Friday, March 27, 2026

ਜੇਤੂ ਕਿਸਾਨ ਘੋਲ ‘ਚ ਕਾਰਜ਼ਸ਼ੀਲ ਰਹੇ ਕਿਸਾਨਾਂ ਤੇ ਸ਼ਹੀਦ ਹੋਏ ਯੋਧਿਆਂ ਦੇ ਸਨਮਾਨ ‘ਚ ਸਮਾਗਮ

ਅੰਮ੍ਰਿਤਸਰ, 8 ਜਨਵਰੀ (ਦੀਪ ਦਵਿੰਦਰ ਸਿੰਘ) – ਕੇਂਦਰ ਸਰਕਾਰ ਦੇ ਖੇਤ ਤੇ ਖੇਤੀ ਵਿਰੋਧੀ ਬਿੱਲਾਂ ਅਤੇ ਨੀਤੀਆਂ ਖਿਲਾਫ ਕੀਤੇ ਗਏ ਦੇਸ਼ ਪੱਧਰੀ ਅਤੇ ਅੰਤਰਰਾਸ਼ਟਰੀ ਪ੍ਰਸਿੱਧੀ ਵਾਲੇ ਜੇਤੂ ਕਿਸਾਨ ਘੋਲ ਵਿੱਚ ਲਗਾਤਾਰ ਕਾਰਜ਼ਸ਼ੀਲ ਰਹੇ ਕਿਸਾਨਾਂ ਅਤੇ ਆਪਣੀਆਂ ਜਾਨਾਂ ਨਿਸ਼ਾਵਰ ਕਰ ਗਏ ਯੋਧਿਆਂ ਦੇ ਸਨਮਾਨ ‘ਚ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ।ਸਨਮਾਨ ਸਮਾਰੋਹ ਸਥਾਨਕ ਵਿਰਸਾ ਵਿਹਾਰ ਵਿਖੇ ਫ਼ੋਕਲੋਰ ਰਿਸਰਚ ਅਕਾਦਮੀ ਅੰਮ੍ਰਿਤਸਰ ਅਤੇ ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਵਲੋਂ ਕਰਵਾਇਆ ਗਿਆ।ਮੈਡਮ ਕਰਮਜੀਤ ਕੌਰ ਜੱਸਲ ਨੇ ਆਏ ਹੋਏ ਕਿਸਾਨ ਆਗੂਆਂ ਅਤੇ ਸਰੋਤਿਆਂ ਨੂੰ ‘ਜੀ ਆਇਆ’ ਕਿਹਾ।
ਅਕਾਦਮੀ ਦੇ ਪ੍ਰਧਾਨ ਰਮੇਸ਼ ਯਾਦਵ ਨੇ ਸਟੇਜ਼ ਸੰਭਾਲਦਿਆਂ ਕਿਸਾਨ ਸੰਘਰਸ਼ ਅਤੇ ਅਕਾਦਮੀ ਦੇ ਯੋਗਦਾਨ ਬਾਰੇ ਚਾਨਣਾ ਪਾਇਆ।ਵਿਰਸਾ ਵਿਹਾਰ ਦੇ ਸਰਦਾਰ ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ਵਿੱਚ ਪੰਜਾਬ ਸਰਕਾਰ ਵਲੋਂ ਕੋਵਿਡ ਦੇ ਬਚਾਅ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਕੀਤੇ ਗਏ ਇਸ ਸਮਾਗਮ ਦੀ ਪ੍ਰਧਾਨਗੀ ਮੰਡਲ ਵਿੱਚ ਰੁਲਦਾ ਸਿੰਘ ਮਾਨਸਾ, ਰਸ਼ਪਾਲ ਸਿੰਘ, ਡਾ. ਸੁਖਦੇਵ ਸਿੰਘ ਸਿਰਸਾ, ਲਖਬੀਰ ਸਿੰਘ ਨਿਜ਼ਾਮਪੁਰਾ, ਹਰਜੀਤ ਸਿੰਘ ਝੀਤਾ ਤੇ ਰਮੇਸ਼ ਯਾਦਵ ਸ਼ਾਮਿਲ ਹੋਏ।ਬੁਲਾਰਿਆ ਨੇ ਆਪਣੀ ਸਾਂਝੀ ਰਾਏ ‘ਚ ਪੰਜਾਬੀਆਂ ਦੇ ਪਾਏ ਬਹੁਪੱਖੀ ਯੋਗਦਾਨ ਦੀ ਭਰਪੂਰ ਸਰਾਹਣਾ ਕੀਤੀ।ਜਿਸ ‘ਤੇ ਸਮੁੱਚਾ ਭਾਈਚਾਰਾ ਅਤੇ ਦੁਨੀਆ ਭਰ ਦੇ ਅਗਾਹ-ਵਧੂ ਲੋਕ ਹਮੇਸ਼ਾ ਮਾਣ ਕਰਨਗੇ।

