ਸਮਾਜਿਕ ਕਾਰਕੁੰਨ ਨੇ ਮੁੱਦਾ ਚੁੱਕ ਕੇ ਰੇਲਵੇ ਨੂੰ ਕਟਹਿਰੇ ਵਿੱਚ ਕੀਤਾ ਖੜ੍ਹਾ
ਸੰਗਰੂਰ, 21 ਜੁਲਾਈ (ਜਗਸੀਰ ਲੌਂਗੋਵਾਲ) – ਪਿਛਲੇ ਲੰਮੇ ਸਮੇਂ ਤੋਂ ਸਥਾਨਕ ਰੇਲਵੇ ਦਾ ਪਲੇਟਫਾਰਮ ਨੰਬਰ 4 ਉਚਾ ਹੋਣ ਨਾਲ, ਰੇਲ ਲਾਇਨ ਕਰੀਬ 18 ਇੰਚ ਘਟਣ ਕਾਰਨ ਰੇਲਵੇ ਲਾਈਨ ਤੋਂ ਸਾਮਾਨ ਦੀ ਲੋਡਿੰਗ ਅਤੇ ਅਨਲੋਡਿੰਗ ਦੌਰਾਨ ਜ਼ਖਮੀ ਹੋ ਰਹੇ ਸੁਨਾਮ ਦੇ ਮਜ਼ਦੂਰਾਂ ਦੀ ਮੰਗ ਹੁਣ ਰਾਜ ਅਤੇ ਦੇਸ਼ ਦੇ ਮਨੁੱਖੀ ਅਧਿਕਾਰ ਕਮਿਸ਼ਨਾਂ ਤੱਕ ਪਹੁੰਚ ਗਈ ਹੈ।ਇਸ ਸਬੰਧੀ ਸੁਨਾਮ ਦੇ ਸਮਾਜਿਕ ਤੇ ਸੂਚਨਾ ਅਧਿਕਾਰ ਕਾਨੂੰਨ ਕਾਰਕੰੁਨ ਅਤੇ ਸੀਟੀ ਵਜਾਓ ਦੇ ਕਨਵੀਨਰ ਜਤਿੰਦਰ ਜੈਨ ਨੇ ਅਖ਼ਬਾਰਾਂ ਵਿੱਚ ਛਪੀਆਂ ਖ਼ਬਰਾਂ ਅਤੇ ਜਖ਼ਮੀ ਮਜ਼ਦੂਰਾਂ ਤੋਂ ਇਕੱਠੇ ਕੀਤੇ ਤੱਥਾਂ ਦੇ ਆਧਾਰ ’ਤੇ ਮਨੱਖੀ ਅਧਿਕਾਰ ਕਮਿਸ਼ਨ ਨੂੰ ਸ਼ਿਕਾਇਤ ਭੇਜੀ ਹੈ।ਇਸ ਸਬੰਧੀ ਜਤਿੰਦਰ ਜੈਨ ਨੇ ਦੱਸਿਆ ਕਿ ਰੇਲਵੇ ਪ੍ਰਸਾਸ਼ਨ ਤੇ ਪੰਜਾਬ ਪ੍ਰਦੇਸ਼ ਪੱਲੇਦਾਰ ਮਜ਼ਦੂਰ ਯੂਨੀਅਨ ਵਲੋਂ ਡੀ.ਆਰ.ਐਮ ਅੰਬਾਲਾ ਅੱਗੇ ਸਮੱਸਿਆ ਹੱਲ ਕਰਨ ਦੀ ਉਠਾਈ ਮੰਗ ਦਾ ਕੋਈ ਅਸਰ ਨਾ ਹੁੰਦਾ ਦੇਖ ਮਨੁੱਖੀ ਅਧਿਕਾਰ ਕਮਿਸ਼ਨ ਤੋਂ ਮੰਗ ਕੀਤੀ ਗਈ ਹੈ ਕਿ ਇਸ ਸਬੰਧੀ ਜਲਦੀ ਹੀ ਕੁੱਝ ਕਦਮ ਚੁੱਕੇ ਜਾਣ ਅਤੇ ਮਿਹਨਤਕਸ਼ ਦਾ ਲੰਮੇ ਸਮੇਂ ਤੋਂ ਜ਼ਖਮੀ ਹੋਣ ਦਾ ਸਿਲਸਿਲਾ ਰੁੱਕ ਸਕੇ।
ਜਿਕਰਯੋਗ ਹੈ ਕਿ ਕੇਂਦਰ ਸਰਕਾਰ ਵਲੋਂ ਜੋ ਕਣਕ ਗਰੀਬਾਂ ਨੂੰ ਰਾਸ਼ਨ ਰਾਹੀਂ ਦਿੱਤੀ ਜਾਂਦੀ ਹੈ, ਉਹ ਸਪੈਸ਼ਲ ਰੇਲ ਗੱਡੀ ਰਾਹੀਂ ਪਲੇਟਫਾਰਮ ਨੰਬਰ 4 ਤੋਂ ਲੋਡ ਹੁੰਦੀ ਹੈ।ਇਸੇ ਤਰ੍ਹਾਂ ਕਿਸਾਨਾਂ ਲਈ ਯੂਰੀਆ ਵੀ ਲੋਡ ਕੀਤਾ ਜਾਂਦਾ ਹੈ।ਜਿਸ ਨੂੰ ਮਜ਼ਦੂਰਾਂ ਵਲੋਂ ਰੇਲ ਡੱਬਿਆਂ ਤੋਂ ਉਤਾਰ ਕੇ ਟਰੱਕਾਂ `ਚ ਲੱਦਿਆ ਜਾਂਦਾ ਹੈ।ਰੇਲਵੇ ਲਾਈਨ ਨੀਵੀਂ ਹੋਣ ਕਾਰਨ ਮਜ਼ਦੂਰਾਂ ਨੂੰ ਕੰਮ ਕਰਨ ਵਿੱਚ ਭਾਰੀ ਦਿੱਕਤ ਆ ਰਹੀ ਹੈ ਅਤੇ ਕਈ ਮਜ਼ਦੂਰਾਂ ਦੇ ਕੰਮ ਕਰਦਿਆਂ ਜਖ਼ਮੀ ਹੋਣ ਦਾ ਸਿਲਸਿਲਾ ਬਾ-ਦਸਤੂਰ ਜਾਰੀ ਹੈ।ਮਜ਼ਦੂਰ ਯੂਨੀਅਨ ਨੇ ਡੀ.ਆਰ ਅੰਬਾਲਾ ਦੇ ਲਈ ਐਸ.ਡੀ.ਐਮ ਸੁਨਾਮ ਨੂੰ ਮੰਗ ਪੱਤਰ ਦੇ ਕੇ ਅਲਟੀਮੇਟਮ ਦਿੱਤਾ ਹੈ ਕਿ ਜੇਕਰ ਪਲੇਟਫਾਰਮ ਨੰਬਰ 4 ਦੀ ਰੇਲਵੇ ਲਾਈਨ ਨੂੰ 18 ਇੰਚ ਉਚਾ ਨਾ ਕੀਤਾ ਗਿਆ ਤਾਂ ਮਜ਼ਦੂਰ ਨਾਂ ਤਾਂ ਇਸ ਪਲੇਟਫਾਰਮ ਤੋਂ ਕੋਈ ਸਾਮਾਨ ਉਤਾਰਨਗੇ ਅਤੇ ਨਾ ਹੀ ਲੋਡ ਕਰਨਗੇ, ਯੂਨੀਅਨ ਦੀ ਇਹ ਮੰਗ ਬਿਲਕੁੱਲ ਜਾਇਜ਼ ਹੈ।ਜਤਿੰਦਰ ਜੈਨ ਦਾ ਮੰਨਣਾ ਹੈ ਕਿ ਸੂਬੇ ਅਤੇ ਦੇਜ਼ ਦਾ ਮਨੁੱਖੀ ਅਧਿਕਾਰ ਕਮਿਸ਼ਨ ਮੇਰੇ ਵਲੋਂ ਇਸ ਮੁੱਦੇ ਨੂੰ ਉਠਾਉਣ ਤੋਂ ਬਾਅਦ ਜਲਦੀ ਹੀ ਆਪਣੀ ਭੂਮਿਕਾ ਨਿਭਾਏਗਾ ਅਤੇ ਇਸ ਸਬੰਧ ਵਿੱਚ ਰੇਲਵੇ ਨੂੰ ਕਟਹਿਰੇ ਵਿੱਚ ਖੜ੍ਹਾ ਕਰੇਗਾ।