ਸੰਗਰੂਰ, 2 ਮਾਰਚ (ਜਗਸੀਰ ਲੌਂਗੋਵਾਲ) – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕ੍ਰਿਸ਼਼ੀ ਵਿਗਿਆਨ ਕੇਂਦਰ, ਖੇੜੀ ਵਲੋਂ ਨੇੜਲੇ ਪਿੰਡ ਕਨੋਈ ਵਿਖੇ ਝੋਨੇ ਦੀ ਪਰਾਲੀ
ਨੂੰ ਬਿਨਾ ਅੱਗ ਲਗਾਏ ਪੀ.ਏ.ਯੂ ਸਮਾਰਟ ਸੀਡਰ ਅਤੇ ਹੈਪੀ ਸੀਡਰ ਮਸ਼ੀਨਾਂ ਵਰਤ ਕੇ ਬੀਜ਼ੀ ਕਣਕ ਦੀ ਫ਼ਸਲ ‘ਤੇ ਖੇਤ ਦਿਵਸ ਅਤੇ ਸਿਖਲਾਈ ਕੈਂਪ ਦਾ ਆਯੋਜਨ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਮਨਦੀਪ ਸਿੰਘ, ਐਸੋਸੀਏਟ ਡਾਇਰੈਕਟਰ ਕ੍ਰਿਸ਼ੀ ਵਿਗਿਆਨ ਕੇਂਦਰ, ਖੇੜੀ ਨੇ ਦੱਸਿਆ ਕਿ ਇਸ ਖੇਤ ਦਿਵਸ ਦਾ ਆਯੋਜਨ ਅਗਾਂਹਵਧੂ ਅਤੇ ਵਾਤਾਵਰਣ ਹਿਤੈਸ਼ੀ ਕਿਸਾਨ ਗੁਰਿੰਦਰ ਸਿੰਘ ਗਿੱਲ ਦੇ ਫਾਰਮ ‘ਤੇ ਕੀਤਾ ਗਿਆ,ਜਿਸ ਨੇ 2014 ਤੋਂ ਝੋਨੇ ਦੀ ਪਰਾਲੀ ਨੂੰ ਅੱਗ ਨਹੀਂ ਲਗਾਈ ਅਤੇ ਲਗਭਗ 8 ਸਾਲਾਂ ਤੋਂ ਹੈਪੀ ਸੀਡਰ ਮਸ਼ੀਨ ਨਾਲ ਕਣਕ ਦੀ ਸਿੱਧੀ ਬਿਜ਼ਾਈ ਕਰਦਾ ਆ ਰਿਹਾ ਹੈ।ਉਹਨਾਂ ਦੱਸਿਆ ਕਿ ਇਸ ਸਾਲ ਗੁਰਿੰਦਰ ਨੇ 4.5 ਏਕੜ ਰਕਬੇ ਤੇ ਪੀ.ਏ.ਯੂ ਸਮਾਰਟ ਸੀਡਰ ਨਾਲ ਵੀ ਕਣਕ ਦੀ ਬਿਜ਼ਾਈ ਕੀਤੀ, ਜਿਸ ਤੋਂ ਉਹ ਪੂਰੀ ਤਰ੍ਹਾਂ ਖੁਸ਼ ਅਤੇ ਸੰਤੁਸ਼ਟ ਹੈ।ਉਸ ਤੋਂ ਪ੍ਰੇਰਨਾ ਲੈ ਕੇ ਪਿੰਡ ਦੇ ਹੋਰ ਕਈ ਕਿਸਾਨਾਂ ਨੇ ਵੀ ਝੋਨੇ ਦੀ ਪਰਾਲੀ ਨੂੰ ਅੱਗ ਨਹੀਂ ਲਗਾਈ।ਇਸ ਤੋਂ ਇਲਾਵਾ ਡਾ. ਮਨਦੀਪ ਸਿੰਘ ਨੇ ਪਰਾਲੀ ਨੂੰ ਖੇਤ ਵਿੱਚ ਮਿਲਾਉਣ ਦੇ ਫਾਇਦਿਆਂ ਬਾਰੇ ਵਿਸਤਾਰ ਵਿੱਚ ਜਾਣਕਾਰੀ ਦਿੱਤੀ ਅਤੇ ਕੇ.