ਘੁਮਾਣ ਕੈਂਪ ਪੀੜਤਾਂ ਨੂੰ 10000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਤੇ 5 ਲੱਖ ਰੁਪਏ ਦਾ ਮੁਆਵਜ਼ਾ ਦੇਣ ਦੀ ਕੀਤੀ ਮੰਗ

ਅੰਮ੍ਰਿਤਸਰ, 13 ਦਸੰਬਰ (ਸੁਖਬੀਰ ਸਿੰਘ) – ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਸੂਬੇ ਦੀਆਂ ਲੋਕਾਂ ਦੀਆਂ ਸਮੱਸਿਆਵਾਂ ਪ੍ਰਤੀ ਉਦਾਸੀਨ ਬਣ ਚੁੱਕੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਨ੍ਹਾਂ ਦੀ ਸਰਕਾਰ ਦੀ ਨਿੰਦਾ ਕੀਤੀ ਹੈ।ਇਸ ਲੜੀ ਹੇਠ ਤਾਜ਼ੀ ਘਟਨਾ ਵਿੱਚ ਇਕ ਬੇਰੁਜ਼ਗਾਰ ਮਹਿਲਾ ਗੁਰਪ੍ਰੀਤ ਕੌਰ ਨੇ ਬਾਦਲ ਦੇ ਨਿਵਾਸ ਸਾਹਮਣੇ ਖੁਦ ਨੂੰ ਅੱਗ ਲਗਾ ਲਈ।ਉਨ੍ਹਾਂ ਨੇ ਕਿਹਾ ਕਿ ਉਹ ਮਹਿਲਾ ਪਹਿਲਾਂ ਮੁੱਖ ਮੰਤਰੀ ਨੂੰ ਮਿਲੀ ਸੀ, ਜਿਨ੍ਹਾਂ ਨੇ ਉਸਨੂੰ ਨੌਕਰੀ ਹਾਸਿਲ ਕਰਨ ਲਈ ਇਕ ਕੰਪਿਊਟਰ ਕੋਰਸ ਕਰਨ ਲਈ ਕਿਹਾ ਸੀ। ਜਦਕਿ ਇਸ ਵਾਰ ਉਸ ਦੀਆਂ ਬਾਦਲ ਨੂੰ ਉਨ੍ਹਾਂ ਦੀ ਕੋਠੀ ਵਿੱਚ ਮਿਲਣ ਦੀ ਕੋਈ ਕੋਸ਼ਿਸ਼ ਕਾਮਯਾਬ ਨਾ ਹੋ ਸਕੀ, ਜਿਸ ਕਾਰਨ ਉਸਨੇ ਇਹ ਗੰਭੀਰ ਕਦਮ ਚੁੱਕ ਲਿਆ।
ਇਸ ਲੜੀ ਹੇਠ ਬਾਜਵਾ ਨੇ ਸਵੇਰੇ ਅੰਮ੍ਰਿਤਸਰ ਦੇ ਅੱਖਾਂ ਦੇ ਹਸਪਤਾਲ ਦਾ ਦੌਰਾ ਕੀਤਾ, ਜਿਥੇ ਗੁਰਦਾਸਪੁਰ ਦੇ ਪਿੰਡ ਘੁਮਾਨ ਵਿਖੇ ਲਗਾਏ ਗਏ ਅੱਖਾਂ ਦੇ ਕੈਂਪ ਦੌਰਾਨ ਹੋਏ ਅਪ੍ਰੇਸ਼ਨਾਂ ਕਾਰਨ ਆਪਣੀਆਂ ਅੱਖਾਂ ਦੀਆਂ ਰੋਸ਼ਨੀ ਖੋਹਣ ਵਾਲੇ ਲੋਕਾਂ ਦਾ ਇਲਾਜ਼ ਕੀਤਾ ਜਾ ਰਿਹਾ ਹੈ।