Thursday, March 12, 2026

ਕਮਿਸ਼ਨਰ ਨਗਰ ਨਿਗਮ ਦੀ ਨਵੇਕਲੀ ਪਹਿਲ, ਹਰ ਵੀਰਵਾਰ ਸੁਣਨਗੇ ਲੋਕਾਂ ਦੀਆਂ ਸ਼ਿਕਾਇਤਾਂ

ਨਾਜਾਇਜ਼ ਉਸਾਰੀ ਨਹੀਂ ਕੀਤੀ ਜਾਵੇਗੀ ਬਰਦਾਸ਼ਤ – ਕਮਿਸ਼ਨਰ ਨਗਰ ਨਿਗਮ

ਅੰਮ੍ਰਿਤਸਰ, 14 ਜੁਲਾਈ (ਸੁਖਬੀਰ ਸਿੰਘ) – ਸ਼ਹਿਰ ਅੰਦਰ ਚੱਲ ਰਹੀ ਨਾਜਾਇਜ਼ ਉਸਾਰੀ ਨੂੰ ਬਿਲਕੁੱਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਨਾਜਾਇਜ਼ ਉਸਾਰੀ  ਕਰਨ ਵਾਲੇ ਲੋਕਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਨਾਜਾਇਜ ਉਸਾਰੀ ਕਰਵਾਉਣ ਵਾਲੇ ਅਧਿਕਾਰੀਆਂ ਵਿਰੁੱਧ ਵੀ ਸਖ਼ਤ ਅਨੁਸ਼ਾਸਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
                        ਇਨਾਂ ਸਬਦਾਂ ਦਾ ਪ੍ਰਗਟਾਵਾ ਕਮਿਸ਼ਨਰ ਨਗਰ ਨਿਗਮ ਕੁਮਾਰ ਸੌਰਭ ਨੇ ਲੋਕਾਂ ਦੀਆਂ ਸ਼ਿਕਾਇਤਾਂ ਸੁਣਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।ਉਨਾਂ ਕਿਹਾ ਕਿ ਲੋਕ ਆਪਣੀ ਕਿਸੇ ਵੀ ਮੁਸ਼ਕਲ ਲਈ ਉਨਾਂ ਨੂੰ ਹਰੇਕ ਵੀਰਵਾਰ 11:00 ਵਜੇ ਤੋਂ 2:00 ਵਜੇ ਤੱਕ ਮਿਲ ਸਕਦੇ ਹਨ।ਹਰੇਕ ਸ਼ਿਕਾਇਤ ਦਾ ਮਿੱਥੇ ਸਮੇਂ ਅੰਦਰ ਨਿਪਟਾਰਾ ਕੀਤਾ ਜਾਵੇਗਾ।ਹਰੇਕ 15 ਦਿਨਾਂ ਬਾਅਦ ਪੁਰਾਣੀ ਸ਼ਿਕਾਇਤਾਂ ਦਾ ਰੀਵਿਊ ਵੀ ਕੀਤਾ ਜਾਵੇਗਾ ਅਤੇ ਨਗਰ ਨਿਗਮ ਦਾ ਹਰੇਕ ਅਧਿਕਾਰੀ ਮਿਥੇ ਸਮੇਂ ਦੌਰਾਨ ਸ਼ਿਕਾਇਤ ‘ਤੇ ਕਾਰਵਾਈ ਕਰਕੇ ਰਿਪੋਰਟ ਕਰੇਗਾ।
                   ਅੱਜ ਲੋਕਾਂ ਦੀਆਂ ਮੁਸ਼ਕਿਲਾਂ ਸੁਣਦੇ ਸਮੇਂ ਨਗਰ ਨਿਗਮ ਦੇ ਇਕ ਸੇਵਾਮੁਕਤ ਮੁਲਾਜ਼ਮ ਵਲੋਂ ਸ਼ਿਕਾਇਤ ਦਿੱਤੀ ਗਈ ਕਿ ਉਸਦੀ ਸਰਵਿਸ ਬੁੱਕ ਨਹੀਂ ਮਿਲ ਰਹੀ, ਜਿਸ ‘ਤੇ ਤੁਰੰਤ ਕਾਰਵਾਈ ਕਰਦੇ ਹੋਏ ਕਮਿਸ਼ਨਰ ਨਗਰ ਨਿਗਮ ਨੇ ਸਬੰਧਤ ਅਧਿਕਾਰੀ ਨੂੰ ਹਦਾਇਤ ਕੀਤੀ ਕਿ ਸਰਵਿਸ ਬੁੱਕ ਗੁੰਮ ਹੋਣ ਦੀ ਐਫ.ਆਈ.ਆਰ ਤੁਰੰਤ ਦਰਜ਼ ਕਰਵਾਈ ਜਾਵੇ ਅਤੇ 15 ਦਿਨਾਂ ਦੇ ਅੰਦਰ ਅੰਦਰ ਨਵੀਂ ਸਰਵਿਸ ਬੁੱਕ ਤਿਆਰ ਕੀਤੀ ਜਾਵੇ ਤਾਂ ਜੋ ਸੇਵਾਮੁਕਤ ਮੁਲਾਜ਼ਮ ਨੂੰ ਉਸਦੇ ਪੈਨਸ਼ਨਰੀ ਲਾਭ ਮਿਲ ਸਕਣ।ਉਨਾਂ ਕਰੀਬ 20 ਸ਼ਿਕਾਇਤਾਂ ਸੁਣੀਆਂ ਅਤੇ ਸਬੰਧਤ ਅਧਿਕਾਰੀਆਂ ਨੂੰ ਇਹ ਸ਼ਿਕਾਇਤਾਂ ਦੇ ਹੱਲ ਕਰਨ ਦੇ ਨਿਰਦੇਸ਼ ਦਿੱਤੇ।
                      ਕਮਿਸ਼ਨਰ ਨਗਰ ਨਿਗਮ ਨੇ ਅਸਟੇਟ ਅਫ਼ਸਰ ਨੂੰ ਹਦਾਇਤ ਜਾਰੀ ਕੀਤੀ ਕਿ ਸ਼ਹਿਰ ਵਿੱਚ ਨਾਜਾਇਜ ਕਬਜ਼ੇ ਤੁਰੰਤ ਹਟਾਏ ਜਾਣ।ਪੱਤਰਕਾਰਾਂ ਨੇ ਕਮਿਸ਼ਨਰ ਦੇ ਧਿਆਨ ਵਿੱਚ ਲਿਆਂਦਾ ਕਿ ਮੀਂਹ ਕਾਰਨ ਕਈ ਥਾਵਾਂ ‘ਤੇ ਸੀਵਰੇਜ਼ ਜਾਮ ਹੋਣ ਕਰਕੇ ਪਾਣੀ ਇਕੱਠਾ ਹੋ ਗਿਆ ਹੈ, ਜਿਸ ‘ਤੇ ਕਮਿਸ਼ਨਰ ਨੇ ਦੱਸਿਆ ਕਿ ਉਨਾਂ ਵਲੋਂ ਪਹਿਲਾਂ ਹੀ ਸਾਰੀਆਂ ਟੀਮਾਂ ਨੂੰ ਸ਼ਹਿਰ ਦੀ ਸੀਵਰੇਜ਼ ਵਿਵਸਥਾ ਨੂੰ ਦਰੁੱਸਤ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ।ਕੁਮਾਰ ਨੇ ਦੱਸਿਆ ਕਿ ਅਣਗਹਿਲੀ ਵਰਤਣ ਵਾਲੇ ਅਧਿਕਾਰੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ।
                      ਇਸ ਮੌਕੇ ਐਕਸੀਅਨ ਸੰਦੀਪ ਸਿੰਘ, ਸੁਖਵਿੰਦਰ ਮੱਲੀ, ਪਲਵਿੰਦਰ ਸਿੰਘ, ਐਸ.ਈ ਦਪਿੰਦਰ ਸਿੰਘ ਸੰਧੂ, ਐਸ.ਈ. ਸਤਿੰਦਰ ਕੁਮਾਰ, ਐਮ.ਟੀ.ਪੀ ਰਜਨੀਸ਼ ਵਧਵਾ, ਅਸਟੇਟ ਅਫ਼ਸਰ ਧਰਮਿੰਦਰ ਸਿੰਘ, ਸੁਪਰਡੈਂਟ ਇਸ਼ਤਿਹਾਰ ਪੁਸ਼ਪਿੰਦਰ ਸਿੰਘ ਤੋਂ ਇਲਾਵਾ ਨਗਰ ਨਿਗਮ ਦੇ ਵੱਖ ਵੱਖ ਅਧਿਕਾਰੀ ਹਾਜ਼ਰ ਸਨ।

Check Also

ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …