂੰ 3 ਲੱਖ ਰੁਪਏ ਦਾ ਚੈਕ ਭੇਂਟ ਕਰਦਿਆਂ ਕਿਹਾ ਕਿ ਸਕੂਲ ਬੱਚਿਆਂ ਨੂੰ ਚੰਗੀ ਸਿਖਿਆ ਮੁਹੱਈਆ ਕਰਵਾ ਰਿਹਾ ਹੈ ਅਤੇ ਲੋੜ ਪੈਣ ‘ਤੇ ਸਕੂਲ ਨੂੰ ਹੋਰ ਫੰਡ ਵੀ ਮੁਹੱਈਆ ਕਰਵਾਏ ਜਾਣਗੇ।ਸੋਨੀ ਨੇ ਗੰਗਾ ਰਾਮ ਸ਼ਿਵਾਲਾ ਧਰਮਸ਼ਾਲਾ ਦੀ ਮੁਰੰਮਤ ਲਈ 2 ਲੱਖ ਰੁਪਏ ਦਾ ਚੈਕ ਭੇਟ ਕੀਤਾ।
ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਅਰੁਣ ਪੱਪਲ, ਕੌਂਸਲਰ ਵਿਕਾਸ ਸੋਨੀ, ਪ੍ਰਿੰਸੀਪਲ ਵਰਿੰਦਰਪਾਲ, ਚੇਅਰਮੈਨ ਨਰੇਸ਼ ਮਹਾਜਨ, ਸਕੱਤਰ ਦੀਪਕ ਅਰੋੜਾ, ਐਡਵੋਕੇਟ ਪੀ.ਐਨ ਅਰੋੜਾ, ਆਰ.ਕੇ ਗੁਪਤਾ, ਰਾਜੀਵ ਸੋਨੀ ਤੇ ਅਮਿਤ ਕੁਮਾਰ ਤੋਂ ਇਲਾਵਾ ਕਈ ਹੋਰ ਸਖਸ਼ੀਅਤਾਂ ਵੀ ਹਾਜ਼ਰ ਸਨ।
Punjab Post Daily Online Newspaper & Print Media