Saturday, October 24, 2026

ਖਡੂਰ ਸਾਹਿਬ ਦੇ ਐਮ.ਪੀ ਜਸਬੀਰ ਸਿੰਘ ਡਿੰਪਾ ਦਾ ਭਰਾ ਰਾਜਨ ਗਿੱਲ ਅਕਾਲੀ ਦਲ ‘ਚ ਸ਼ਾਮਲ

ਕਾਂਗਰਸ ਦਾ ਮਾਝੇ ‘ਚ ਸਫਾਇਆ, ਮੁਕਾਬਲਾ ਇਕਪਾਸੜ ਹੋ ਕੇ ਪੂਰੀ ਤਰ੍ਹਾਂ ਅਕਾਲੀ ਦਲ ਦੇ ਪੱਖ ਵਿਚ – ਬਾਦਲ

ਅੰਮ੍ਰਿਤਸਰ, 9 ਫਰਵਰੀ (ਸੁਖਬੀਰ ਸਿੰਘ) – ਸ਼੍ਰੋਮਣੀ ਅਕਾਲੀ ਦਲ ਨੁੰ ਅੱਜ ਮਾਝਾ ਖੇਤਰ ‘ਚ ਵੱਡਾ ਹੁਲਾਰਾ ਮਿਲਿਆ ਜਦੋਂ ਖਡੂਰ ਸਾਹਿਬ ਦੇ ਐਮ.ਪੀ ਜਸਬੀਰ ਸਿੰਘ ਡਿੰਪਾ ਦੇ ਭਰਾ ਹਰਪਿੰਦਰ ਸਿੰਘ ਰਾਜਨ ਗਿੱਲ ਸਮੇਤ ਸਮੁੱਚਾ ਪਰਿਵਾਰ ਅਤੇ ਖੇਤਰ ਦੇ ਅਨੇਕਾਂ ਹਲਕਿਆਂ ਤੋਂ ਪਾਰਟੀ ਦੇ ਆਗੂ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ।
                 ਹਰਪਿੰਦਰ ਸਿੰਘ ਰਾਜਨ ਗਿੱਲ ਦਾ ਡਿੰਪਾ ਪਰਿਵਾਰ ਦੇ ਮੈਂਬਰਾਂ ਅਤੇ ਖੇਤਰ ਦੇ ਵੱਖ ਵੱਖ ਹਲਕਿਆਂ ਤੋਂ ਕਾਂਗਰਸ ਦੇ ਅਹੁਦੇਦਾਰਾਂ ਸਮੇਤ ਅਕਾਲੀ ਦਲ ਵਿਚ ਸ਼ਾਮਲ ਹੋਣ ’ਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਨਿੱਘਾ ਸਵਾਗਤ ਕੀਤਾ।ਬਾਦਲ ਨੇ ਉਹਨਾਂ ਨੁੰ ਪਾਰਟੀ ਦਾ ਜਨਰਲ ਸਕੱਤਰ ਨਿਯੁੱਕਤ ਕਰਨ ਦਾ ਐਲਾਨ ਕੀਤਾ।ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਵੀ ਇਸ ਸਮੇਂ ਹਾਜ਼ਰ ਸਨ।
