ਸੁਖਬੀਰ ਬਾਦਲ ਪਾਸੋਂ ਸ੍ਰੀ ਦਰਬਾਰ ਸਾਹਿਬ ਨੂੰ ਜਾਣ ਵਾਲੀਆਂ ਸੜ੍ਹਕਾਂ ਬਣਾਉਣ ਦੀ ਕੀਤੀ ਮੰਗ

ਅੰਮ੍ਰਿਤਸਰ, 12 ਦਸੰਬਰ (ਸੁਖਬੀਰ ਸਿੰਘ) – ਸਿੱਖ ਸਟੂਡੈਂਟ ਫੈਡਰੇਸ਼ਨ ਮਹਿਤਾ ਦਾ ਪ੍ਰਤੀਨਿਧੀ ਮੰਡਲ ਅੱਜ ਪੰਜਾਬ ਦੇ ਉਪ ਮੁੱਖ ਮੰਤਰੀ ਅਤੇ ਸ਼੍ਰੌਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਜ਼ਿਲ੍ਹਾ ਪ੍ਰਧਾਨ ਅਮਰਬੀਰ ਸਿੰਘ ਢੋਟ ਦੀ ਅਗਵਾਈ ਵਿਚ ਮਿਲਿਆ। ਜਿਸ ਵਿਚ ਉਨ੍ਹਾਂ ਨੇ ਉਪ ਮੁੱਖ ਮੰਤਰੀ ਪਾਸੋਂ ਮੰਗ ਕੀਤੀ ਕਿ ਸ਼੍ਰੀ ਹਰਿਮੰਦਰ ਸਾਹਿਬ ਨੂੰ ਜਾਣ ਵਾਲੀ ਪ੍ਰਮੁੱਖ ਸੜਕ ਅਕਾਲੀ ਫੂਲਾ ਸਿੰਘ ਰੋਡ ਨੂੰ ਪਹਿਲ ਦੇ ਆਧਾਰ ਤੇ ਬਣਾਇਆ ਜਾਵੇ ਕਿਉਂਕਿ ਇਥੋਂ ਹਜ਼ਾਰਾਂ ਦੀ ਸੰਖਿਆ ਵਿਚ ਰੋਜ਼ਾਨਾ ਸ਼ਰਧਾਲੂ ਸ਼੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਨੂੰ ਜਾਣ ਵਾਸਤੇ ਲੰਘਦੇ ਹਨ ਪਰ ਇਸ ਸੜਕ ਦੀ ਖਸਤਾ ਹਾਲਤ ਦੇ ਕਾਰਨ ਉਨ੍ਹਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਇਥੇ ਪਏ ਜਗ੍ਹਾ ਜਗ੍ਹਾ ਟੋਏ ਅਤੇ ਗੰਦਗੀ ਕਾਰਨ ਸ਼ਰਧਾਲੂਆਂ ਨੂੰ ਕਾਫੀ ਮੁਸ਼ਕਲਾਂ ਆਉਂਦੀਆਂ ਹਨ ਅਤੇ ਦੇਸ਼ ਵਿਦੇਸ਼ ਤੋਂ ਆਏ ਸ਼ਰਧਾਲੂਆਂ ਤੇ ਕੋਈ ਵਧੀਆ ਪ੍ਰਭਾਵ ਨਹੀਂ ਪੈਂਦਾ ਹੈ।
ਵਫਦ ਨੇ ਸ੍ਰ. ਬਾਦਲ ਨੂੰ ਅਪੀਲ ਕੀਤੀ ਕਿ ਸ਼੍ਰੀ ਹਰਿਮੰਦਰ ਸਾਹਿਬ ਨੂੰ ਜਾਣ ਵਾਲੀਆਂ ਸਾਰੀਆਂ ਸੜਕਾਂ ਨੂੰ ਪਹਿਲ ਦੇ ਆਧਾਰ ਤੇ ਬਣਾਇਆ ਜਾਵੇ ਅਤੇ ਇਥੋਂ ਦੀ ਸੁੰਦਰਤਾ ਅਤੇ ਸਾਫ ਸਫਾਈ ਦਾ ਵਿਸ਼ੇਸ਼ ਤੌਰ ਤੇ ਖਿਆਲ ਰੱਖਿਆ ਜਾਵੇ।ਇਸ ਤੋਂ ਇਲਾਵਾ ਗੁਰਦੁਆਰਾ ਸ਼ਹੀਦਾਂ ਦੇ ਨੇੜੇ ਸ਼ਮਸ਼ਾਨਘਾਟ ਦੇ ਬਾਹਰ ਵਾਲੀ ਸੜਕ ਦੀ ਖਸਤਾ ਹਾਲਤ ਬਾਰੇ ਵੀ ਜਾਣੂ ਕਰਵਾਇਆ ਅਤੇ ਬੇਨਤੀ ਕੀਤੀ ਕਿ ਇਸ ਸੜਕ ਨੂੰ ਵੀ ਪਹਿਲ ਦੇ ਆਧਾਰ ਤੇ ਬਣਾਇਆ ਜਾਵੇ ਅਤੇ ਇਸਦੇ ਸੁੰਦਰੀਕਰਨ ਲਈ ਲਈ ਵਿਸ਼ੇਸ਼ ਤੌਰ ਤੇ ਰੂਚੀ ਲਈ ਜਾਵੇ, ਕਿਉਂਕਿ ਇਹ ਇਨਸਾਨ ਦਾ ਆਖਰੀ ਘਰ ਅਤੇ ਅਸਲੀ ਘਰ ਹੈ।ਇਸ ਮੌਕੇ ਜ਼ਿਲ੍ਹਾ ਅਕਾਲੀ ਜਥੇ ਦੇ ਪ੍ਰਧਾਨ ਉਪਕਾਰ ਸਿੰਘ ਸੰਧੂ, ਗੁਰਪ੍ਰਤਾਪ ਸਿੰਘ ਟਿੱਕਾ, ਨਵਦੀਪ ਸਿੰਘ ਗੋਲਡੀ, ਯੁਵਰਾਜ ਸਿਘ ਚੌਹਾਨ, ਰਮਨਪ੍ਰੀਤ ਸਿੰਘ ਤੁੰਗ, ਜਸਪਾਲ ਸਿੰਘ ਸ਼ਾਂਟੂ, ਮਨਜੀਤ ਸਿੰਘ ਬੂਟਾ, ਮਨਦੀਪ ਸਿੰਘ ਖਾਲਸਾ ਆਦਿ ਹਾਜ਼ਰ ਸਨ।
Punjab Post Daily Online Newspaper & Print Media