ਇਸ ਦੌਰਾਨ ਬਾਜਵਾ ਇਨ੍ਹਾਂ ਲੋਕਾਂ ਨੂੰ ਵਿੱਤੀ ਸਮੇਤ ਜ਼ਰੂਰੀ ਸਹਾਇਤਾ ਦੇਣ ਵਿੱਚ ਅਸਫਲ ਰਹੇ ਬਾਦਲ ‘ਤੇ ਵਰ੍ਹੇ।ਉਨ੍ਹਾਂ ਨੇ ਕਿਹਾ ਕਿ ਬਾਦਲ ਸਰਕਾਰ ਵਰਲਡ ਕਬੱਡੀ ਕੱਪ ਦੇ ਉਦਘਾਟਨੀ ਸਮਾਰੋਹ ਵਿੱਚ ਬਾਲੀਵੁਡ ਕਲਾਕਾਰਾਂ ਨੂੰ ਸੱਦ ਕੇ ਵਿਖਾਵੇ ਲਈ ਲੱਖਾਂ ਰੁਪਏ ਬਰਬਾਦ ਕਰ ਸਕਦੀ ਹੈ, ਪਰ ਉਹ ਲੋੜਵੰਦਾਂ ਦੀ ਮਦੱਦ ਨਹੀਂ ਕਰਨਾ ਚਾਹੁੰਦੀ। ਲੋਕਾਂ ਦੀਆਂ ਦੁੱਖ-ਤਕਲੀਫਾਂ ਦਾ ਹੱਲ ਕਰਨਾ ਸਰਕਾਰ ਦੀ ਪ੍ਰਾਥਮਿਕਤਾ ਹੋਣੀ ਚਾਹੀਦੀ ਹੈ।
ਉਨ੍ਹਾਂ ਨੇ ਕਿਹਾ ਕਿ ਇਸ ਹਫਤੇ ਅਜਿਹੀ ਇਕ ਹੋਰ ਹੈਰਾਨ ਕਰਨ ਦੇਣ ਵਾਲੀ ਘਟਨਾ ਵਾਪਰੀ ਹੈ, ਜਦੋਂ ਅਟਾਰੀ ਵਿੱਚ ਸੰਗਤ ਦਰਸ਼ਨ ਪ੍ਰੋਗਰਾਮ ਦੌਰਾਨ ਇਕ ਮਹਿਲਾ ਨੇ ਬਾਦਲ ਨੂੰ ਮਿਲਣ ਦੀ ਕੋਸ਼ਿਸ਼ ਕੀਤੀ, ਜਿਹੜੀ ਆਪਣਾ ਦੁੱਖੜਾ ਮੁੱਖ ਮੰਤਰੀ ਨੂੰ ਦੱਸਣਾ ਚਾਹੁੰਦੀ ਸੀ।ਪਰ ਮੁੱਖ ਮੰਤਰੀ ਨੇ ਉਸਨੂੰ ਨਜ਼ਰਅੰਦਾਜ ਕਰ ਦਿੱਤਾ ਤੇ ਅਖਬਾਰਾਂ ਵਿੱਚ ਉਸ ਔਰਤ ਦੀ ਦੁਖਦ ਹਾਲਤ ‘ਤੇ ਹੱਸਦੇ ਪੁਲਿਸ ਵਾਲਿਆਂ ਦੀਆਂ ਫੋਟੋਆਂ ਛੱਪੀਆਂ ਹਨ।ਉਨ੍ਹਾਂ ਨੇ ਕਿਹਾ ਕਿ ਇਹ ਉਦਾਸੀਨਤਾ ਉਪਰ (ਸੱਤਾਧਾਰੀ ਪਾਰਟੀ ਦੀ ਅਗਵਾਈ) ਤੋਂ ਥੱਲੇ ਤੱਕ ਪ੍ਰਸ਼ਾਸਨਿਕ ਪੱਧਰ ‘ਤੇ ਫੈਲ੍ਹੀ ਹੋਈ ਹੈ ਅਤੇ ਇਸ ਕਾਰਨ ਲੋਕਾਂ ਨੂੰ ਕਿਸੇ ਵੀ ਪੱਧਰ ‘ਤੇ ਨਿਆਂ ਨਹੀਂ ਮਿਲ ਰਿਹਾ। ਜਦਕਿ ਸੰਗਤ ਦਰਸ਼ਨ ਪ੍ਰੋਗਰਾਮ ਸਿਰਫ ਇਕ ਅੱਖਾਂ ਦਾ ਧੋਖਾ ਬਣ ਚੁੱਕੇ ਹਨ।
