48ਵੀਂ ਕਨਵੋਕੇਸ਼ਨ `ਤੇ ਇਕਬਾਲ ਸਿੰਘ ਚਾਹਲ ਅਤੇ ਪ੍ਰੋ. ਗਗਨਦੀਪ ਕੰਗ ਨੂੰ ਮਿਲਣਗੀਆਂ ਆਨਰਜ਼ ਕਾਜ਼ਾ ਡਿਗਰੀਆਂ
ਅੰਮ੍ਰਿਤਸਰ, 21 ਮਾਰਚ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਿੰਡੀਕੇਟ ਅਤੇ ਸੈਨੇਟ ਵੱਲੋਂ ਅੱਜ ਜਿਥੇ ਵਿੱਤੀ ਸਾਲ 2022-23 ਦੇ 615 ਕਰੋੜ 93
ਲੱਖ 19 ਹਜ਼ਾਰ ਰੁਪਏ ਦੇ ਬਜਟ ਨੂੰ ਸਰਬ-ਸੰਮਤੀ ਨਾਲ ਪ੍ਰਵਾਨਗੀ ਦੇ ਦਿੱਤੀ ਗਈ ਉਥੇ ਯੂਨੀਵਰਸਿਟੀ ਨੂੰ ਉਚੇਰੀ ਸਿਖਿਆ ਵਿਚ ਹੋਰ ਉਚਾ ਚੁੱਕਣ ਦੇ ਲਈ ਕਈ ਹੋਰ ਮਹੱਤਵਪੂਰਨ ਫੈਸਲਿਆਂ `ਤੇ ਵੀ ਮੋਹਰ ਲਾ ਦਿੱਤੀ ਗਈ।ਇਸ ਦੇ ਨਾਲ ਹੀ ਅੱਜ ਦੀ ਸੈਨੇਟ ਮੀਟਿੰਗ ਵਿਚ 48ਵੀਂ ਕਨਵੋਕੇਸ਼ਨ ਮੌਕੇ ਇਕਬਾਲ ਸਿੰਘ ਚਾਹਲ (ਆਈ.ਏ.ਐਸ) ਮਿਉਂਸੀਪਲ ਕਮਿਸ਼ਨਰ ਐਂਡ ਐਡਮਨਿਸਟਰੇਟਰ ਆਫ ਬ੍ਰਿਹਾਨਮੁੰਬਈ, ਮਿਊਂਸੀਪਲ ਕਾਰਪੋਰੇਸ਼ਨ, ਮਹਾਂਰਾਸ਼ਟਰਾ ਅਤੇ ਪ੍ਰੋ. ਗਗਨਦੀਪ ਕੰਗ (ਐਫ.ਆਰ.ਐਸ.) ਡਿਪਾਰਟਮੈਂਟ ਆਫ ਗੈਸਟਰੋਇਨਟੈਸਟੀਨਲ ਸਾਇੰਸ ਕ੍ਰਿਸ਼ਚਨ ਮੈਡੀਕਲ ਕਾਲਜ ਵਿਲੋਰ ਤਾਮਿਲਨਾਡੂ ਨੂੰ ਆਨਰਜ਼ ਕਾਜ਼ਾ ਡਾਕਟਰੇਟ ਡਿਗਰੀ ਦੇਣ ਦਾ ਫੈਸਲਾ ਵੀ ਕੀਤਾ ਗਿਆ।ਹੋਰ ਅਹਿਮ ਫੈਸਲਿਆਂ ਵਿੱਚ ਵੱਖ-ਵੱਖ ਅਦਾਰਿਆਂ ਅਤੇ ਵਿਭਾਗ ਦੇ ਨਾਮ ਬਦਲਣ ਦਾ ਫੈਸਲਾ ਵੀ ਕੀਤਾ ਗਿਆ।