ਦੇਸ਼ ਭਰ ਦੇ ਲੇਖਕਾਂ, ਕਵੀਆਂ, ਸਮਾਜਿਕ ਤੇ ਇਤਿਹਾਸਕਾਰਾਂ ਨੇ ਜਲਿਆਂ ਵਾਲਾ ਬਾਗ ਦੇ ਇਤਿਹਾਸ ਅਤੇ ਮੌਜ਼ੂਦਾ ਹਾਲਾਤਾਂ ‘ਤੇ ਕੀਤੀ ਗੱਲ
ਅੰਮ੍ਰਿਤਸਰ, 24 ਅਪ੍ਰੈਲ (ਸੁਖਬੀਰ ਸਿੰਘ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਸਰਵ ਭਾਰਤੀ ਪ੍ਰਗਤੀਸ਼ੀਲ ਲੇਖਕ ਸੰਘ ਵਲੋਂ ਜਲਿਆਂ ਵਾਲਾ ਬਾਗ:
ਅਤੀਤ ਅਤੇ ਵਰਤਮਾਨ ਵਿਸੇ ‘ਤੇ ਦੋ ਰੋਜ਼ਾ ਅੰਤਰਾਸਟਰੀ ਕਾਨਫਰੰਸ ਸ਼ੁਰੂ ਹੋ ਗਈ।ਯੂਨੀਵਰਸਿਟੀ ਦੀ ਜਲਿਆਂ ਵਾਲਾ ਬਾਗ ਚੇਅਰ ਅਤੇ ਪੰਜਾਬੀ ਸਾਹਿਤ ਅਕਾਦਮੀ ਚੰਡੀਗੜ੍ਹ ਦੇ ਸਹਿਯੋਗ ਨਾਲ ਸ੍ਰੀ ਗੁਰੂ ਗਰੰਥ ਸਾਹਿਬ ਭਵਨ ਆਡੀਟੋਰੀਅਮ ਵਿਖੇ ਆਯੋਜਿਤ ਇਸ ਕਾਨਫਰੰਸ ਦਾ ਉਦਘਾਟਨ ਭਾਰਤ ਦੇ ਵੱਖ-ਵੱਖ ਸੂਬਿਆਂ ਤੋਂ ਆਏ ਨਾਮੀ ਅਤੇ ਲੇਖਕ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਸਾਂਝੇ ਤੋਰ ‘ਤੇ ਕੀਤਾ।
ਵੱਖ ਵੱਖ ਸੂਬਿਆਂ ਤੋਂ ਆਏ ਲੇਖਕਾਂ ਅਤੇ ਸਾਹਿਤ, ਸਮਾਜ ਤੇ ਇਤਿਹਾਸ ਨਾਲ ਜੁੜੇ ਲੋਕਾਂ ਨੂੰ ਸੰਬੋਧਨ ਕਰਦਿਆਂ ਸਰਵ ਭਾਰਤੀ ਪ੍ਰਗਤੀਸ਼ੀਲ ਲੇਖਕ ਸੰਘ ਦੇ ਪ੍ਰਧਾਨ ਸੁਖਦੇਵ ਸਿਰਸਾ ਨੇ ਦੱਸਿਆ ਕਿ ਜਲਿਆਂ ਵਾਲਾ ਬਾਗ਼ ਤੇ ਅਧਾਰਿਤ ਇਸ ਦੋ ਰੋਜ਼ਾ ਰਾਸ਼ਟਰੀ ਕਾਨਫਰੰਸ ਨੂੰ ਆਯੋਜਿਤ ਕਰਨ ਦਾ ਮਕਸਦ ਉਸ ਜਲਿਆਂ ਵਾਲਾ ਬਾਗ਼ ਵਿਚ ਵਾਪਰੇ ਹਤਿਆ ਕਾਂਡ ਨਾਲ ਰਾਸ਼ਟਰ ਅੰਦੋਲਨ ਤੇ ਕੀ ਅਸਰ ਪਿਆ ਅਤੇ ਮੌਜੁਦਾ ਸਮੇਂ ਵਿਚ ਨੌਜਵਾਨ ਪੀੜੀ ਜਲਿਆਂ ਵਾਲਾ ਬਾਗ਼ ਚ ਹੋਏ ਘਟਨਾਕਰਮ ਤੋਂ ਕੀ ਸੇਧ ਲੈਂਦੀ ਹੈ ਇਹ ਜਾਨਣ ਲਈ ਇਸਦਾ ਆਯੌਜਨ ਕੀਤਾ ਗਿਆ ਹੈ।ਉਨ੍ਹਾਂ ਦੱਸਿਆ ਕਿ ਇਥੇ ਮੌਜ਼ੂਦ ਸਾਰੀਆਂ ਸਖਸ਼ੀਅਤਾਂ ਵਲੋਂ ਜਲਿਆਂ ਵਾਲਾ ਬਾਗ਼ ਦੇ ਇਤਿਹਾਸ ਅਤੇ ਮੌਜ਼ੂਦਾ ਹਾਲਾਤਾਂ ‘ਤੇ ਗੱਲ ਕੀਤੀ ਗਈ।ਹਰਿੰਦਰ ਸੋਹਲ ਨੇ ਦੇਸ਼ ਭਗਤੀ ਦੇ ਗੀਤ ਗਾ ਕੇ ਪ੍ਰੋਗਰਾਮ ਸ਼ੁਰੂ ਕੀਤਾ।
