Tuesday, May 26, 2026

ਪੰਜਾਬ ‘ਚ ਨਹੀਂ ਲਗਾਇਆ ਜਾਵੇਗਾ ਕੋਈ ਨਵਾਂ ਟੈਕਸ – ਹਰਪਾਲ ਸਿੰਘ ਚੀਮਾ

ਕਿਹਾ, ਫਜ਼ੂਲ ਖਰਚੀ ਨੂੰ ਰੋਕ ਕੇ ਟੈਕਸ ਚੋਰੀ ਨੂੰ ਸਖ਼ਤੀ ਨਾਲ ਠੱਲ ਪਾਵਾਂਗੇ – ਚੀਮਾ

ਸੰਗਰੂਰ, 24 ਮਾਰਚ (ਜਗਸੀਰ ਲੌਂਗੋਵਾਲ) – ਪੰਜਾਬ ਦੇ ਵਿੱਤ, ਯੋਜਨਾਬੰਦੀ, ਪ੍ਰੋਗਰਾਮ ਲਾਗੂ ਕਰਨ, ਕਰ ਤੇ ਆਬਕਾਰੀ ਅਤੇ ਸਹਿਕਾਰਤਾ ਵਿਭਾਗ ਦੇ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਵਿੱਚ ਕੋਈ ਨਵਾਂ ਟੈਕਸ ਨਹੀਂ ਲਗਾਇਆ ਜਾਵੇਗਾ ਅਤੇ ਬਿਨਾਂ ਕੋਈ ਨਵਾਂ ਟੈਕਸ ਲਗਾਇਆਂ ਪਹਿਲਾਂ ਤੋਂ ਲੱਗ ਰਹੇ ਟੈਕਸਾਂ ਰਾਹੀਂ ਹੀ ਸੂਬੇ ਦੇ ਘਟਦੇ ਮਾਲੀਏ ਨੂੰ ਮੁੜ ਸੁਰਜੀਤ ਕੀਤਾ ਜਾਵੇਗਾ।ਪੰਜਾਬ ਸਰਕਾਰ ਵਿੱਚ ਕੈਬਨਿਟ ਮੰਤਰੀ ਦਾ ਅਹੁੱਦਾ ਸੰਭਾਲਣ ਮਗਰੋਂ ਪਹਿਲੀ ਵਾਰ ਸੰਗਰੂਰ ਪੁੱਜੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪੀ.ਡਬਲਿਊ.ਡੀ ਰੈਸਟ ਹਾਊਸ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਜਿਥੇ ਸੂਬੇ ਵਿੱਚ ਫਜ਼ੂਲ ਖਰਚੀ ਨੂੰ ਰੋਕਿਆ ਜਾਵੇਗਾ, ਉਥੇ ਹੀ ਟੈਕਸ ਚੋਰੀ ਨੂੰ ਵੀ ਸਖ਼ਤੀ ਨਾਲ ਠੱਲ ਪਾਈ ਜਾਵੇਗੀ।ਕੈਬਨਿਟ ਮੰਤਰੀ ਨੇ ਕਿਹਾ ਕਿ ਸੂਬੇ ਵਿੱਚੋਂ ਭ੍ਰਿਸ਼ਟਾਚਾਰ ਦਾ ਮੁਕੰਮਲ ਸਫ਼ਾਇਆ ਕੀਤਾ ਜਾਵੇਗਾ ਅਤੇ ਸਾਰਾ ਪੈਸਾ ਯੋਗ ਪ੍ਰਣਾਲੀ ਰਾਹੀਂ ਲੋਕਾਂ ਦੀ ਭਲਾਈ ਹਿੱਤ ਖਰਚ ਕਰਨ ਲਈ ਸਾਰੀਆਂ ਯੋਜਨਾਵਾਂ ਨੂੰ ਵਧੀਆ ਢੰਗ ਨਾਲ ਲਾਗੂ ਕੀਤਾ ਜਾਵੇਗਾ।ਉਨਾਂ ਕਿਹਾ ਕਿ ਸਰਕਾਰ ਵਲੋਂ ਸਾਲ ਦੇ ਪਹਿਲੇ ਤਿੰਨ ਮਹੀਨਿਆਂ ਲਈ 37 ਹਜ਼ਾਰ 120 ਕਰੋੜ ਰੁਪਏ ਦੇ ਬਜਟ ਨੂੰ ਪ੍ਰਵਾਨਗੀ ਦਿੱਤੀ ਗਈ ਹੈ ਅਤੇ ਤਿੰਨ ਮਹੀਨਿਆਂ ਬਾਅਦ ਅਗਲਾ ਬਜ਼ਟ ਪੇਸ਼ ਕੀਤਾ ਜਾਵੇਗਾ, ਜਿਸ ਦੀ ਤਿਆਰੀ ਚੱਲ ਰਹੀ ਹੈ।ਉਨਾਂ ਕਿਹਾ ਕਿ ਆਉਣ ਵਾਲਾ ਬਜ਼ਟ ਲੋਕਾਂ ਦੀਆਂ ਆਸਾਂ ਉਮੀਦਾਂ ’ਤੇ ਖਰਾ ਉਤਰੇਗਾ ਅਤੇ ਲੋਕ ਵੱਡੀ ਰਾਹਤ ਮਹਿਸੂਸ ਕਰਨਗੇ।