ਜਿਸ ਵਿਚ ਗੁਰੂ ਗੋਬਿੰਦ ਸਿੰਘ ਕਾਲਜ ਜੰਡਿਆਲਾ (ਜਲੰਧਰ) ਦਾ ਨਾਮ ਬਦਲਣ ਉਪਰੰਤ ਗੁਰੂ ਗੋਬਿੰਦ ਸਿੰਘ ਯੂਨੀਵਰਸਿਟੀ ਕਾਲਜ ਜੰਡਿਆਲਾ (ਜਲੰਧਰ); ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਕਲਾਨੌਰ ਦਾ ਸ਼ਹੀਦ ਲਛਮਣ ਸਿੰਘ ਧਾਰੋਵਾਲੀ ਯੂਨੀਵਰਸਿਟੀ ਕਾਲਜ ਕਲਾਨੌਰ ਅਤੇ ਯੂਨੀਵਰਸਿਟੀ ਪਲੇਸਮੈਂਟ ਯੂਨਿਟ ਦਾ ਡਾਇਰੈਕਟੋਰੇਟ ਆਫ ਪਲੇਸਮੈਂਟ ਐਂਡ ਕੈਰੀਅਰ ਐਨਹਾਂਸਮੈਂਟ ਹੋਣਗੇ।ਇਸ ਤੋਂ ਇਲਾਵਾ ਪੰਜਾਬੀ ਦੇ ਉਘੇ ਵਿਅੰਗਕਾਰ ਡਾ. ਗੁਰਨਾਮ ਸਿੰਘ ਤੀਰ (ਚਾਚਾ ਚੰਡੀਗੜ੍ਹੀਆ) ਦੀ ਯਾਦ ਵਿਚ ਭਾਈ ਗੁਰਦਾਸ ਲਾਇਬ੍ਰੇਰੀ ਵਿਖੇ ਇੱਕ ਬੁੱਕ-ਸਪੇਸ ਤਿਆਰ ਕੀਤਾ ਜਾਵੇਗਾ, ਜਿਸ ਵਿਚ ਉਨ੍ਹਾਂ ਦੀਆਂ ਪੁਸਤਕਾਂ, ਲੇਖ ਅਤੇ ਹੋਰ ਲਿਖਤਾਂ ਨੂੰ ਸਾਂਭਿਆ ਜਾਵੇਗਾ।ਇਸ ਤੋਂ ਪਹਿਲਾਂ ਪੰਜਾਬੀ ਦੇ ਨਾਵਲਕਾਰ ਨਾਨਕ ਸਿੰਘ ਦੀ ਯਾਦ ਵਿਚ ਵੀ ਗੈਲਰੀ ਬਣਾਉਣ ਦਾ ਫੈਸਲਾ ਕੀਤਾ ਜਾ ਚੁੱਕਾ ਹੈ।
ਬਜ਼ਟ ਸ਼ੁਰੂ ਹੋਣ ਤੋਂ ਪਹਿਲਾਂ ਵਾਈਸ ਚਾਂਸਲਰ ਪ੍ਰੋ. ਸੰਧੂ ਨੇ ਪਿਛਲੇ ਸਾਲਾਂ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ ਉਥੇ ਅਗਲੇ ਸਾਲ ਲਈ ਕੀਤੇ ਜਾਣ ਵਾਲੇ ਕੰਮਾਂ ਤੋਂ ਜਾਣੂ ਕਰਵਾਉਂਦਿਆਂ ਦੱਸਿਆ ਕਿ ਯੂਨੀਵਰਸਿਟੀ ਨੇ ਖੋਜ ਦੇ ਖੇਤਰ ਵਿਚ ਆਪਣੇ ਐਚ.ਇੰਡੈਕਸ ਨੂੰ 64 ਤੋਂ 124 ਤਕ ਪਹੁੰਚਾ ਦਿੱਤਾ ਹੈ ਅਤੇ ਇਸ ਦੇ ਨਾਲ ਹੀ ਭਾਈ ਗੁਰਦਾਸ ਲਾਇਬ੍ਰੇਰੀ ਨੂੰ ਉਤਰੀ ਭਾਰਤ ਦੀਆਂ ਯੂਨੀਵਰਸਟਿੀਆਂ ਵਿਚੋਂ ਇਕੋ ਇਕ ਸੌ ਫੀਸਦ ਡਿਜ਼ੀਟਲ ਲਾਇਬ੍ਰੇਰੀ ਵਿਚ ਤਬਦੀਲ ਕਰ ਦਿਤਾ ਗਿਆ ਹੈ।