ਪ੍ਰਸਿੱਧ ਲੇਖਕ ਤੇ ਪੱਤਰਕਾਰ ਪਰੰਜਯੰ ਗੁਹਾ ਠਾਕੁਰਤਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਅੱਜ ਦੀ ਪੀੜੀ ਸੋਸ਼ਲ ਮੀਡੀਆ ‘ਤੇ ਜਿਆਦਾ ਸਮਾਂ ਬਿਤਾ ਕੇ ਆਪਣੇ ਦੇਸ਼ ਦੇ ਇਤਿਹਾਸ ਅਤੇ ਪਿਛੋਕੜ ਨੂੰ ਭੁਲਾਈ ਬੈਠੀ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਪੀੜੀ ਨੂੰ ਜਲਿਆਂ ਵਾਲਾ ਬਾਗ਼ ਦੇ ਅਤੀਤ ਅਤੇ ਮੌਜੁਦਾ ਹਾਲਾਤਾਂ ਨੂੰ ਜਾਨਣਾ ਚਾਹੀਦਾ ਹੈ, ਕਿਉਂਕਿ ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਲਿਆਂ ਵਾਲਾ ਬਾਗ਼ ਦੇ ਘਟਨਾਕ੍ਰਮ ਤੋਂ ਬਾਅਦ ਹੀ ਬ੍ਰਿਟਿਸ਼ ਸਰਕਾਰ ਦੇ ਪਤਨ ਦੀ ਸ਼ੁਰੂਆਤ ਹੋਈ ਸੀ।ਉਨ੍ਹਾਂ ਕਿਹਾ ਕਿ ਦੇਸ਼ ਵਿਚ ਵਾਪਰ ਰਹੀ ਘਟਨਾਵਾਂ ਪਿੱਛੇ ਸੋਸ਼ਲ ਮੀਡਿਆ ਤੇ ਫੈਲਾਈਆਂ ਜਾ ਰਿਹਾ ਝੂਠ ਹੀ ਹੈ, ਜੋ ਲੋਕਾਂ ਦੇ ਕਤਲੇਆਮ ਦਾ ਵੱਡਾ ਕਾਰਨ ਹੈ।ਉਨ੍ਹਾਂ ਕਿਹਾ ਕਿ ਸਰਕਾਰਾਂ ਇਸਤੇ ਨਕੇਲ ਕੱਸਣ ਦੀ ਬਜ਼ਾਏ, ਸੋਸ਼ਲ ਮੀਡੀਆ ਦਾ ਲਾਹਾ ਲੈ ਕੇ ਵੋਟਾਂ ਦੀ ਰਾਜਨੀਤੀ ਕਰ ਰਹੀ ਹੈ।
ਇਸ ਮੌਕੇ ਹੰਟਰ ਕਮਿਸ਼ਨ ‘ਤੇ ਬੋਲਦਿਆਂ ਤੀਸਰਾ ਸਿਤਲਵਾੜ੍ਹ ਨੇ ਕਿਹਾ ਕਿ ਕਮਿਸ਼ਨ ਦੀ ਰਿਪੋਰਟ ਵਿਚ ਸਾਹਮਣੇ ਆਇਆਂ ਹੈ ਕਿ ਜਲਿਆਂ ਵਾਲਾ ਬਾਗ਼ ਤੇ ਕਹਿਰ ਢਾਹੁਣ ਵਾਲੇ ਜਨਰਲ ਡਾਇਰ ਨੇ ਮਨੀਆਂ ਹੈ ਕਿ ਉਸਨੇ ਇਕ ਸੋਚੀ ਸਮਝੀ ਸਾਜਿਸ਼ ਤਹਿਤ ਇਸ ਹਤੀਆਂ ਕਾਂਡ ਨੂੰ ਅੰਜਾਮ ਦਿਤਾ ਸੀ। ਉਨ੍ਹਾਂ ਕਿਹਾ ਕਿ ਅੱਜ ਪੂਰੇ ਦੇਸ਼ ਵਿਚ ਅਜਿਹੇ ਜਨਰਲ ਡਾਇਰ ਮੌਜ਼ੂਦ ਹਨ।