ਰੁਲਦਾ ਸਿੰਘ ਮਾਨਸਾ ਨੇ ਕਿਹਾ ਕਿ ਇਸ ਅੰਦੋਲਨ ਨੇ ਲੋਕਾਂ ਨੂੰ ਲੜਨ ਦਾ ਰਸਤਾ ਵਿਖਾਇਆ ਹੈ।ਜਿਸ ‘ਤੇ ਚੱਲਦਿਆਂ ਭਾਵੇਂ ਬਹੁਤ ਸਾਰੀਆਂ ਦਿਕਤਾਂ ਆਈਆਂ, 700 ਤੋ ਜ਼ਿਆਦਾ ਲੋਕਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ, ਪਰ ਸਾਡੇ ਲੋਕਾਂ ਦੇ ਏਕੇ ਅਤੇ ਹੌਸਲੇ ਨੇ ਇਸ ਅੰਦੋਲਨ ਵਿੱਚ ਜਿੱਤ ਪ੍ਰਾਪਤ ਕੀਤੀ।ਉਹਨਾਂ ਕਿਹਾ ਕਿ ਹੁਣ 32 ਕਿਸਾਨ ਜਥੇਬੰਦੀਆਂ ਵਿਚੋਂ 22 ਨੇ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਲੜਨ ਦਾ ਫੈਸਲਾ ਕੀਤਾ ਹੈ। ਜਿਸ ਦਾ ਪੰਜਾਬੀਆਂ ਨੂੰ ਭਰਪੂਰ ਸਹਿਯੋਗ ਕਰਨਾ ਚਾਹੀਦਾ ਹੈ।ਕਿਸਾਨ ਆਗੂ ਰਸ਼ਪਾਲ ਸਿੰਘ ਨੇ ਕਿਹਾ ਕਿ ਜਦੋ ਲੋਕ ਲੜਦੇ ਨੇ, ਉਹਨਾਂ ਦੇ ਹੌਸਲੇ ਤੇ ਹਠ ਨੂੰ ਦੇਖ ਕੇ ਸਰਕਾਰਾਂ ਰਸਤਾ ਬਦਲ ਲੈਂਦੀਆਂ ਨੇ।ਕਿਸਾਨ ਆਗੂ ਲਖਬੀਰ ਸਿੰਘ ਨਿਜ਼ਾਮਪੁਰਾ ਨੇ ਕਿਹਾ ਕਿ ਇਹ ਕਾਰਪੋਰੇਟ ਦੇ ਏਜੰਡੇ ਦੇ ਖਿਲਾਫ ਘੋਲ ਸੀ।ਸੋ ਲੋਕਾਂ ਨੇ ਵਿਰੋਧੀ ਤਾਕਤਾਂ ਨੂੰ ਇੱਕ ਵਾਰ ਹਰਾ ਦਿੱਤਾ ਹੈ ਅਤੇ ਪੰਜਾਬੀਆਂ ਤੇ ਕਿਸਾਨਾ ਮਜ਼ਦੂਰਾਂ ਦੇ ਏਕੇ ਨੇ ਨਵਾਂ ਇਤਿਹਾਸ ਸਿਰਜਿਆ ਹੈ।ਹਰਜੀਤ ਸਿੰਘ ਝੀਤਾ ਨੇ ਕਿਹਾ ਕਿ ਇਹ ਅੰਦੋਲਨ ਦੁਨੀਆਂ ਭਰ ਵਿੱਚ ਇੱਕ ਚਮਕਦੇ ਸਿਤਾਰੇ ਵਾਂਗ ਉਭਰਿਆ ਹੈ।