ਜਿਸ ਵਿਚ ਹੁਣ ਵਿਦਿਆਰਥੀ ਬਿਨਾ ਕਿਸੇ ਦਖਲਅੰਦਾਜ਼ੀ ਦੇ ਆਪੇ ਹੀ ਕਿਤਾਬਾਂ ਜਾਰੀ ਅਤੇ ਜਮ੍ਹਾਂ ਕਰਵਾ ਸਕਣੇ।
ਇਸ ਬਜਟ ਵਿਚ ਜਿਥੇ ਪ੍ਰਮੁੱਖ ਤੌਰ `ਤੇ ਅਧਿਆਪਨ, ਖੋਜ, ਅਤੇ ਕਿਤਾ ਮੁਖੀ ਕੋਰਸਾਂ ਨੂੰ ੳਤਸ਼ਾਹਿਤ ਕਰਨ ਤੇ ਜ਼ੋਰ ਦਿਤਾ ਗਿਆ ਹੈ ਉਥੇ ਯੂਨੀਵਰਸਿਟੀ ਦੇ ਮੁਢਲੇ ਢਾਂਚੇ ਤੇ ਵਾਤਾਵਰਣ ਨੂੰ ਹੋਰ ਵੀ ਵਧੀਆ ਬਣਾਉਣ ਲਈ ਵੀ ਵਿਸ਼ੇਸ਼ ਬਜ਼ਟ ਰੱਖਿਆ ਗਿਆ ਹੈ।ਯੂਨੀਵਰਸਿਟੀ ਇਸ ਬੱਜਟ ਵਿਚੋਂ 45.63 ਫੀਸਦ ਰਕਮ ਅਧਿਆਪਨ, ਅਲਾਈਡ ਅਧਿਆਪਨ, ਖੋਜ ਅਤੇ ਸਿਖਿਆ ਵਿਚ ਸੁਧਾਰ ਲਿਆਉਣ ਲਈ ਖਰਚ ਕਰਨ ਜਾ ਰਹੀ ਹੈ।
ਯੂਨੀਵਰਸਿਟੀ ਦੇ ਦੋਵਾਂ ਸਦਨਾਂ ਦੀਆਂ ਵੱਖ ਵੱਖ ਮੀਟਿੰਗਾਂ ਦੀ ਪ੍ਰਧਾਨਗੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਪ੍ਰੋਫੈਸਰ ਜਸਪਾਲ ਸਿੰਘ ਸੰਧੂ ਨੇ ਕੀਤੀ ਜਦੋਂਕਿ ਰਜਿਸਟਰਾਰ ਪ੍ਰੋ. ਕਰਨਜੀਤ ਸਿੰਘ ਕਾਹਲੋਂ ਨੇ ਦੋਵਾਂ ਮੀਟਿੰਗਾਂ ਵਿਚ ਏਜੰਡਾ ਪੇਸ਼ ਕੀਤਾ ਅਤੇ ਡੀਨ ਅਕਾਦਮਿਕ ਮਾਮਲੇ, ਪ੍ਰੋ. ਹਰਦੀਪ ਸਿੰਘ ਹਾਜ਼ਰ ਸਨ।
ਬਜ਼ਟ ਦਾ 45.63 ਫੀਸਦ ਅਧਿਆਪਨ ਅਲਾਈਡ ਖੋਜ ਅਤੇ ਸਿੱਖਿਆ ਦੇ ਸੁਧਾਰ ਤੇ ਖਰਚ ਕੀਤਾ ਜਾਵੇਗਾ, ਨਾਨ ਟੀਚਿੰਗ ਵਿਭਾਗਾਂ ਤੇ 11.78 ਫੀਸਦ, ਜਨਰਲ ਐਡਮਿਨੀਸਟਰੇਸ਼ਨ ਤੇ 10.46 ਫੀਸਦ, ਪ੍ਰੀਖਿਆਵਾਂ ਦੇ ਸੰਚਾਲਨ ਤੇ 3.63 ਫੀਸਦ, ਆਮ ਮੱਦਾਂ ( ਟੀਚਿੰਗ ਅਤੇ ਨਾਨ ਟੀਚਿੰਗ ) ਤੇ 21.78 ਫੀਸਦ ਅਤੇ ਇਮਾਰਤਾਂ ਦੀ ਉਸਾਰੀ ਤੇ 6.72 ਫੀਸਦ ਖਰਚ ਕੀਤਾ ਜਾਵੇਗਾ।