                     ਕੈਬਨਿਟ ਮੰਤਰੀ ਚੀਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਪੰਜਾਬ ਦੇ ਲੋਕਾਂ ਨੂੰ ਜਿੰਨੀਆਂ ਵੀ ਗਾਰੰਟੀਆਂ ਦਿੱਤੀਆਂ ਗਈਆਂ ਹਨ, ਉਨਾਂ ਨੂੰ ਸੌ ਫੀਸਦੀ ਪੂਰਾ ਕੀਤਾ ਜਾਵੇਗਾ ਅਤੇ ਇਨਾਂ ਗਾਰੰਟੀਆਂ ਨੂੰ ਪੂਰਾ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਅਤੇ ਆਉਂਦੇ ਤਿੰਨ ਮਹੀਨਿਆਂ ਅੰਦਰ ਇਸ ਦੇ ਸਾਰਥਕ ਨਤੀਜੇ ਸਾਹਮਣੇ ਆਉਣ ਲੱਗ ਜਾਣਗੇ।ਇੱਕ ਸਵਾਲ ਦੇ ਜਵਾਬ ਵਿੱਚ ਉਨਾਂ ਕਿਹਾ ਕਿ ਪਿਛਲੀ ਸਰਕਾਰ ਨੇ ਅੰਤਿਮ ਸਮੇਂ ਵਿੱਚ ਜੋ ਗਰਾਂਟਾਂ ਜਾਰੀ ਕੀਤੀਆਂ ਸਨ ਉਸ ਵਿੱਚ ਵੱਡੀਆਂ ਖਾਮੀਆਂ ਹਨ, ਜਿਸ ਕਰਕੇ ਗ੍ਰਾਂਟਾਂ ਨੂੰ ਰੋਕ ਕੇ ਖਾਮੀਆਂ ਨੂੰ ਦੂਰ ਕਰਕੇ ਸਕੀਮਾਂ ਨੂੰ ਨਵੇਂ ਸਿਰਿਉਂ ਸਹੀ ਢੰਗ ਨਾਲ ਲਾਗੂ ਕਰਕੇ ਪਿੰਡਾਂ ਤੇ ਸ਼ਹਿਰਾਂ ਦਾ ਸਰਵਪੱਖੀ ਵਿਕਾਸ ਯਕੀਨੀ ਬਣਾਇਆ ਜਾਵੇਗਾ।ਉਨਾਂ ਕਿਹਾ ਕਿ ਸਰਕਾਰ ਵੱਲੋਂ ਜਾਰੀ ਕੀਤੀਆਂ ਜਾਣ ਵਾਲੀਆਂ ਗਰਾਂਟਾਂ ਦਾ ਜ਼ਮੀਨੀ ਪੱਧਰ ‘ਤੇ ਸਹੀ ਢੰਗ ਨਾਲ ਪ੍ਰਯੋਗ ਕੀਤਾ ਜਾਣਾ ਲਾਜ਼ਮੀ ਬਣਾਇਆ ਜਾਵੇਗਾ।ਪੰਜਾਬ ਵਿਚੋਂ ਰੇਤ, ਸ਼ਰਾਬ, ਟਰਾਂਸਪੋਰਟ ਆਦਿ ਦਾ ਮਾਫੀਆ ਖ਼ਤਮ ਕਰਕੇ ਆਮਦਨ ਦੇ ਨਵੇਂ ਸਰੋਤ ਪੈਦਾ ਕੀਤੇ ਜਾਣਗੇ।ਜਿਹੜੇ ਪ੍ਰੋਜੈਕਟ ਉਤੇ 500 ਕਰੋੜ ਰੁਪਏ ਖਰਚ ਹੋਣਾ ਸੀ ਉਸ ਉਤੇ ਹਜ਼ਾਰ ਬਾਰਾਂ ਸੌ ਕਰੋੜ ਰੁਪਏ ਖਰਚ ਹੋ ਰਹੇ ਸਨ ਅਤੇ ਓਹੀ ਖਰਚਾ ਹੁਣ 500 ਕਰੋੜ ਰੁਪਏ ‘ਤੇ ਲਿਆਂਦਾ ਜਾਵੇਗਾ।ਉਨ੍ਹਾਂ ਕਿਹਾ ਕਿ ਕੇਜਰੀਵਾਲ ਅਤੇ ਭਗਵੰਤ ਮਾਨ ਦੀ ਅਗਵਾਈ ਹੇਠ ਫੈਸਲੇ ਲੈ ਕੇ ਬੇਲੋੜੇ ਖਰਚਿਆਂ ਨੂੰ ਖ਼ਤਮ ਕਰਕੇ ਪੰਜਾਬ ਦਾ ਖਜ਼ਾਨਾ ਭਰਿਆ ਜਾਵੇਗਾ ਤੇ ਵਿਕਾਸ ਵੀ ਕਰਵਾਇਆ ਜਾਵੇਗਾ।