ਪ੍ਰਗਤੀਸ਼ੀਲ ਲੇਖਕ ਸੰਘ ਦੇ ਕੌਮੀ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਦੁਨੀਆਂ ਭਰ ਦੇ ਚੇਤਨ ਲੋਕਾਂ, ਸ਼ਖਸੀਅਤਾਂ ਤੇ ਸੰਸਥਾਵਾਂ ਨੇ ਕਿਸਾਨ ਅੰਦੋਲਨ ਦੇ ਹੱਕ ਵਿੱਚ ਅਵਾਜ਼ ਉਠਾ ਕੇ ਆਪਣਾ ਨਜ਼ਰੀਆਂ ਸਪੱਸ਼ਟ ਕੀਤਾ ਜਿਸ ਨਾਲ ਇਸ ਅੰਦੋਲਨ ਦੀ ਜਿੱਤ ਹੋਈ।ਇਸ ਅੰਦੋਲਨ ਨੇ ਫੈਡਰਲ ਢਾਂਚੇ ਦੀ ਲੜਾਈ ਵੀ ਜਿੱਤੀ ਹੈ, ਜਿਸ ਵਿੱਚ ਕੇਂਦਰ ਰਾਜਾਂ ਨੂੰ ਕਮਜੋਰ ਕਰਨ ਦੇ ਰਾਹ ਪੈ ਗਿਆ ਸੀ।
ਇਸ ਮੌਕੇ ਅੰਮ੍ਰਿਤਸਰ ਜ਼ਿਲ੍ਹੇ ਨਾਲ ਸੰਬੰਧਿਤ ਅੰਦੋਲਨ ਵਿੱਚ ਜੇਤੂ ਕਿਸਾਨਾਂ ਅਤੇ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾ ਨੂੰ ਮੋਮੈਂਟੋ, ਸ਼ਾਲ ਅਤੇ ਪੁਸਤਕਾਂ ਦੇ ਸੈਟ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਅਕਾਦਮੀ ਦੇ ਸੀਨੀਅਰ ਮੀਤ ਪ੍ਰਧਾਨ ਜਸਵੰਤ ਸਿੰਘ ਰੰਧਾਵਾ ਨੇ ਅਕਾਦਮੀ ਵਲੋਂ ਸਰਬਸੰਮਤੀ ਨਾਲ ਤਿਆਰ ਕੀਤੇ ਮਤੇ ਹਾਜ਼ਰੀਨ ਸਾਹਮਣੇ ਪੇਸ਼ ਕੀਤੇ। ਅੰਤ ‘ਚ ਸ਼੍ਰੀਮਤੀ ਹਰਜਿੰਦਰ ਕੋਰ ਕੰਗ ਨੇ ਸਾਰਿਆਂ ਦਾ ਧੰਨਵਾਦ ਕੀਤਾ।
ਹਾਜ਼ਰੀਨ ਵਿੱਚ ਪ੍ਰੋ. ਸੁਰਜੀਤ ਜੱਜ, ਭੁਪਿੰਦਰ ਸਿੰਘ ਸੰਧੂ, ਧਰਮਿੰਦਰ ਔਲਖ, ਜਸਵੰਤ ਸਿੰਘ ਰੰਧਾਵਾ, ਕਮਲ ਗਿੱਲ, ਕਰਮਜੀਤ ਜੱਸਲ, ਦਿਲਬਾਗ ਸਿੰਘ ਸਰਕਾਰੀਆ, ਗੁਰਪ੍ਰੀਤ ਸਿੰਘ ਕੱਦਗਿਲ, ਗੁਰਜਿੰਦਰ ਸਿੰਘ ਬਘਿਆੜੀ, ਜਗਰੂਪ ਸਿੰਘ ਐਮਾ, ਹਰੀਸ਼ ਸਾਬਰੀ, ਓਂਕਾਰ ਸਿੰਘ, ਹਰਜਿੰਦਰ ਕੋਰ ਕੰਗ, ਰਾਜਨ ਮਾਨ, ਅਮਰਜੀਤ ਆਸਲ, ਹੁਸ਼ਿਆਰ ਸਿੰਘ ਝੰਡੇਰ, ਬਲਬੀਰ ਸਿੰਘ ਮੁਧਲ, ਹਰਜੀਤ ਸਿੰਘ ਸਰਕਾਰੀਆ, ਮਨਜੀਤ ਸਿੰਘ ਧਾਲੀਵਾਲ, ਅਮਰਜੀਤ ਸਿੰਘ ਭੱਲਾ, ਧਨਵੰਤ ਸਿੰਘ ਸਰਕਾਰੀਆ ਤੇ ਅਮਰਜੀਤ ਕੌਰ ਸ਼ਾਮਲ ਸਨ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …