Sunday, December 22, 2024

ਪਟਵਾਰੀਆਂ ਵਲੋਂ ਵਾਧੂ ਸਰਕਲ ਛੱਡੇ ਜਾਣ ਕਾਰਨ ਜਿਲ੍ਹਾ ਮੈਜਿਸਟਰੇਟ ਨੇ ਕੀਤੇ ਬਦਲਵੇਂ ਪ੍ਰਬੰਧ

ਫਾਰਮ ਤਸਦੀਕ ਕਰਨ ਦੇ ਅਧਿਕਾਰ ਹੋਰਨਾਂ ਨੂੰ ਵੀ ਦਿੱਤੇ

ਅੰਮ੍ਰਿਤਸਰ, 21 ਜੁਲਾਈ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਨੇ ਪੰਜਾਬ ਰਾਜ ਵਿੱਚ ਵੱਖ-ਵੱਖ ਵਿਭਾਗਾਂ ਵਿੱਚ ਚੱਲ ਰਹੀ ਭਰਤੀ ਅਤੇ ਸਕੂਲਾਂ, ਕਾਲਜਾਂ ਵਿੱਚ ਦਾਖਲਾ ਪ੍ਰਕ੍ਰਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਫਾਰਮ ਤਸਦੀਕ ਕਰਨ ਦੇ ਅਧਿਕਾਰ ਹੋਰ ਵਿਭਾਗਾਂ ਨੂੰ ਵੀ ਦੇ ਦਿੱਤੇ ਹਨ।ਉਨ੍ਹਾਂ ਕਿਹਾ ਕਿ ਇਸ ਸਮੇਂ ਪਟਵਾਰ ਯੂਨੀਅਨ ਵਲੋਂ ਵਾਧੂ ਸਰਕਲਾਂ ਦਾ ਚਾਰਜ਼ ਛੱਡਣ ਸਬੰਧੀ ਮਤਾ ਪਾਉਣ ਕਰਕੇ ਪਟਵਾਰੀਆਂ ਵਲੋਂ ਵਾਧੂ ਸਰਕਲਾਂ ਦਾ ਚਾਰਜ਼ ਛੱਡ ਦਿੱਤਾ ਗਿਆ ਹੈ।ਜਿਸ ਕਾਰਨ ਵਿਦਿਆਰਥੀਆਂ ਅਤੇ ਸਰਕਾਰੀ ਨੌਕਰੀਆਂ ਦੇ ਸੰਭਾਵਿਤ ਉਮੀਦਵਾਰਾਂ ਨੂੰ ਆਪਣੇ ਫਾਰਮਾਂ ਦੇ ਨਾਲ ਵੱਖ-ਵੱਖ ਤਰ੍ਹਾਂ ਦੇ ਸਰਟੀਫਿਕੇਟ ਜਿਵੇਂ ਜਾਤੀ, ਰੈਜ਼ੀਡੈਂਸ ਸਰਟੀਫਿਕੇਟ ਆਦਿ ਬਣਾਉਣ ਲਈ ਫੀਲਡ ਰਿਪੋਰਟ ਕਰਵਾਉਣ ‘ਚ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਲੋਕ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਅਤੇ ਇਸ ਕੰਮ ਦੇ ਜਲਦ ਨਿਪਟਾਰੇ ਹਿੱਤ ਸਮੂਹ ਅਧਿਕਾਰੀਆਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਜੇਕਰ ਕਿਸੇ ਵੀ ਫਾਰਮ ਦਾ ਤਸਦੀਕ ਕਾਰਵਾਈ ਜਾਣੀ ਜ਼ਰੂਰੀ ਹੈ ਤਾਂ ਸਰਟੀਫਿਕੇਟ ਬਣਾਉਣ ਲਈ ਪਟਵਾਰੀ ਤੋਂ ਇਲਾਵਾ ਨੰਬਰਦਾਰ, ਸਰਪੰਚ, ਮੈਂਬਰ ਪੰਚਾਇਤ, ਪੰਚਾਇਤ ਸਕੱਤਰ, ਮਿਉਂਸਪਲ ਕੌਂਸਲਰ, ਚੇਅਰਮੈਨ, ਜਿਲ੍ਹਾ ਪ੍ਰੀਸ਼ਦ ਚੇਅਰਮੈਨ ਬਲਾਕ ਸੰਮਤੀ, ਜਿਲ੍ਹੇ ਦੇ ਅੰਦਰ ਕਿਸੇ ਵੀ ਕਾਲਜ/ਯੂਨੀਵਰਸਿਟੀ ਦੇ ਪ੍ਰਿੰਸੀਪਲ/ਪ੍ਰੋਫੈਸਰ ਕਿਸੇ ਵੀ ਸਕੂਲ ਦੇ ਪ੍ਰਿੰਸੀਪਲ, ਹੈਡਮਾਸਟਰ, ਅਧਿਆਪਕ ਅਤੇ ਕੋਈ ਸਰਕਾਰੀ ਕਰਮਚਾਰੀ ਜੋ ਕਿ ਦਰਖਾਸਤੀ ਨੂੰ ਨਿੱਜ਼ੀ ਤੌਰ ‘ਤੇ ਜਾਣਦੇ ਹੋਵੇ, ਦੀ ਤਸਦੀਕ ਵਾਜ਼ਬ ਮੰਨੀ ਜਾਵੇ।ਉਨ੍ਹਾਂ ਕਿਹਾ ਕਿ ਜੇਕਰ ਜ਼ਮੀਨ ਦੀ ਤਸਦੀਕ ਦੀ ਲੋੜ ਪੈਂਦੀ ਹੈ ਤਾਂ ਸਬੰਧਤ ਏ.ਐਸ.ਐਮ ਫਰਦ ਕੇਂਦਰ ਤੋਂ ਰਿਪੋਰਟ ਲੈ ਲਈ ਜਾਵੇ। ਇਹ ਹੁਕਮ ਤੁਰੰਤ ਲਾਗੂ ਹੋ ਗਏ ਹਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …