

ਨਵੀਂ ਦਿੱਲੀ, 24 ਨਵੰਬਰ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਪੁਰਬ ਦੇ ਸਬੰਧ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰੇ ਸਾਹਿਬਾਨ ਦੀ ਅਗਵਾਈ ਵਿੱਚ ਨਗਰ ਕੀਰਤਨ ਗੁਰਦੁਆਰਾ ਸੀਸ ਗੰਜ ਸਾਹਿਬ ਤੋਂ ਅਰਦਾਸ ਉਪਰੰਤ ਆਰੰਭ ਹੋ ਕੇ ਦਿੱਲੀ ਅਤੇ ਨਵੀਂ ਦਿੱਲੀ ਦੇ ਵੱਖ-ਵੱਖ ਬਾਜ਼ਾਰਾਂ ਚਾਂਦਨੀ ਚੌਂਕ, ਨਵੀਂ ਸੜਕ, ਚਾਵੜੀ ਬਾਜ਼ਾਰ, ਅਜਮੇਰੀ ਗੇਟ, ਪੁਲ ਪਹਾੜ ਗੰਜ, ਦੇਸ਼ ਬੰਧੂ ਗੁਪਤਾ ਰੋਡ, ਚੂਨਾ ਮੰਡੀ, ਮੇਨ ਬਾਜ਼ਾਰ ਪਹਾੜ ਗੰਜ, ਬਸੰਤ ਰੋਡ, ਪੰਚ ਕੂਈਆਂ ਰੋਡ, ਗੋਲ ਮਾਰਕੀਟ, ਗੁਰਦੁਆਰਾ ਬੰਗਲਾ ਸਾਹਿਬ ਮਾਰਗ, ਗੁਰਦੁਆਰਾ ਬੰਗਲਾ ਸਾਹਿਬ ਅਤੇ ਪੰਡਤ ਪੰਤ ਮਾਰਗ ਤੋਂ ਹੁੰਦਾ ਹੋਇਆ ਦੇਰ ਰਾਤ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਪੁੱਜਾ। ਨਗਰ ਕੀਰਤਨ ਵਿੱਚ ਨਗਾਰਾ ਗੱਡੀ, ਗੁਰੂ ਮਹਾਰਾਜ ਦੀਆਂ ਲਾਡਲੀਆਂ ਫੌਜਾਂ ਨਿਹੰਗ ਸਿੰਘ, ਬੈਂਡ ਵਾਜੇ, ਖਾਲਸਾ ਸਕੂਲਾਂ ਦੇ ਬੱਚੇ ਬੈਂਡ ਵਾਜਿਆਂ ਸਮੇਤ ਨਗਰ ਕੀਰਨ ਦੀ ਸ਼ੋਭਾ ਵਧਾ ਰਹੇ ਸਨ। ਸ਼ਸਤਰ ਵਿਦਿਆ ਦਲ ਦੇ ਗਤਕਈ ਅਖਾੜੇ (ਜਥੇ) ਸ਼ਸਤਰਾਂ ਰਾਹੀਂ ਆਪਣਾ ਕਲਾ ਦੇ ਜੌਹਰ ਦਿਖਾ ਰਹੇ ਸਨ। ਜਿਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਦੇ ਸੁਆਗਤ ਵਿੱਚ ਜਗ੍ਹਾ ਜਗਾ੍ਹ ਗੁਰੂ ਮਹਾਰਾਜ ਦੇ ਸਤਿਕਾਰ ਲਈ ਇਲਾਕੇ ਦੀਆਂ ਸੰਗਤਾਂ ਨੇ ਸਵਾਗਤੀ ਗੇਟ ਬਣਵਾਏ ਸਨ ਉਥੇ ਹੀ ਸ਼ਬਦੀ ਕੀਰਤਨੀ ਜਥੇ, ਅਖੰਡ ਕੀਰਤਨੀ ਜਥੇ ਸੰਗਤਾਂ ਨੂੰ ਨਾਮ ਸਿਮਰਨ ਕਰਵਾ ਰਹੇ ਸਨ।
ਇਸ ਮੌਕੇ ‘ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਸੰਗਤਾਂ ਨੂੰ ਸੰਬੋਧਨ ਕਰਦੇ ਕਿਹਾ ਕਿ ਹਿੰਦੁਸਤਾਨ ਵਿੱਚ ਜਦੋਂ ਮੁਗਲ ਸ਼ਾਸਕ ਔਰੰਗਜ਼ੇਬ ਵੱਲੋਂ ਹਿੰਦੂ ਧਰਮ ਤੇ ਸੰਸਕ੍ਰਿਤੀ ਨੂੰ ਤਬਾਹ ਕਰਨ ਲਈ ਹੁਕਮ ਜਾਰੀ ਕੀਤਾ ਗਿਆ ਤਾਂ ਉਸ ਸਮੇਂ ਕੇਵਲ ਗੁਰੂ ਤੇਗ ਬਹਾਦਰ ਜੀ ਹੀ ਇਸ ਸੰਸਕ੍ਰਿਤੀ ਨੂੰ ਬਚਾਉਣ ਲਈ ਅੱਗੇ ਆਏ।ਮੁਗਲ ਹਕੂਮਤ ਵੱਲੋਂ ਸਖ਼ਤੀ ਦਾ ਦੌਰ ਇਤਨਾ ਕਰੜਾ ਸੀ ਕਿ ਸਤਾਏ ਹੋਏ ਲੋਕਾਂ ਦਾ ਦੁੱਖ ਸੁਣਨ ਨੂੰ ਕੋਈ ਵੀ ਤਿਆਰ ਨਹੀਂ ਸੀ, ਪਰ ਗੁਰੂ ਸਾਹਿਬ ਨੇ ਆਪਣੇ ਸੀਸ ਦਾ ਬਲੀਦਾਨ ਦੇਕੇ ਸਾਨੂੰ ਦੂਜਿਆਂ ਧਰਮਾਂ ਦੇ ਲੋਕਾਂ ਵਾਸਤੇ ਕਾਰਜ ਕਰਨ ਦਾ ਇਤਿਹਾਸਿਕ ਸੁਨੇਹਾ ਦਿੱਤਾ ਸੀ। ਇਸ ਮੌਕੇ ‘ਤੇ ਕਮੇਟੀ ਦੇ ਜਨਰਲ ਸਕੱਤਰ ਸz. ਮਨਜਿੰਦਰ ਸਿੰਘ ਸਿਰਸਾ, ਸੀਨੀਅਰ ਮੀਤ ਪ੍ਰਧਾਨ ਰਵਿੰਦਰ ਸਿੰਘ ਖੁਰਾਣਾ, ਮੀਤ ਪ੍ਰਧਾਨ ਤਨਵੰਤ ਸਿੰਘ, ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਰਾਣਾ, ਮੈਂਬਰ ਜਥੇਦਾਰ ਅਵਤਾਰ ਸਿੰਘ ਹਿਤ, ਰਵੇਲ ਸਿੰਘ, ਚਮਨ ਸਿੰਘ ਸਾਹਿਬਪੁਰਾ, ਜਤਿੰਦਰਪਾਲ ਸਿੰਘ ਗੋਲਡੀ, ਸਤਪਾਲ ਸਿੰਘ, ਕੁਲਵੰਤ ਸਿੰਘ ਬਾਠ, ਸੁਰਜੀਤ ਸਿੰਘ ਚਾਂਦਨੀ ਚੌਂਕ, ਮਨਮੋਹਨ ਸਿੰਘ, ਰਵਿੰਦਰ ਸਿੰਘ ਲਵਲੀ, ਕੁਲਦੀਪ ਸਿੰਘ ਸਾਹਨੀ, ਬੀਬੀ ਧੀਰਜ ਕੌਰ, ਪਰਮਜੀਤ ਸਿੰਘ ਚੰਢੋਕ, ਕੁਲਮੋਹਨ ਸਿੰਘ, ਗੁਰਮੀਤ ਸਿੰਘ ਮੀਤਾ ਤੇ ਹੋਰ ਮੈਂਬਰਾਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀਆਂ ਭਰੀਆਂ।
ਨਗਰ ਕੀਰਤਨ ਤੋਂ ਪਹਿਲਾਂ ਪੰਡਿਤ ਕ੍ਰਿਪਾ ਰਾਮ ਦੇ ਵੰਸ਼ਜਾਂ ਵੱਲੋਂ ‘ਰਿਣ ਉਤਾਰ ਯਤਨ ਯਾਤਰਾ’ ਜੋ ਕਿ ਸ੍ਰੀ ਅਨੰਦਪੁਰ ਸਾਹਿਬ ਤੋਂ ਗੁਰਦੁਆਰਾ ਸੀਸ ਗੰਜ ਸਾਹਿਬ ਪੁੱਜੀ, ਜਿਸ ਦਾ ਸੁਆਗਤ ਪ੍ਰਬੰਧਕਾਂ ਵੱਲੋਂ ਕੀਤਾ ਗਿਆ।ਇਸ ਮੌਕੇ ਪੰਥ ਦੇ ਸ਼੍ਰੋਮਣੀ ਕਥਾਵਾਚਕ ਗਿਆਨੀ ਪਿੰਦਰਪਾਲ ਸਿੰਘ ਨੇ ਗੁਰੂ ਸਾਹਿਬ ਜੀ ਦੀ ਸ਼ਹੀਦੀ ਦੇ ਬਾਰੇ ਲੜੀਵਾਰ ਕਥਾ ਕਰਦੇ ਹੋਏ ਕਿਹਾ ਕਿ ਗੁਰੂ ਸਾਹਿਬ ਜੀ ਨੇ ਜਿਸ ਤਿਲਕ ਤੇ ਜੰਝੂ ਦੀ ਰੱਖਿਆ ਲਈ ਆਪਣਾ ਬਲੀਦਾਨ ਦਿੱਤਾ ਸੀ ਤੇ ਅੱਜ ਦੇ ਦਿਨ ਸਾਰੇ ਪੰਡਿਤ ਭਾਈਚਾਰੇ ਨੂੰ ਚਾਹੀਦਾ ਹੈ ਕਿ ਆਪਣਾ ਜਨੇਊ ਧਾਰਨ ਕਰਨ ਤੋਂ ਪਹਿਲਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਨੂੰ ਨਮਨ ਜ਼ਰੂਰ ਕਰਨ। ਸ਼ਹੀਦੀ ਪੁਰਬ ਸਬੰਧੀ ਮੁਖ ਸਮਾਗਮ ਭਾਈ ਲੱਖੀਸ਼ਾਹ ਵਣਜਾਰਾ ਹਾਲ, ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ 25 ਨਵੰਬਰ, 2014 ਨੂੰ ਅੰਮ੍ਰਿਤ ਵੇਲੇ ਤੋਂ ਦੇਰ ਰਾਤ ਤੱਕ ਹੋਵੇਗਾ, ਜਿਸ ਵਿੱਚ ਪੰਥ ਦੇ ਪ੍ਰਸਿੱਧ ਰਾਗੀ/ਢਾਡੀ ਜਥੇ ਅਤੇ ਪ੍ਰਚਾਰ ਗੁਰਬਾਣੀ ਦੇ ਮਨੋਹਰ ਕੀਰਤਨ/ਕਥਾ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ।
Punjab Post Daily Online Newspaper & Print Media