ਅੰਮ੍ਰਿਤਸਰ, 19 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਤਕਨੀਕੀ ਅਤੇ ਇੰਜੀਨੀਅਰਿੰਗ ਸਿੱਖਿਆ ਦੇ ਖੇਤਰ ਵਿਚ ਪੰਜਾਬੀ ਭਾਸ਼ਾ ਦੇ ਵਿਕਾਸ ਦੀ ਲੜੀ ਨੂੰ ਅੱਗੇ
ਵਧਾਉਂਦਿਆਂ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ ਵੱਲੋਂ ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਦੇ ਵਿਗਿਆਨਕ ਅਤੇ ਤਕਨੀਕੀ ਸ਼ਬਦਾਵਲੀ ਕਮਿਸ਼ਨ ਦੇ ਸਹਿਯੋਗ ਨਾਲ ਪੰਜਾਬੀ ਭਾਸ਼ਾ ਵਿੱਚ ਤਕਨੀਕੀ ਪਰਿਭਾਸ਼ਾਵਾਂ ਦੇ ਵਿਕਾਸ ਬਾਰੇ ਪੰਜ ਦਿਨਾਂ ਵਰਕਸ਼ਾਪ ਦਾ ਆਯੋਜਨ ਕੀਤਾ।ਜਿਸ ਵਿੱਚ ਪੰਜਾਬੀ ਇੰਜਨੀਅਰਿੰਗ ਸ਼ਬਦਾਵਲੀ ਦੀ ਸਮੀਖਿਆ ਦੇ ਕੰਮ ਵਿੱਚ ਇਸ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ, ਕੰਪਿਊਟਰ ਇੰਜਨੀਅਰਿੰਗ ਅਤੇ ਮਕੈਨੀਕਲ ਇੰਜਨੀਅਰਿੰਗ ਵਿਭਾਗ ਦੇ ਕੁੱਲ 12 ਵਿਸ਼ਾ ਮਾਹਿਰਾਂ ਦੇ ਨਾਲ-ਨਾਲ ਹੋਰ ਸੰਸਥਾਵਾਂ ਦੇ ਮਾਹਿਰਾਂ ਨੇ ਭਾਗ ਲਿਆ।
ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਪ੍ਰਸਾਰ ਲਈ ਹਮੇਸ਼ਾਂ ਯਤਨਸ਼ੀਲ ਰਹੀ ਹੈ।ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. (ਡਾ.) ਜਸਪਾਲ ਸਿੰਘ ਸੰਧੂ ਦੀ ਅਗਵਾਈ ਅਤੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ ਦੇ ਮੁਖੀ ਡਾ. ਰਵਿੰਦਰ ਕੁਮਾਰ ਦੇ ਨਿਰੰਤਰ ਯਤਨਾਂ ਸਦਕਾ ਇਸ ਵਿਭਾਗ ਨੇ ਪੰਜਾਬੀ ਭਾਸ਼ਾ ਦੇ ਇੰਜੀਨਿਅਰਿੰਗ ਦੇ ਖੇਤਰ ਵਿਚ ਵਿਕਾਸ ਲਈ ਕਈ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ।