                ਕਾਂਗਰਸ ਨੁੰ ਅਲਵਿਦਾ ਕਹਿੰਦਿਆਂ ਰਾਜਨ ਗਿੱਲ ਨੇ ਕਿਹਾ ਕਿ ਸਮੁੱਚਾ ਡਿੰਪਾ ਪਰਿਵਾਰ ਪਾਰਟੀ ਵਿਚ ਸਭ ਤੋਂ ਵੱਧ ਬੋਲੀ ਲਾਉਣ ਵਾਲਿਆਂ ਨੁੰ ਟਿਕਟਾਂ ਦੇਣ ਦੇ ਤਰੀਕੇ ਤੋਂ ਨਾਖੁਸ਼ ਹੈ।ਟਿਕਟਾਂ ਦੀ ਵੰਡ ਵਿੱਚ ਕਾਂਗਰਸ ਪਾਰਟੀ ਦੇ ਸਿਧਾਂਤ ਵਗਾਹ ਮਾਰੇ ਗਏ ਹਨ ਤੇ ਰੇਤ ਮਾਫੀਆ ਦੇ ਸਰਗਨਾ ਬਾਬਾ ਬਕਾਲਾ ਤੋਂ ਸੰਤੋਖ ਸਿੰਘ ਭਲਾਈਪੁਰ ਤੇ ਰਮਨਦੀਪ ਸਿੰਘ ਸਿੱਕੀ ਜੋ 130 ਲੋਕਾਂ ਦੀ ਜ਼ਹਿਰੀਲੀ ਸ਼ਰਾਬ ਨਾਲ ਮੌਤ ਹੋਣ ਦੇ ਮਾਮਲੇ ਲਈ ਜ਼ਿੰਮੇਵਾਰ ਸੀ, ਨੂੰ ਖਡੂਰ ਸਾਹਿਬ ਤੋਂ ਟਿਕਟ ਦੇ ਦਿੱਤੀ ਗਈ।ਉਹਨਾਂ ਕਿਹਾ ਕਿ ਅਜਿਹੀਆਂ ਕਾਰਵਾਈਆਂ ਕਾਰਨ ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਨੇ ਫੈਸਲਾ ਲਿਆ ਹੈ ਕਿ ਉਸ ਕਾਂਗਰਸ ਪਾਰਟੀ ਨੁੰ ਅਲਵਿਦਾ ਕਹਿ ਦਿੱਤਾ ਜਾਵੇ।ਜਿਸ ਦੀ 60 ਸਾਲਾਂ ਤੋਂ ਪਰਿਵਾਰ ਦੇ ਦਾਦਾ ਅਤੇ ਆਜ਼ਾਦੀ ਘੁਲਾਟੀਏ ਗੁਰਦਿੱਤ ਸਿੰਘ ਸ਼ਾਹ ਤੋਂ ਲੈ ਕੇ ਉਹਨਾਂ ਦੇ ਪਿਤਾ ਅਤੇ ਬਿਆਸ ਦੇ ਸਾਬਕਾ ਐਮ.ਐਲ.ਏ ਸੰਤ ਸਿੰਘ ਗਿੱਲ ਤੋਂ ਲੈ ਕੇ ਮੌਜ਼ੂਦਾ ਪੀੜੀ ਤੱਕ ਸੇਵਾ ਕਰਦੀ ਆ ਰਹੀ ਸੀ।ਗਿੱਲ ਨੇ ਆਪਣੇ ਸਾਥੀ ਕਾਂਗਰਸੀਆਂ ਨੁੰ ਅਪੀਲ ਕੀਤੀ ਕਿ ਉਹ ਆਪਣੀ ਜ਼ਮੀਰ ਦੀ ਆਵਾਜ਼ ਸੁਣਨ ਅਤੇ ਕਿਹਾ ਕਿ ਉਹਨਾਂ ਦੇ ਭਰਾ ਅਤੇ ਐਮ.ਪੀ ਜਸਬੀਰ ਸਿੰਘ ਡਿੰਪਾ ਨੇ ਪਰਿਵਾਰ ਵਲੋਂ ਪਾਰਟੀ ਛੱਡ ਕੇ ਅਕਾਲੀ ਦਲ ਵਿਚ ਸ਼ਾਮਲ ਹੋਣ ਦੇ ਫੈਸਲੇ ਦੀ ਹਮਾਇਤ ਕੀਤੀ ਹੈ।