ਵੀ.ਕੇ ਵਲੋਂ ਪਰਾਲੀ ਦੀ ਸਾਂਭ-ਸੰਭਾਲ ਸਬੰਧੀ ਕੀਤੇ ਯਤਨਾਂ ਬਾਰੇ ਵੀ ਚਾਨਣਾ ਪਾਇਆ।ਉਹਨਾਂ ਕਣਕ, ਸਰੋਂ, ਛੋਲੇ ਅਤੇ ਗਰਮੀ ਰੁੱਤ ਦੀ ਮੰਗੀ ਅਤੇ ਮਾਰਚ ਮਹੀਨੇ ਲੱਗਣ ਵਾਲੇ ਕਿਸਾਨ ਮੇਲਿਆਂ ਬਾਰੇ ਵੀ ਜਾਣਕਾਰੀ ਦਿੱਤੀ।ਡਾ. ਸੁਨੀਲ ਕੁਮਾਰ ਸਹਾਇਕ ਪ੍ਰੋਫੈਸਰ, ਕੇ.ਵੀ.ਕੇ ਨੇ ਪਰਾਲੀ ਦੀ ਸਾਂਭ-ਸੰਭਾਲ ਵਾਲੀ ਮਸ਼ੀਨਰੀ ਦੇ ਨਾਲ ਨਾਲ ਝੋਨਾ ਲਾਉਣ ਵਾਲੀ ਮਸ਼ੀਨਰੀ ਬਾਰੇ ਵੀ ਜਾਣਕਾਰੀ ਦਿੱਤੀ। ਡਾਕਟਰ ਅਸ਼ੋਕ ਕੁਮਾਰ ਨੇ ਕਣਕ ਵਿੱਚ ਖੁਰਾਕੀ ਤੱਤਾਂ ਦੀ ਪੂਰਤੀ, ਪੋਟਾਸ਼ੀਅਮ ਨਾਈਟ੍ਰੇਟ ਦੀ ਵਰਤੋਂ ਅਤੇ ਮਿੱਟੀ ਅਤੇ ਪਾਣੀ ਪਰਖ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ। ਅਖੀਰ ਵਿੱਚ ਕਿਸਾਨਾਂ ਨੂੰ ਪੀ.ਏ.ਯੂ ਸਮਾਰਟ ਸੀਡਰ ਅਤੇ ਇਸ ਨਾਲ ਬੀਜ਼ੀ ਕਣਕ ਦੀ ਪ੍ਰਦਰਸ਼ਨੀ ਦਾ ਦੌਰਾ ਕਰਵਾਇਆ ਗਿਆ ਅਤੇ ਕਿਸਾਨਾਂ ਦੇ ਸੁਆਲਾਂ ਦੇ ਜੁਆਬ ਦਿੱਤੇ ਗਏ।ਕਿਸਾਨਾਂ ਨੂੰ ਗਰਮੀ ਰੁੱਤ ਦੀਆਂ ਸਬਜ਼ੀਆਂ ਦੇ ਬੀਜ਼ ਅਤੇ ਪਨੀਰੀਆਂ ਵੀ ਮੁਹੱਈਆ ਕਰਵਾਈਆਂ ਗਈਆਂ।
ਇਸ ਕੈਂਪ ਵਿੱਚ ਭੁਪਿੰਦਰ ਸਿੰਘ, ਦੀਪ ਸਿੰਘ, ਰਘਬੀਰ ਸਿੰਘ, ਚਮਕੌਰ ਸਿੰਘ ਨੇ ਵਿਸ਼ੇਸ਼਼ ਤੌਰ ‘ਤੇ ਸ਼ਮੂਲੀਅਤ ਕੀਤੀ ਅਤੇ ਆਪੋ-ਆਪਣੇ ਵਿਚਾਰ ਸਾਂਝੇ ਕੀਤੇ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media