ਬਾਜਵਾ ਨੇ ਕਿਹਾ ਕਿ ਮੰਦਭਾਗਾ ਹੈ ਕਿ ਪੰਜਵੀਂ ਬਾਰ ਮੁੱਖ ਮੰਤਰੀ ਬਣ ਕੇ ਰਿਕਾਰਡ ਬਣਾਉਣ ਵਾਲਾ ਇਕ ਵਿਅਕਤੀ ਰਹਿਮਦਿਲੀ ਵਾਲਾ ਰਵੱਈਆ ਅਪਣਾਉਣ ਦੀ ਬਜਾਏ, ਇਕ ਘਮੰਡੀ ਵਿਅਕਤੀ ਬਣ ਚੁੱਕਾ ਹੈ ਤੇ ਉਸਦੀ ਉਦਾਸੀਨਤਾ ਵੱਧਦੀ ਜਾ ਰਹੀ ਹੈ।ਉਨ੍ਹਾਂ ਨੇ ਕਿਹਾ ਕਿ ਬਾਦਲ ਦੇ ਬੇਟੇ, ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਵੀ ਇਹੋ ਹਾਲ ਹੈ।ਬਾਦਲ ਦੇ ਰਾਜ ਵਿੱਚ ਸੂਬਾ ਸਰਕਾਰ ਬਹੁਤ ਜ਼ਿਆਦਾ ਭ੍ਰਿਸ਼ਟ, ਨਾਕਾਬਿਲ, ਦਿਸ਼ਾਹੀਣ ਤੇ ਲਾਪਰਵਾਹ ਬਣ ਚੁੱਕੀ ਹੈ।
ਉਨ੍ਹਾਂ ਨੇ ਇਸ ਲਾਪਰਵਾਹੀ ਦੇ ਪੀੜਤਾਂ ਨੂੰ 10000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਤੇ 5 ਲੱਖ ਰੁਪਏ ਦਾ ਮੁਆਵਜ਼ਾ ਦਿੱਤੇ ਜਾਣ ਦੀ ਮੰਗ ਕੀਤੀ ਹੈ।ਇਸ ਮੌਕੇ ਉਨ੍ਹਾਂ ਨਾਲ ਜਸਬੀਰ ਸਿੰਘ ਗਿੱਲ ਡਿੰਪਾ, ਹਰਮਿੰਦਰ ਸਿੰਘ ਦੋਵੇਂ ਜਨਰਲ ਸਕੱਤਰ ਪ੍ਰਦੇਸ਼ ਕਾਂਗਰਸ, ਪ੍ਰੋ. ਗੁਰਵਿੰਦਰ ਸਿੰਘ ਮਮਨਕੇ ਸਕੱਤਰ ਪ੍ਰਦੇਸ਼ ਕਾਂਗਰਸ, ਬਲਬੀਰ ਸਿੰਘ ਬੱਬੀ, ਸਕੱਤਰ ਪ੍ਰਦੇਸ਼ ਕਾਂਗਰਸ ਤੇ ਐਡਵੋਕੇਟ ਰਾਜੀਵ ਭਗਤ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ ਅੰਮ੍ਰਿਤਸਰ ਸ਼ਹਿਰੀ ਵੀ ਮੌਜ਼ੂਦ ਰਹੇ।
Punjab Post Daily Online Newspaper & Print Media