                  ਅਕਾਲੀ ਦਲ ਵਿਚ ਸ਼ਾਮਲ ਹੋਣ ਵਾਲੇ ਪ੍ਰਮੁੱਖ ਆਗੂਆਂ ਵਿਚ ਸੈਨਿਕ ਭਲਾਈ ਬੋਰਡ ਦੇ ਵਾਈਸ ਚੇਅਰਮੈਨ ਮਨਦੀਪ ਸਿੰਘ, ਜੰਡਿਆਲਾ ਮਿਉਂਸਪਲ ਕਮੇਟੀ ਦੇ ਸਾਬਕਾ ਚੇਅਰਮੈਨ ਰਾਜ ਕੁਮਾਰ ਮਲਹੋਤਰਾ, ਤਰਨਤਾਰਨ ਬਲਾਕ ਸੰਮਤੀ ਚੇਅਰਪਰਸਨ ਹਰਸ਼ਰਨ ਕੌਰ, ਤਰਨਤਾਰਨ ਸਹਿਕਾਰੀ ਬੈਂਕ ਦੇ ਵਾਈਸ ਚੇਅਰਮੈਨ ਮੇਹਰ ਸਿੰਘ ਚੌਟਾਲਾ, ਯੂਥ ਕਾਂਗਰਸ ਦੇ ਆਗੂ ਕੁਲੰਵਤ ਬਹਿਲ, ਰਈਆ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਜਸਵੰਤ ਸਿੰਘ ਬਿੱਲਾ, ਰਈਆ ਦੇ ਕੌਂਸਲਰ ਸਰਬਜੀਤ ਮਾਨ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਧਰਮਵੀਰ ਸਿੰਘ ਵੇਰਾ ਵੀ ਸ਼ਾਮਲ ਹਨ।ਅੰਮ੍ਰਿਤਸਰ ਪੂਰਬੀ ਦੇ ਆਗੂ ਸੁਖਵਿੰਦਰ ਸਿੰਘ, ਦਲਬੀਰ ਸਿੰਘ ਤੇ ਇੰਦਰਜੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ‘ਚ ਸਰਪੰਚ ਤੇ ਪੰਚ ਵੀ ਅਕਾਲੀ ਦਲ ਵਿਚ ਸ਼ਾਮਲ ਹੋਏ।
              ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਡਿੰਪਾ ਪਰਿਵਾਰ ਅਤੇ ਉਹਨਾਂ ਦੀ ਸਮੁੱਚੀ ਟੀਮ ਦੇ ਅਕਾਲੀ ਦਲ ਵਿਚ ਸ਼ਾਮਲ ਹੋਣ ਨਾਲ ਕਾਂਗਰਸ ਦਾ ਮਾਝਾ ਖੇਤਰ ਵਿਚੋਂ ਮੁਕੰਮਲ ਸਫਾਇਆ ਹੋ ਗਿਆ ਹੈ।ਉਹਨਾਂ ਕਿਹਾ ਕਿ ਹੁਣ ਮਾਝਾ ਵਿਚ ਮੁਕਾਬਲਾ ਇਕਪਾਸੜ ਹੋ ਕੇ ਸਿਰਫ ਅਕਾਲੀ ਦਲ ਦੇ ਪੱਖ ਵਿਚ ਰਹਿ ਗਿਆ ਹੈ।ਉਹਨਾਂ ਕਿਹਾ ਕਿ ਆਉਂਦੇ ਦਿਨਾਂ ਵਿਚ ਹੋਰ ਵੀ ਕਾਂਗਰਸੀ ਆਗੂੂਅਕਾਲੀ ਦਲ ਵਿਚ ਸ਼ਾਮਲ ਹੋਣਗੇ।