ਇਸ ਵਰਕਸ਼ਾਪ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਡਾ. ਰਵਿੰਦਰ ਕੁਮਾਰ ਨੇ ਕਿਹਾ ਕਿ ਇਹ ਵਰਕਸ਼ਾਪ ਖੇਤਰੀ ਭਾਸ਼ਾਵਾਂ ਵਿੱਚ ਤਕਨੀਕੀ ਅਤੇ ਪੇਸ਼ੇਵਰ ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ ਰਾਸ਼ਟਰੀ ਸਿੱਖਿਆ ਨੀਤੀ-2020 ਦੇ ਉਦੇਸ਼ ਨੂੰ ਪੂਰਾ ਕਰਨ ਲਈ ਆਯੋਜਿਤ ਕੀਤੀ ਗਈ ਹੈ।ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ ਨੇ ਪੰਜਾਬੀ ਭਾਸ਼ਾ ਵਿੱਚ ਇੰਜਨੀਅਰਿੰਗ ਵਿਸ਼ਿਆਂ ਨਾਲ ਸਬੰਧਤ ਤਕਨੀਕੀ ਸ਼ਬਦਾਵਲੀ ਵਿਕਸਿਤ ਕਰਨ ਲਈ ਵਿਗਿਆਨਕ ਅਤੇ ਤਕਨੀਕੀ ਸ਼ਬਦਾਵਲੀ ਕਮਿਸ਼ਨ ਦੇ ਸਹਿਯੋਗ ਨਾਲ ਪੰਜ ਵਰਕਸ਼ਾਪਾਂ ਦਾ ਸਫਲਤਾਪੂਰਵਕ ਆਯੋਜਨ ਕੀਤਾ ਹੈ।ਮੌਜ਼ੂਦਾ ਵਰਕਸ਼ਾਪ ਪਿਛਲੀਆਂ ਵਰਕਸ਼ਾਪਾਂ ਵਿੱਚ ਪਹਿਲਾਂ ਹੀ ਵਿਕਸਤ ਤਕਨੀਕੀ ਸ਼ਬਦਾਵਲੀ ਦੀ ਸਮੀਖਿਆ ਕਰਨ ਲਈ ਕਰਵਾਈ ਗਈ ਸੀ।
ਇਸ ਵਰਕਸ਼ਾਪ ਵਿੱਚ ਕਮਿਸ਼ਨ ਫਾਰ ਸਾਇੰਟਿਫਿਕ ਐਂਡ ਟੈਕਨੀਕਲ ਟਰਮੀਨੌਲੋਜੀ ਨਵੀਂ ਦਿੱਲੀ ਤੋਂ ਡਾ. ਅਸ਼ੋਕ ਸੇਲਵਾਤਕਰ, ਸਹਾਇਕ ਡਾਇਰੈਕਟਰ ਅਤੇ ਡਾ. ਸ਼ੈਲੇਂਦਰ ਸਿੰਘ ਨੇ ਵੀ ਸ਼ਿਰਕਤ ਕੀਤੀ।ਡਾ. ਅਸ਼ੋਕ ਸੇਲਵਾਤਕਰ ਨੇ ਪੰਜਾਬੀ ਭਾਸ਼ਾ ਵਿੱਚ 50000 ਤੋਂ ਵੱਧ ਤਕਨੀਕੀ ਸ਼ਬਦਾਂ ਦੇ ਵਿਕਾਸ ਦੇ ਇਸ ਕਾਰਜ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੋਗਦਾਨ `ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਡਾ. ਸ਼ੈਲੇਂਦਰ ਸਿੰਘ ਨੇ ਦੱਸਿਆ ਕਿ ਪੰਜਾਬੀ ਭਾਸ਼ਾ ਵਿੱਚ ਇਸ ਤਕਨੀਕੀ ਸ਼ਬਦਾਵਲੀ ਨੂੰ ਕਮਿਸ਼ਨ ਫਾਰ ਸਾਇੰਟਿਫਿਕ ਐਂਡ ਟੈਕਨੀਕਲ ਟਰਮਿਨੌਲੋਜੀ ਨਵੀਂ ਦਿੱਲੀ ਵਲੋਂ ਬਹੁਤ ਜਲਦੀ ਇੱਕ ਡਿਕਸ਼ਨਰੀ ਦੇ ਰੂਪ ਵਿੱਚ ਪ੍ਰਕਾਸ਼ਿਤ ਕੀਤਾ ਜਾਵੇਗਾ ਅਤੇ ਇਹ ਡਾਟਾ ਆਨਲਾਈਨ ਵੀ ਉਪਲੱਬਧ ਹੋਵੇਗਾ।