ਵਾਈਸ ਚਾਂਸਲਰ ਪ੍ਰੋ. ਸੰਧੂ ਨੇ ਕਿਹਾ ਕਿ ਸਾਲ 2021-22 ਦੌਰਾਨ ਹੋਣਹਾਰ ਅਤੇ ਲੋੜਵੰਦ ਵਿਦਿਆਰਥੀ ਦੀ ਆਰਥਿਕ ਮਦਦ ਲਈ 2 ਕਰੋੜ 55 ਲੱਖ ਰੁਪਏ ਦੀ ਟਿਊਸ਼ਨ ਫੀਸ (ਪੂਰੀ ਅਤੇ ਅੱਧੀ) ਦੀ ਮੁਆਫੀ ਦਿੱਤੀ ਗਈ। ਇਸੇ ਤਰ੍ਹਾਂ ਪੋਸਟ ਮੈਟਰਿਕ ਸਕਾਲਰਸ਼ਿਪ ਟੂ ਐਸ.ਸੀ ਸਟੂਡੈਂਟ ਸਕੀਮ ਅਧੀਨ ਅਨੂਸੂਚਿਤ ਜਾਤੀ ਦੇ 1406 ਵਿਦਿਆਰਥੀਆਂ ਦਾ ਫੀਸ ਕਲੇਮ ਪੰਜਾਬ ਸਰਕਾਰ ਨੂੰ ਭੇਜਿਆ ਜਾ ਚੁੱਕਿਆ ਹੈ।ਇਸ ਤੋਂ ਛੁੱਟ ਨੈਸ਼ਨਲ ਸਕਾਲਰਸ਼ਿਪ ਸਕੀਮ ਅਧੀਨ ਲਗਪਗ 62 ਵਿਦਿਆਰਥੀਆਂ ਦੇ ਫਾਰਮ ਆਨਲਾਈਨ ਸਰਕਾਰ ਪਾਸ ਭੇਜੇ ਜਾ ਚੁੱਕੇ ਹਨ।ਯੂਨੀਵਰਸਿਟੀ ਵੱਲੋਂ ਗਰੀਬ ਵਰਗ ਦੇ ਵਿਦਿਆਰਥੀਆਂ ਦੀ ਹਰ ਪੱਖ ਤੋਂ ਮਦਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਉਹ ਉਚੇਰੀ ਵਿਦਿਆ ਹਾਸਲ ਕਰਕੇ ਦੇਸ਼ ਦੀ ਤਰੱਕੀ ਵਿਚ ਆਪਣਾ ਯੋਗਦਾਨ ਪਾ ਸਕਣ।
ਉਨ੍ਹਾਂ ਦੱਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ ਲਈ ਪੰਜਾਬ ਸਰਕਾਰ ਵੱਲੋਂ 5 ਕਰੋੜ ਰੁਪਏ ਦੀ ਗ੍ਰਾਂਟ ਵਿਤੀ ਸਾਲ 2021-22 ਦੌਰਾਨ ਪ੍ਰਵਾਨ ਹੋਈ ਹੈ, ਜਿਸ ਵਿਚੋਂ ਪਹਿਲੀ, ਦੂਜੀ ਅਤੇ ਤੀਜੀ ਤਿਮਾਹੀ ਦੀ ਕਿਸ਼ਤ ਪ੍ਰਾਪਤ ਹੋ ਚੁੱਕੀ ਹੈ ਅਤੇ ਚੌਥੀ ਤਿਮਾਹੀ ਦੀ ਕਿਸ਼ਤ ਜਲਦ ਹੀ ਪ੍ਰਾਪਤ ਹੋਣ ਦੀ ਆਸ ਹੈ।