ਭਲਾ ਪਿੰਡ ਖੰਡ ਮਿਲ ਯਾਰਡ ਦਾ ਰੱਖਿਆ ਨੀਂਹ ਪੱਥਰ
ਅੰਮ੍ਰਿਤਸਰ, 15 ਜਨਵਰੀ (ਸੁਖਬੀਰ ਸਿੰਘ) – ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਯਤਨਾਂ ਸਦਕਾ ਕੇਂਦਰ ਸਰਕਾਰ ਕੰਡਿਆਲੀ ਤਾਰ ਨੂੰ ਅੱਗੇ ਲੈ ਕੇ ਜਾ ਰਹੀ ਹੈ।
ਜਿਸ ਨਾਲ ਕਿਸਾਨਾਂ ਨੂੰ ਵੱਡਾ ਫਾਇਦਾ ਹੋਵੇਗਾ ਅਤੇ ਕੇਂਦਰ ਸਰਕਾਰ ਦਾ ਇਹ ਫੈਸਲਾ ਬਹੁਤ ਹੀ ਸ਼ਲਾਘਾਯੋਗ ਹੈ।
ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।ਉਨਾਂ ਕਿਹਾ ਕਿ ਮਾਨ ਸਰਕਾਰ ਵਲੋਂ ਭਾਰਤ ਸਰਕਾਰ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਧਿਆਨ ਵਿੱਚ ਕੰਡਿਆਲੀ ਤਾਰ ਦਾ ਮੁੱਦਾ ਚੁੱਕਿਆ ਸੀ ਕਿ ਇਸ ਤਾਰ ਨੂੰ ਕੁੱਝ ਅੱਗੇ ਲਿਜਾਇਆ ਜਾਵੇ ਤਾਂ ਜੋ ਕਿਸਾਨਾਂ ਨੂੰ ਫਾਇਦਾ ਹੋ ਸਕੇ।ਉਨਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਮੰਤਰੀਆਂ ਨੇ ਕੇਵਲ ਆਪਣੇ ਹਿੱਤ ਦੇ ਮੁੱਦੇ ਹੀ ਚੁੱਕੇ ਸਨ।ਜਦਕਿ ਇਹ ਕੰਮ ਅੱਜ ਤੋਂ 50 ਸਾਲ ਪਹਿਲਾਂ ਹੀ ਹੋ ਜਾਣੇ ਚਾਹੀਦੇ ਸਨ।ਉਨਾਂ ਕਿਹਾ ਕਿ ਅਸੀਂ ਇਕ ਸਾਲ ਦੇ ਅੰਦਰ-ਅੰਦਰ ਹੀ ਕਿਸਾਨਾਂ ਦੇ ਹਿੱਤਾਂ ਲਈ ਕਈ ਅਹਿਮ ਫੈਸਲੇ ਕੀਤੇ ਹਨ ਅਤੇ ਕਿਸਾਨਾਂ ਨੂੰ ਕਿਸੇ ਕਿਸਮ ਦੀ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ।
ਧਾਲੀਵਾਲ ਨੇ ਦੱਸਿਆ ਕਿ ਭਲਾ ਪਿੰਡ ਦੀ ਸ਼ੂਗਰ ਮਿੱਲ ਦਾ ਯਾਰਡ ਜੋ ਕਿ ਪਿਛਲੇ ਕਾਫ਼ੀ ਸਮੇਂ ਤੋਂ ਬਦਤਰ ਹਾਲਤ ਵਿੱਚ ਸੀ ਅਤੇ ਕਿਸਾਨਾਂ ਨੂੰ ਇਥੇ ਟਰੈਕਟਰ ਟਰਾਲੀਆਂ ਖੜ੍ਹੀਆਂ ਕਰਨ ਵਿੱਚ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ।ਇਹ ਯਾਰਡ ਦੋ ਮਹੀਨੇ ਵਿੱਚ ਹੀ ਨਵਾਂ ਬਣਾਇਆ ਜਾਵੇਗਾ ਅਤੇ ਕੰਕਰੀਟ ਦਾ ਵਧੀਆ ਫਰਸ਼ ਪਾਇਆ ਜਾਵੇਗਾ ਤਾਂ ਜੋ ਕਿਸਾਨਾਂ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਪੇਸ਼ ਨਾ ਆਵੇ।ਉਨਾਂ ਕਿਹਾ ਕਿ ਕਿਸਾਨਾਂ ਨੂੰ ਇਕ ਹਫ਼ਤੇ ਦੇ ਅੰਦਰ ਹੀ ਗੰਨੇ ਦੀ ਅਦਾਇਗੀ ਕਰ ਦਿੱਤੀ ਜਾਂਦੀ ਹੈ।
ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਨੇ ਕਿਹਾ ਕਿ 19 ਮਾਰਚ ਨੂੰ ਸਰਕਾਰ ਦਾ ਇਕ ਸਾਲ ਪੂਰਾ ਹੋਣ ਜਾ ਰਿਹਾ ਹੈ।ਹਲਕਾ ਨਿਵਾਸੀਆਂ ਨੂੰ ਇਕ ਸਾਲ ਦੇ ਵਿਕਾਸ ਕਾਰਜ਼ਾਂ ਦਾ ਬਿਓਰਾ ਵੀ ਦਿੱਤਾ ਜਾਵੇਗਾ।
Punjab Post Daily Online Newspaper & Print Media