ਅੰਮ੍ਰਿਤਸਰ, 17 ਮਈ (ਦੀਪ ਦਵਿੰਦਰ ਸਿੰਘ) – ਜਨਵਾਦੀ ਲੇਖਕ ਸੰਘ ਵਲੋਂ ਅਰੰਭੀ “ਤੇਰੀਆਂ ਗੱਲਾਂ ਤੇਰੇ ਨਾਲ” ਸਹਿਤਕ ਸਮਾਗਮਾਂ ਲੜੀ ਤਹਿਤ ਪ੍ਰਮੁੱਖ ਸ਼ਾਇਰ
ਦੇਵ ਦਰਦ ਨੂੰ ਸਮਰਪਿਤ ਸਾਹਿਤਕ ਸਮਾਗਮ ਰਚਾਇਆ ਗਿਆ।
ਆਤਮ ਪਬਲਿਕ ਸਕੂਲ ਇਸਲਾਮਾਬਾਦ ਵਿਖੇ ਹੋਏ ਇਸ ਅਦਬੀ ਸਮਾਗਮ ਦਾ ਆਗਾਜ਼ ਪ੍ਰਤੀਕ ਸਹਿਦੇਵ ਦੇ ਸਵਾਗਤੀ ਸਬਦਾਂ ਨਾਲ ਹੋਇਆ।ਉਪਰੰਤ ਪੰਜਾਬੀ ਸ਼ਾਇਰ ਗੁਰਬਾਜ ਛੀਨਾ ਵਲੋਂ ਸ਼ਾਇਰ ਦੇਵ ਦਰਦ ਸਾਹਬ ਦੀ ਬਹੁ ਚਰਚਿਤ ਗਜਲ “ਕਿਤੇ ਮਹਿੰਦੀ ਕਿਤੇ ਮੌਲੀ ਕਿਤੇ ਤਲਵਾਰ ਵਿਕਦੀ ਹੈ” ਤਰੰਨੁਮ ਵਿੱਚ ਗਾ ਕੇ ਮਹੌਲ ਨੂੰ ਅਦਬੀ ਰੰਗਤ ਵਿੱਚ ਢਾਲਿਆ।
ਕੇਂਦਰੀ ਸਭਾ ਦੇ ਸਕੱਤਰ ਦੀਪ ਦੇਵਿੰਦਰ ਸਿੰਘ ਨੇ ਸਮਾਗਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜਿਵੇਂ ਤਪਦੀ ਸਿਖਰ ਦੁਪਹਿਰੇ ਮੱਠੀ ਮੱਠੀ ਵਗਦੀ ਹਵਾ ਮਨੁੱਖੀ ਜਨਜੀਵਨ ਵਿੱਚ ਠੰਡਕ ਲੈ ਕੇ ਆਉਂਦੀ ਹੈ, ਓਵੇਂ ਤਲਖੀ ਭਰਪੂਰ ਜੀਵਨ ਸ਼ੈਲੀ ਵਿੱਚ ਅਜਿਹੇ ਸਾਹਿਤਕ ਸਮਾਗਮ ਸਹਿਜਤਾ ਬਖਸ਼ਦੇ ਹਨ।ਨਾਟਕਕਾਰ ਜਗਦੀਸ਼ ਸਚਦੇਵਾ ਨੇ ਆਪਣੀ ਨਜ਼ਮ “ਬਥੇਰੇ ਕਮਾ ਲਏ ਖੁਦ ਵਿਕ ਰੁਪਈਏ” ਪੇਸ਼ ਕਰਦਿਆਂ ਦੱਸਿਆ ਕਿ ਦੇਵ ਦਰਦ ਅਜਿਹੀਆਂ ਨਜਮਾਂ ਕਰਕੇ ਹੀ ਹਮੇਸ਼ਾਂ ਲਈ ਸਾਡੇ ਦਿਲਾਂ ਵਿੱਚ ਵਸਿਆ ਹੋਇਆ ਹੈ।
ਕਹਾਣੀ ਮੰਚ ਦੇ ਕਨਵੀਨਰ ਮਨਮੋਹਨ ਬਾਸਰਕੇ ਨੇ ਆਉਣ ਵਾਲੇ ਇਹਨਾਂ ਸਮਾਗਮਾਂ ਵਿੱਚ ਕਹਾਣੀ ‘ਤੇ ਚਰਚਾ ਕਰਨ ਦਾ ਨੁਕਤਾ ਉਭਾਰਿਆ।ਧਰਵਿੰਦਰ ਔਲਖ ਨੇ ਕਰਤਾਰ ਸਿੰਘ ਬਲੱਗਣ ਦੀ ਨਜ਼ਮ ਗਾ ਕੇ ਵਾਹ ਵਾਹ ਖੱਟੀ।ਸੁਭਾਸ਼ ਸ਼ਰਮਾ, ਪਰਮਜੀਤ ਕੌਰ, ਪੂਨਮ ਸ਼ਰਮਾ ਅਤੇ ਸੁਮੀਤ ਸਿੰਘ ਨੇ ਵੀ ਮੁਲਵਾਨ ਵਿਚਾਰ ਪੇਸ਼ ਕਰਦਿਆਂ ਅਜਿਹੇ ਸਮਾਗਮਾਂ ਦੀ ਨਿਰੰਤਰਤਾ ਦੀ ਹਾਮੀ ਭਰ। ਪ੍ਰਿੰ. ਅੰਕਿਤ ਸਹਿਦੇਵ ਸਭ ਦਾ ਧੰਨਵਾਦ ਕੀਤਾ।
ਇਸ ਮੌਕੇ ਕੁਸਮ ਲਤਾ ਮੋਹਿਤ ਸਹਿਦੇਵ, ਕੋਮਲ ਸਹਿਦੇਵ, ਅਕਸ਼ੇ ਮਹਿਰਾ, ਜਨਕ ਰਾਜ, ਰਵਿੰਦਰ ਸ਼ਰਮਾ ਮੀਨਾਕਸ਼ੀ, ਤ੍ਰਿਪਤਾ, ਪੂਨਮ ਆਦਿ ਤੋਂ ਇਲਾਵਾ ਵੱਡੀ ਗਿਣਤੀ ‘ਚ ਅਧਿਆਪਕ ਅਤੇ ਵਿਦਿਆਰਥੀ ਹਾਜ਼ਰ ਸਨ।
Check Also
ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ
ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਖੇ ਸੇਵਾ ਨਿਭਾਅ ਰਹੇ …
Punjab Post Daily Online Newspaper & Print Media