               ਬਾਦਲ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਆਗੂਆਂ ਵਿਚ ਇਸ ਗੱਲ ਦਾ ਰੋਸ ਹੈ ਕਿ ਜਿਸ ਤਰੀਕੇ ਹਰੀਸ਼ ਚੌਧਰੀ, ਨਵਜੋਤ ਸਿੱਧੂ ਤੇ ਚਰਨਜੀਤ ਚੰਨੀ ਦੀ ਤਿਕੜੀ ਨੇ ਟਿਕਟਾਂ ਵੇਚੀਆਂ ਹਨ।ਉਹਨਾਂ ਕਿਹਾ ਕਿ ਹੁਣ ਤੁਸੀਂ ਵੇਖੋਗੇ ਕਿ ਸ੍ਰੀ ਚੰਨੀ ਚਮੌਕਰ ਸਾਹਿਬ ਤੇ ਭਦੌੜ ਦੋਹਾਂ ਥਾਵਾਂ ਅਤੇ ਨਵਜੋਤ ਸਿੱਧੂ ਅੰਮ੍ਰਿਤਸਰ ਪੂਰਬੀ ਤੋਂ ਹਾਰਨਗੇ ਅਤੇ ਜਿਸ ਦਿਨ ਨਤੀਜੇ ਆਉਣਗੇ ਉਹ ਕਾਂਗਰਸ ਛੱਡ ਦੇਣਗੇ।
                     ਬਿਕਰਮ ਸਿੰਘ ਮਜੀਠੀਆ ਨੇ ਰਾਜਨ ਗਿੱਲ ਦਾ ਅਕਾਲੀ ਦਲ ਵਿਚ ਸ਼ਾਮਲ ਹੋਣ ’ਤੇ ਸਵਾਗਤ ਕਰਦਿਆਂ ਕਿਹਾ ਕਿ ਕਾਂਗਰਸੀ ਆਗੂਆਂ ਵਿਚ ਇਸ ਗੱਲ ਦਾ ਰੋਸ ਹੈ ਕਿ ਕਾਂਗਰਸੀ ਰਾਜਕਾਲ ਦੌਰਾਨ ਮਾਫੀਆ ਤੱਤਾਂ ਨੁੰ ਉਤਸ਼ਾਹਿਤ ਕੀਤਾ ਗਿਆ, ਟਿਕਟਾਂ ਵੇਚੀਆਂ ਗਈਆਂ ਤੇ ਨਫਰਤ ਦੀ ਰਾਜਨੀਤੀ ਸੂਬੇ ਵਿਚ ਫੈਲਾਈ ਗਈ।ਉਹਨਾਂ ਕਿਹਾ ਕਿ ਐਮ.ਪੀ ਜਸਬੀਰ ਸਿੰਘ ਡਿੰਪਾ ਦੇ ਪਰਿਵਾਰ ਦਾ ਲੋਕਾਂ ਵਿਚ ਵੱਡਾ ਆਧਾਰ ਹੈ ਤੇ ਕਾਂਗਰਸ ਪਾਰਟੀ ਨੁੰ ਬਾਬਾ ਬਕਾਲਾ, ਜੰਡਿਆਲਾ, ਖਡੂਰ ਸਾਹਿਬ, ਅੰਮ੍ਰਿਤਸਰ ਦੱਖਣੀ, ਅੰਮ੍ਰਿਤਸਰ ਪੂਰਬੀ, ਤਰਨ ਤਾਰਨ, ਰਾਜਾਸਾਂਸੀ, ਮਜੀਠਾ, ਅਜਨਾਲਾ ਤੇ ਅਟਾਰੀ ਸੀਟਾਂ ’ਤੇ ਵੱਡਾ ਨੁਕਸਾਨ ਹੋਇਆ ਹੈ।

Check Also

ਖਾਲਸਾ ਯੂਨੀਵਰਸਿਟੀ ਵਿਖੇ ਸਨਮਾਨ ਸਮਾਰੋਹ ਕਰਵਾਇਆ ਗਿਆ

ਅੰਮ੍ਰਿਤਸਰ, 24 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਵਿਖੇ ਪੰਜਾਬ ਦੇ ਉੱਭਰਦੇ ਖਿਡਾਰੀ ਗੁਰਿੰਦਰਵੀਰ …