                  ਕੈਬਨਿਟ ਮੰਤਰੀ ਨੇ ਕਿਹਾ ਕਿ ਪਹਿਲੀ ਅਪ੍ਰੈਲ ਤੋਂ ਆਰੰਭ ਹੋਣ ਵਾਲੀ ਕਣਕ ਦੀ ਸਮੁੱਚੀ ਖਰੀਦ ਪ੍ਰਕਿਰਿਆ ਦੌਰਾਨ ਕਿਸਾਨਾਂ, ਆੜ੍ਹਤੀਆਂ ਸਮੇਤ ਕਿਸੇ ਵੀ ਵਰਗ ਨੂੰ ਕੋਈ ਦਿੱਕਤ ਪੇਸ਼ ਨਹੀਂ ਆਵੇਗੀ।ਵਿੱਤ ਮੰਤਰੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਸਮੇਂ ਟੈਕਸ, ਐਕਸਾਈਜ਼, ਫਾਇਨਾਂਸ ਆਦਿ ਵਿਭਾਗ ਵੱਖ ਵੱ ਮੰਤਰੀਆਂ ਕੋਲ ਹੁੰਦੇ ਸਨ ਅਤੇ ਆਪਸੀ ਤਾਲਮੇਲ ਨਾ ਬੈਠਣ ਕਾਰਨ ਨਾ ਤਾਂ ਸਮੇਂ ਸਿਰ ਮੀਟਿੰਗਾਂ ਹੁੰਦੀਆਂ ਸਨ ਅਤੇ ਨਾ ਹੀ ਸਕੀਮਾਂ ਸਫ਼ਲਤਾ ਨਾਲ ਪ੍ਰਵਾਨ ਚੜਦੀਆਂ ਸਨ।ਪਰ ਹੁਣ ਪਹਿਲੀ ਵਾਰ ਹੋਇਆ ਕਿ ਇੱਕ ਹੀ ਮੰਤਰੀ ਨੂੰ ਇਹ ਮਹਿਕਮੇ ਮਿਲੇੇ ਹਨ ਜਿਸ ਨਾਲ ਟੈਕਸ ਦੀ ਕੁਲੈਕਸ਼ਨ, ਕਿਥੋਂ ਰੈਵੇਨਿਊ ਇਕੱਤਰ ਹੋਣਾ ਹੈ, ਐਕਸਾਈਜ਼ ਪਾਲਸੀ ਆਦਿ ਬਾਰੇ ਇੱਕ ਜਗਾ ’ਤੇ ਮੀਟਿੰਗ ਹੋਵੇਗੀ।ਜਿਸ ਨਾਲ ਯੋਜਨਾਵਾਂ ਪ੍ਰਭਾਵੀ ਢੰਗ ਨਾਲ ਲਾਗੂ ਕਰਕੇ ਟੈਕਸ ਦੀ ਚੋਰੀ ਨੂੰ ਸਖਤੀ ਨਾਲ ਰੋਕਿਆ ਜਾ ਸਕੇਗਾ। ਉਨਾਂ ਕਿਹਾ ਕਿ ਲੋਕ ਇਮਾਨਦਾਰੀ ਨਾਲ ਟੈਕਸ ਅਦਾ ਕਰਦੇ ਹਨ ਅਤੇ ਜਦੋਂ ਮਾਫ਼ੀਏ ਖਤਮ ਹੋ ਗਏ ਅਤੇ ਖਜ਼ਾਨੇ ਨੂੰ ਖੋਰਾ ਲੱਗਣਾ ਖਤਮ ਹੋਣ ਨਾਲ ਖ਼ਜ਼ਾਨਾ ਭਰੇਗਾ ਅਤੇ ਖਜ਼ਾਨੇ ਨੂੰ ਲੋਕਾਂ ਦੀ ਭਲਾਈ ਲਈ ਹੀ ਵਰਤਿਆ ਜਾਵੇਗਾ।
               ਇਸ ਮੌਕੇ ਡਿਪਟੀ ਕਮਿਸ਼ਨਰ ਰਾਮਵੀਰ ਅਤੇ ਐਸ.ਐਸ.ਪੀ ਸਵਪਨ ਸ਼ਰਮਾ ਵੀ ਉਨਾਂ ਦੇ ਨਾਲ ਸਨ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ 28 ਮਈ ਦੀਆਂ ਪ੍ਰੀਖਿਆਵਾਂ ਮੁਲਤਵੀ, ਨਵੀਂ ਤਾਰੀਖ 12 ਜੂਨ

ਅੰਮ੍ਰਿਤਸਰ, 25 ਮਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ 28 ਮਈ 2026 …