ਇਸ ਤੋਂ ਇਲਾਵਾ ਡਾ. ਸਤਵਿੰਦਰ ਸਿੰਘ, ਐਸੋਸੀਏਟ ਪ੍ਰੋਫੈਸਰ ਅਤੇ ਮੁਖੀ ਕੰਪਿਊਟਰ ਸਾਇੰਸ ਵਿਭਾਗ ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ, ਬਠਿੰਡਾ ਡਾ. ਰਮਨਦੀਪ ਕੌਰ, ਸਹਾਇਕ ਪ੍ਰੋਫੈਸਰ, ਇਲੈਕਟ੍ਰੋਨਿਕਸ ਅਤੇ ਸੰਚਾਰ ਇੰਜੀਨੀਅਰਿੰਗ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਵੀ ਪੰਜਾਬੀ ਭਾਸ਼ਾ ਵਿੱਚ ਇੰਜੀਨੀਅਰਿੰਗ ਸ਼ਬਦਾਵਲੀ ਨੂੰ ਸੁਧਾਰਨ ਲਈ ਆਪਣੇ ਵਿਚਾਰ ਸਾਂਝੇ ਕੀਤੇ। ।
ਸਮਾਪਤੀ ਸੈਸ਼ਨ ਦੌਰਾਨ ਵਰਕਸ਼ਾਪ ਦੇ ਡਿਪਟੀ ਕੋਆਰਡੀਨੇਟਰ ਡਾ. ਰਾਜਨਦੀਪ ਸਿੰਘ ਸਹਾਇਕ ਪ੍ਰੋਫੈਸਰ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ ਨੇ ਇਸ ਵਰਕਸ਼ਾਪ ਨੂੰ ਸਫਲਤਾਪੂਰਵਕ ਕਰਵਾਉਣ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਵਿਦਿਅਕ ਸੰਸਥਾਵਾਂ ਦੇ ਸਾਰੇ ਮਾਹਿਰਾਂ ਦਾ ਆਪਣੇ ਗਿਆਨ ਅਤੇ ਮੁਹਾਰਤ ਨੂੰ ਸਾਂਝਾ ਕਰਨ ਲਈ ਧੰਨਵਾਦ ਕੀਤਾ।
ਇਸ ਮੌਕੇ ਵਾਈਸ ਚਾਂਸਲਰ ਪ੍ਰੋ. (ਡਾ.) ਜਸਪਾਲ ਸਿੰਘ ਸੰਧੂ, ਡੀਨ ਅਕਾਦਮਿਕ ਮਾਮਲੇ ਪ੍ਰੋ. ਸਰਬਜੋਤ ਸਿੰਘ ਬਹਿਲ ਅਤੇ ਰਜਿਸਟਰਾਰ ਪ੍ਰੋ. ਕਰਨਜੀਤ ਸਿੰਘ ਕਾਹਲੋਂ ਨੇ ਪੰਜਾਬੀ ਭਾਸ਼ਾ ਵਿੱਚ ਤਕਨੀਕੀ ਪਰਿਭਾਸ਼ਾ ਦੇ ਵਿਕਾਸ ਲਈ ਕਰਵਾਈ ਇਸ ਵਰਕਸ਼ਾਪ ਦੇ ਸਫਲਤਾਪੂਰਵਕ ਆਯੋਜਨ ਲਈ ਪ੍ਰਬੰਧਕੀ ਟੀਮ ਦੇ ਨਾਲ-ਨਾਲ ਮਾਹਿਰਾਂ ਨੂੰ ਵੀ ਵਧਾਈ ਦਿੱਤੀ।
Check Also
ਯੂਨੀਵਰਸਿਟੀ ਵੱਲੋਂ ‘ਸੰਗੀਤ ਤੇ ਖੇਤੀਬਾੜੀ ਦਾ ਅੰਤਰਵਿਸ਼ਾ ਦ੍ਰਿਸ਼ਟੀਕੋਣ’ ਵਿਸ਼ੇ ‘ਤੇ ਤਿੰਨ ਦਿਨਾਂ ਵਰਕਸ਼ਾਪ
ਅੰਮ੍ਰਿਤਸਰ, 26 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਜ਼ੂਅਲ ਐਂਡ ਪਰਫਾਰਮਿੰਗ …
Punjab Post Daily Online Newspaper & Print Media