ਵਿਤੀ ਸਾਲ 2022-23 ਦੌਰਾਨ ਵੀ 5 ਕਰੋੜ ਰੁਪਏ ਦੀ ਗ੍ਰਾਂਟ ਪੰਜਾਬ ਸਰਕਾਰ ਵੱਲੋਂ ਪ੍ਰਾਪਤ ਹੋਣ ਦੀ ਆਸ ਹੈ।ਇਸ ਤੋਂ ਇਲਾਵਾ ਮਨਿਸਟਰੀ ਆਫ ਯੂਥ ਅਫੇਅਰਜ਼ ਐਂਡ ਸਪੋਰਟਸ, ਨਵੀਂ ਦਿੱਲੀ ਵੱਲੋਂ ਮਿਆਸ ਡਿਪਾਰਟਮੈਂਟ ਆਫ ਸਪੋਰਟਸ ਸਾਇੰਸ ਐਂਡ ਮੈਡੀਸਨ ਲਈ ਲਗਭਗ 01 ਕਰੋੜ 87 ਲੱਖ ਰੁਪਏ ਦੀ ਗ੍ਰਾਂਟ ਪ੍ਰਾਪਤ ਹੋਈ ਹੈ।ਪੰਜਾਬ ਸਰਕਾਰ ਵੱਲੋਂ ਸਾਲ 2021-22 ਦੌਰਾਨ ਰੂਸਾ 1.0 ਸਕੀਮ ਅਧੀਨ 5 ਕਰੋੜ ਰੁਪਏ ਦੀ ਗ੍ਰਾਂਟ ਅਤੇ ਡਿਜੀਟਲ ਲਾਇਬ੍ਰੇਰੀ ਲਈ 2 ਕਰੋੜ ਰੁਪਏ ਦੀ ਗ੍ਰਾਂਟ ਪ੍ਰਾਪਤ ਹੋਈ ਹੈ। ਰੂਸਾ 2.0 ਸਕੀਮ ਅਧੀਨ ਪ੍ਰਵਾਨਿਤ 100 ਕਰੋੜ ਰੁਪਏ ਦੀ ਗ੍ਰਾਂਟ ਵਿਚੋਂ 41.67 ਕਰੋੜ ਰੁਪਏ ਦੀ ਗ੍ਰਾਂਟ ਪ੍ਰਾਪਤ ਹੋ ਚੁੱਕੀ ਹੈ।ਜਿਸ ਵਿਚੋਂ ਖਰਚ ਚੱਲ ਰਿਹਾ ਹੈ।ਕੁੱਲ 200 ਬੈਡਾਂ ਵਾਲੇ ਸਪੋਰਟਸ ਹੋਸਟਲ ਦੀ ਉਸਾਰੀ ਲਈ ਖੇਲੋ ਇੰਡੀਆ ਸਕੀਮ ਦੇ ਤਹਿਤ ਗ੍ਰਾਂਟ ਦੀ ਦੂਜੀ ਕਿਸ਼ਤ 6.20 ਕਰੋੜ ਰੁਪਏ ਸਾਲ 2021-22 ਦੌਰਾਨ ਪ੍ਰਾਪਤ ਹੋ ਚੁੱਕੀ ਹੈ।
ਯੂਨੀਵਰਸਿਟੀ ਨੇ ਵੱਖ-ਵੱਖ ਵਿਭਾਗਾਂ ਦੇ 1023 ਵਿਦਿਆਰਥੀਆਂ ਵੱਲੋਂ ਆਪਣੀ ਵਧੀਆ ਕਾਰਗੁਜ਼ਾਰੀ ਸਦਕਾ ਰਾਸ਼ਟਰੀ ਅਤੇ ਅੰਤਰਾਸ਼ਟਰੀ ਪੱਧਰ ਦੀਆਂ ਕੰਪਨੀਆਂ ਵਿੱਚ ਨੌਕਰੀਆਂ ਪ੍ਰਾਪਤ ਕੀਤੀਆਂ ਹਨ। ਯੂਨੀਵਰਸਿਟੀ ਅਤੇ ਇਸ ਦੇ ਕਾਲਜ ਵਿਦਿਆਰਥੀਆਂ ਵੱਲੋਂ ਖੇਡਾਂ ਦੇ ਖੇਤਰ ਵਿਚ ਮੱਲਾਂ ਮਾਰੀਆਂ ਜਾ ਰਹੀਆਂ ਹਨ।