ਜਿਹਨਾਂ ਕਾਰਨ ਦੇਸ਼ ਭਰ ਵਿਚ ਦੰਗੇ, ਕਤਲੇਆਮ ਅਤੇ ਹੋਰ ਖੂਨੀ ਘਟਨਾਵਾਂ ਵਾਪਰ ਰਹੀਆਂ ਹਨ।ਉਨ੍ਹਾਂ ਕਿਹਾ ਕਿ ਹੰਟਰ ਕਮਿਸ਼ਨ ਨੇ ਹੀ ਜਨਰਲ ਡਾਇਰ ਦੇ ਜਲਿਆਂ ਵਾਲਾ ਬਾਗ਼ ਵਿਚ ਕੀਤੇ ਕਤਲੇਆਮ ਪਿੱਛੇ ਮੰਸ਼ਾ ਅਤੇ ਮਾੜੀ ਸੋਚ ਨੂੰ ਦੁਨੀਆਂ ਸਾਹਮਣੇ ਰੱਖਿਆ।
ਪੰਜਾਬੀ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਪ੍ਰੋਫੈਸਰ ਅਰਵਿੰਦ ਨੇ ਜਲਿਆਂ ਵਾਲਾ ਬਾਗ਼ ਦੇ ਇਤਿਹਾਸ ਤੇ ਖੋਜ਼ ਕਰ ਰਹੇ ਖੋਜ਼ਕਰਤਾਵਾਂ ਨੂੰ ਕਿਹਾ ਕਿ ਉਹ ਪਤਾ ਕਰਨ ਕਿ ਅਜਿਹੀ ਕਿਹੜੀ ਗੱਲ ਸੀ, ਜਿਸ ਨੇ ਅੰਗਰੇਜ਼ੀ ਸਰਕਾਰ ਵਿਚ ਸ਼ਾਮਿਲ ਭਾਰਤੀਆਂ ਫੌਜ ਨੇ ਆਪਣੇ ਲੋਕਾਂ ਤੇ ਗੋਲੀ ਚਲਾਉਣ ਲਈ ਮਜ਼ਬੂਰ ਕਰ ਦਿੱਤਾ।ਉਨ੍ਹਾਂ ਕਿਹਾ ਕਿ ਕੀ ਉਨ੍ਹਾਂ ਫੋਜੀਆਂ ਨੇ ਆਪਣੇ ਲੋਕਾਂ ‘ਤੇ ਗੋਲੀਆਂ ਚਲਾਉਣ ਬਾਰੇ ਕੁੱਝ ਨਹੀਂ ਸੋਚਿਆ
ਲੇਖਕਾਂ ਨੇ ਕਿਹਾ ਕਿ ਜਲਿਆਂ ਵਾਲਾ ਬਾਗ਼ ਦੀ ਗੱਲ ਜਦੋਂ ਵੀ ਕੀਤੀ ਜਾਵੇਗੀ ਤਾਂ ਸਰਦਾਰ ਊਧਮ ਸਿੰਘ ਦਾ ਨਾਂ ਜਰੂਰ ਯਾਦ ਰੱਖਿਆ ਜਾਵੇਗਾ।ਇਸ ਤੋਂ ਬਾਅਦ ਹੀ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਅਤੇ ਚੰਦਰ ਸ਼ੇਖਰ ਆਜ਼ਾਦ ਸਮੇਤ ਅਨੇਕਾਂ ਕ੍ਰਾਂਤੀਕਾਰੀ ਡਟ ਕੇ ਅੰਗਰੇਜ਼ੀ ਹਕੂਮਤ ਦਾ ਸਾਹਮਣਾ ਕਰਨ ਲਗ ਪਏ।
ਗੁਲਜਾਰ ਸਿੰਘ ਸੰਧੂ ਨੇ ਕਿਹਾ ਕਿ 1919 ਵਿਚ ਜੋ ਜਲਿਆਂ ਵਾਲਾ ਬਾਗ਼ ਵਿੱਚ ਵਾਪਰਿਆ ਉਹ ਜਿਸਮਾਨੀ ਕਤਲੇਆਮ ਸੀ, ਪਰ ਹੁਣ ਆਤਮਿਕ ਕਤਲੇਆਮ ਕੀਤਾ ਜਾ ਰਿਹਾ ਹੈ।ਉਨ੍ਹਾਂ ਕਿਹਾ ਸਾਨੂ ਸਾਰਿਆਂ ਨੂੰ ਇਸ ਤੋਂ ਸੁਚੇਤ ਰਹਿਣਾ ਚਾਹੀਦਾ ਹੈ।