ਗੁਰਭਜਨ ਸਿੰਘ ਗਿੱਲ, ਡਾ. ਕ੍ਰਿਪਾਲ ਕਜ਼ਾਕ, ਡਾ. ਪਰਮਜੀਤ ਤੇ ਡਾ. ਰਵਿੰਦਰ ਘੁੰਮਣ ਪਹੁੰਚਣਗੇ
ਸਮਰਾਲਾ, 1 ਮਾਰਚ (ਇੰਦਰਜੀਤ ਸਿੰਘ ਕੰਗ) – ਪੁਰਾਣੇ ਸਮਿਆਂ ਵਿੱਚ ਪਿੰਡਾਂ ਦੀਆਂ ਸੱਥਾਂ ਤੋਂ ਨੌਜਵਾਨਾਂ ਆਪਸੀ ਭਾਈਚਾਰਾ ਅਤੇ ਜ਼ਿੰਦਗੀ ਦਾ ਸਮੁੱਚਾ ਗਿਆਨ
ਹਾਸਲ ਕਰਦੇ ਸਨ।ਅੱਜ ਦੀ ਜਵਾਨੀ ਦਾ ਕਿਤਾਬਾਂ ਅਤੇ ਸਾਹਿਤ ਤੋਂ ਟੁੱਟਣ ਦਾ ਮੁੱਖ ਕਾਰਨ ਅਜਿਹੀਆਂ ਸੱਥਾਂ ਜਾਂ ਸਭਾਵਾਂ ਦਾ ਬਿਖਰਨਾ ਹੈ।ਨੌਜਵਾਨਾਂ ਨੂੰ ਪੜ੍ਹਨ ਅਤੇ ਲਿਖਣ ਦੀ ਚੇਟਕ ਲਾਉਣ ਹਿੱਤ ਸਾਹਿਤ ਸਭਾ (ਰਜਿ:) ਸਮਰਾਲਾ ‘ਕਹਾਣੀ-ਵਰਕਸ਼ਾਪ’ ਦੀ ਨਿਵੇਕਲੀ ਸ਼ੁਰੂਆਤ ਕਰਨ ਜਾ ਰਹੀ ਹੈ।ਜਿਸ ਦਾ ਮੁੱਖ ਮਕਸਦ ਮਾਂ ਬੋਲੀ ਪੰਜਾਬੀ ਅਤੇ ਜੜ੍ਹਾਂ ਤੋਂ ਟੁੱਟਦੀ ਜਾ ਰਹੀ ਅਗਲੀ ਪੀੜ੍ਹੀ ਨੂੰ ਸੰਭਾਲਣਾ ਹੈ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਾਹਿਤ ਸਭਾ ਦੇ ਚੇਅਰਮੈਨ ਅਤੇ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਵਿਜੇਤਾ ਕਹਾਣੀਕਾਰ ਸੁਖਜੀਤ ਨੇ ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦੇ ਹੋਏ ਕੀਤਾ।ਉਨ੍ਹਾਂ ਦੱਸਿਆ ਕਿ ਇਸ ਕਹਾਣੀ ਵਰਕਸ਼ਾਪ ਦੀ ਸ਼ੁਰੂਆਤ 5 ਮਾਰਚ ਦਿਨ ਐਤਵਾਰ ਨੂੰ ਸਰਕਾਰੀ ਸੀਨੀ: ਸੈਕੰ: ਸਕੂਲ (ਲੜਕੇ) ਸਮਰਾਲਾ ਵਿਖੇ ਸਵੇਰੇ 10.00 ਵਜੇ ਹੋਵੇਗੀ, ਜੋ ਹਰੇਕ ਮਹੀਨੇ ਦੇ ਪਹਿਲੇ ਐਤਵਾਰ ਨੂੰ ਹੋਇਆ ਕਰੇਗੀ।ਇਸ ਵਿੱਚ ਪੰਜਾਬੀ ਦੇ ਉੱਘੇ ਕਹਾਣੀਕਾਰ, ਆਲੋਚਕ ਅਤੇ ਲੋਕਧਾਰਾਈ ਚਿੰਤਕ ਪਹੁੰਚ ਕੇ ਨੌਜਵਾਨਾਂ ਨੂੰ ਸੇਧ ਦਿਆ ਕਰਨਗੇ।ਸਾਹਿਤ ਸਭਾ ਸਮਰਾਲਾ ਦੇ ਪ੍ਰਧਾਨ ਐਡਵੋਕੇਟ ਨਰਿੰਦਰ ਸ਼ਰਮਾ ਨੇ ਕਿਹਾ ਕਿ 5 ਮਾਰਚ ਨੂੰ ‘ਕਹਾਣੀ ਵਰਕਸ਼ਾਪ’ ਦਾ ਉਦਘਾਟਨ ਗੁਰਭਜਨ ਸਿੰਘ ਗਿੱਲ ਕਰਨਗੇ।ਪ੍ਰਧਾਨਗੀ ਉੱਘੇ ਕਹਾਣੀਕਾਰ ਤੇ ਚਿੰਤਕ ਡਾ. ਕ੍ਰਿਪਾਲ ਕਜ਼ਾਕ ਕਰਨਗੇ, ਕਹਾਣੀ ਅਲੋਚਕ ਡਾ. ਪਰਮਜੀਤ, ਡਾ. ਰਵਿੰਦਰ ਘੁੰਮਣ, ਡਾ. ਬਲਵੰਤ ਸਿੰਘ ਸੰਧੂ ਅਤੇ ਡਾ. ਸੁਖਪਾਲ ਕੌਰ ਸਮਰਾਲਾ ਸੰਵਾਦ ਰਚਾਉਣਗੇ।ਕਹਾਣੀਕਾਰ ਬਲਵਿੰਦਰ ਗਰੇਵਾਲ, ਜਤਿੰਦਰ ਹਾਂਸ, ਮੁਖਤਿਆਰ ਸਿੰਘ ਵਿਸ਼ੇਸ਼ ਤੌਰ ‘ਤੇ ਪੁੱਜ ਰਹੇ ਹਨ।
ਇਸ ਮੀਟਿੰਗ ਮੌਕੇ ਮਾ. ਪੁਖਰਾਜ ਸਿੰਘ ਘੁਲਾਲ, ਇੰਦਰਜੀਤ ਸਿੰਘ ਕੰਗ, ਕਹਾਣੀਕਾਰ ਮਨਦੀਪ ਸਿੰਘ ਡਡਿਆਣਾ, ਅਮਨ ਸਮਰਾਲਾ, ਗੁਰਦੀਪ ਮਹੌਣ ਅਤੇ ਤਰਨ ਬੱਲ ਵੀ ਹਾਜ਼ਰ ਸਨ।
Punjab Post Daily Online Newspaper & Print Media