ਯੂਨੀਵਰਸਿਟੀ ਦੇ ਖਿਡਾਰੀਆਂ ਵੱਲੋਂ ਸਾਲ 2021-22 ਦੌਰਾਨ ਵੱਖ ਵੱਖ ਖੇਡਾਂ ਵਿਚ ਵਧੀਆ ਪ੍ਰਦਰਸ਼ਨ ਕਰਦੇ ਹੋਏ 25 ਗੋਲਡ, 16 ਸਿਲਵਰ ਅਤੇ 14 ਤਾਂਬੇ ਦੇ ਮੈਡਲ ਜਿਤੇ ਹਨ।ਇਸ ਤੋਂ ਇਲਾਵਾ ਯੂਨੀਵਰਸਿਟੀ ਵਿਦਿਆਰਥੀਆਂ ਵੱਲੋਂ ਜ਼ੋਨਲ ਅਤੇ ਇੰਟਰ ਜ਼ੋਨਲ ਯੂਥ ਫੈਸਟੀਵਲਾਂ ਦੇ ਵੱਖ ਵੱਖ ਮੁਕਾਬਲਿਆਂ ਵਿਚ ਵਧੀਆ ਪ੍ਰਦਰਸ਼ਨ ਕਰਦੇ ਹੋਏ ਪਹਿਲੇ, ਦੂਜੇ ਅਤੇ ਤੀਜੇ ਸਥਾਨ ਦੀਆਂ ਪੋਜੀਸ਼ਨਾਂ ਹਾਸਲ ਕੀਤੀਆਂ ਹਨ।
ਮੀਟਿੰਗ `ਚ ਹਾਜ਼ਰ ਮੈਂਬਰਾਂ ਨੇ ਯੂਨੀਵਰਸਿਟੀ ਦੀਆਂ ਉਪਲੱਬਧੀਆਂ ਅਤੇ ਪੇਸ਼ ਕੀਤੇ ਬਜਟ ਨੂੰ ਉਸਾਰੂ ਅਤੇ ਸੁਚਾਰੂ ਦਸੁਿਦਆਂ ਵਾਈਸ ਚਾਂਸਲਰ ਨੂੰ ਵਧਾਈ ਦਿੱਤੀ।ਵਾਈਸ ਚਾਂਸਲਰ ਨੇ ਯੂਨੀਵਰਸਿਟੀ ਨੂੰ ਹੋਰ ਵੀ ਅੱਗੇ ਲੈ ਕੇ ਜਾਣ ਲਈ ਸੁਝਾਆਂ ਦੀ ਮੰਗ ਕਰਦਿਆਂ ਉਨਾਂ੍ਹ ਵਿਸ਼ਵਾਸ ਦਿਵਾਇਆ ਕਿ ਸਾਰਿਆਂ ਦੇ ਸਹਿਯੋਗ ਨਾਲ ਇਹ ਯੂਨੀਵਰਸਿਟੀ ਹੋਰ ਬੁਲੰਦੀਆਂ `ਤੇ ਜਾਵੇਗੀ।
Check Also
ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ
ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …
Punjab Post Daily Online Newspaper & Print Media