ਡਾਕਟਰ ਪਰਵਿੰਦਰ ਸਿੰਘ ਨੇ ਕਿਹਾ ਕਿ ਰਾਜਨੀਤਿਕ ਪਾਰਟੀਆਂ ਜਲਿਆਂ ਵਾਲਾ ਬਾਗ਼ ਨੂੰ ਆਪਣੀ ਰਾਜਨੀਤੀ ਲਈ ਨਾ ਵਰਤਣ।ਗੁਰੂ ਨਾਨਕ ਦੇਵ ਯੂਨੀਵਰਸਿਟੀ ਡੀਨ ਸਰਬਜੋਤ ਸਿੰਘ ਸੋਹਲ ਨੇ ਜਲਿਆਂ ਵਾਲਾ ਬਾਗ਼ ‘ਤੇ ਅਧਾਰਿਤ ਆਪਣੀ ਕਵਿਤਾ ਪੇਸ਼ ਕਰ ਕੇ ਸਾਰਿਆਂ ਨੂੰ ਭਾਵੁਕ ਕਰ ਦਿੱਤਾ।
ਪ੍ਰੋਫੈਸਰ ਤੇਜਵੰਤ ਸਿੰਘ ਗਿੱਲ ਨੇ ਆਪਣੇ ਸੁਵਾਗਤੀ ਭਾਸ਼ਣ ਵਿੱਚ ਕਿਹਾ ਕਿ ਅਜਿਹੀ ਯਾਦਗਾਰ ਨੂੰ ਬਣਾਏ ਰੱਖਣਾ ਆਪਣੇ ਆਪ ਵਿਚ ਬਹੁਤ ਵੱਡੀ ਚੁਣੌਤੀ ਹੈ।ਉਨ੍ਹਾਂ ਕਿਹਾ ਕਿ ਜਲਿਆਂ ਵਾਲਾ ਬਾਗ਼ ਦੇ ਅਤੀਤ ਅਤੇ ਮੌਜ਼ੂਦਾ ਹਾਲਾਤਾਂ ‘ਤੇ ਖੁੱਲ੍ਹ ਕੇ ਗੱਲ ਕਰਨਾ ਬਹੁਤ ਲਾਜ਼ਮੀ ਹੈ।
ਇਸ ਮੌਕੇ ਪ੍ਰੋਫੈਸਰ ਜਸਪਾਲ ਸਿੰਘ ਸੰਧੂ, ਪਰੰਜਯੰ ਗੁਹਾ ਠਾਕੁਰਤਾ, ਸਤਪਾਲ ਦਾਨਿਸ਼, ਪੰਜਾਬੀ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਪ੍ਰੋਫੈਸਰ ਦਾਨਿਸ਼, ਵਿਭੂਤੀ ਨਾਰਾਇਣ ਰਾਏ, ਗੁਲਜਾਰ ਸਿੰਘ ਸੰਧੂ, ਖਾਲਿਦ ਹੁਸੈਨ, ਤੀਸਰਾ ਸਿਤਲਵਾੜ੍ਹ, ਸ਼ਾਮਸ਼ੁਲ ਇਸਲਾਮ, ਪ੍ਰੋਫੈਸਰ ਪਰਮਿੰਦਰ ਸਿੰਘ, ਪ੍ਰੋਫੈਸਰ ਸੁਖਦੇਵ ਸਿੰਘ ਸੋਹਲ, ਸੁਰਜੀਤ ਬਰਾੜ, ਚੌਥੀ ਰਾਮ ਯਾਦਵ, ਅਮਨਦੀਪ ਸਿੰਘ ਬਲ, ਜਗਮੋਹਨ ਸਿੰਘ, ਸਵਿੰਦਰਪਾਲ ਕੌਰ, ਚਮਨ ਲਾਲ, ਗੋਪਾਲ ਜੀ ਪ੍ਰਧਾਨ, ਬਲਜੀਤ ਸਿੰਘ ਵਿਰਕ ਅਤੇ ਕੁਲਦੀਪ ਸਿੰਘ ਆਦਿ ਨੇ ਆਪਣੇ ਆਪਣੇ ਵਿਚਾਰ ਪੇਸ਼ ਕੀਤੇ।
ਅੰਤ ‘ਚ ਮੌਕੇ ਦੇਸ਼ ਭਰ ਤੋਂ ਪਹੁੰਚੇ ਮੰਨੇ ਪ੍ਰਮੰਨੇ ਕਵੀਆਂ ਨੇ ਆਪਣੀ ਕਵਿਤਾਵਾਂ ਨਾਲ ਸਾਰੀਆਂ ਨੂੰ ਮੰਤਰ ਮੁਗਧ ਕਰਕੇ ਰੱਖ ਦਿੱਤਾ।
Punjab Post Daily Online Newspaper & Print Media