ਇਲਾਕੇ ਦਾ ਨਾਮ ਰੋਸ਼ਨ ਕਰ ਰਿਹਾ ਪ੍ਰਦੀਪ – ਡਾ. ਅਮਨ
ਰਾਜਪੁਰਾ, 7 ਨਵੰਬਰ (ਪੱਤਰ ਪ੍ਰੇਰਕ) – ਲੋਕ ਸਾਹਿਤ ਸੰਗਮ (ਰਜਿ.) ਦੀ ਸਾਹਿਤਕ ਬੈਠਕ ਸਥਾਨਕ ਰੋਟਰੀ ਭਵਨ ਵਿਖੇ ਡਾ. ਗੁਰਵਿੰਦਰ ਅਮਨ ਦੀ ਪ੍ਰਧਾਨਗੀ
ਹੇਠ ਹੋਈ।ਜਿਸ ਵਿੱਚ ਪੰਜਾਬੀ ਮਾਂ ਬੋਲੀ ਦੀ ਸੇਵਾ ਲਈ ਉਭਰਦੇ ਗਾਇਕ ਪ੍ਰਦੀਪ ਜੱਸਲ ਨੂੰ ਪੀ.ਟੀ.ਸੀ ਪੰਜਾਬੀ ਚੈਨਲ ਵਲੋਂ ਚੱਲ ਰਹੇ ਪ੍ਰੋਗਰਾਮ ਆਵਾਜ਼ ਪੰਜਾਬ ਦੀ ਵਿੱਚ ਵਧੀਆ ਗਾਇਕੀ ਲਈ ਸਨਮਾਨਿਤ ਕੀਤਾ ਗਿਆ।ਪ੍ਰਦੀਪ ਜੱਸਲ ਨੇ ਆਪਣੀ ਬੁਲੰਦ ਆਵਾਜ਼ ਵਿੱਚ ਲੋਕ ਗੀਤ ਸੁਣਾ ਕੇ ਚੰਗਾ ਰੰਗ ਬੰਨਿਆ।
ਸਭਾ ਦਾ ਆਗਾਜ਼ ਅਵਤਾਰ ਪਵਾਰ ਦੀ ਗ਼ਜ਼ਲ `ਜੋ ਸੁਫ਼ਨਿਆਂ ਵਿੱਚ ਸਾਗਰ ਵਿੱਚ ਤੈਰਦਿਆਂ ਉਹ ਤਸਵੀਰਾਂ ਹੱਥਾਂ ਵਿੱਚ ਨਾ ਠਹਿਰਦੀਆਂ` ਨਾਲ ਹੋਇਆ।ਕਰਮ ਸਿੰਘ ਹਕੀਰ ਦੀ ਕਵਿਤਾ ਵਿੱਚ ਕੈਨੇਡਾ ਨੂੰ ਭੱਜ ਰਹੇ ਨੌਜਵਾਨਾਂ ਦਾ ਦਰਦ ਸੀ।ਸੁਰਿੰਦਰ ਸਿੰਘ ਸੋਹਣਾ ਦਾ ਗੀਤ `ਤੁਸੀਂ ਰੁੱਖ ਵੱਢਣੇ ਛੱਡ ਦਿਓ, ਅਸੀਂ ਆਪ ਆਲ੍ਹਣੇ ਪਾਲਾਂਗੇ।ਨਵਦੀਪ ਕੌਰ ਜੱਸਲ ਨੇ ਆਪਣੇ ਪਿਤਾ ਵਲੋਂ ਰਚੀ ਕਵਿਤਾ `ਤਿੰਨਾਂ ਚੀਜ਼ਾਂ ਨੂੰ ਬਚਾ ਲੋ ਬੇਟੀ, ਪਾਣੀ ਅਤੇ ਰੁੱਖ` ਸੁਣਾ ਕੇ ਸਭ ਨੂੰ ਸੋਚਣ ਲਈ ਮਜ਼ਬੂਰ ਕੀਤਾ।ਰਣਜੀਤ ਸਿੰਘ ਫਤਹਿਗੜ੍ਹ ਸਾਹਿਬ ਦਾ ਗੀਤ ਸੱਚ ਕੇਹਨ ਤੋਂ ਲੋਕ ਵਿਚਾਰੇ ਡਰਦੇ ਨੇ`, ਸੁਰਿੰਦਰ ਕੌਰ ਬਾੜਾ ਨੇ ਬੁਲੰਦ ਆਵਾਜ਼ ਵਿਚ `ਮੈ ਜੱਟੀ ਪੰਜਾਬ ਦੀ` ਸੁਣਾ ਕੇ ਸਭ ਨੂੰ ਝੂਮਣ ਗਾ ਦਿੱਤਾ।ਕੁਲਵੰਤ ਸਿੰਘ ਜੱਸਲ ਦਾ ਗੀਤ `ਰੱਬਾ ਮੁੜ ਬਣਾ ਦੇ ਮੇਰਾ ਸੋਹਣਾ ਜਿਹਾ ਪੰਜਾਬ ਸੁਣ ਕੇ ਚੰਗੀ ਵਾਹ ਵਾਹ ਖੱਟੀ।ਸਰਬਜੀਤ ਕੌਰ ਸਹੋਤਾ ਅਤੇ ਤੇਜਿੰਦਰ ਸਿੰਘ ਅਣਜਾਣਾ ਨੇ ਗ਼ਜ਼ਲ ਸੁਣਾ ਕੇ ਪ੍ਰਪੱਕਤਾ ਦਾ ਸਬੂਤ ਦਿੱਤਾ।ਸੁਨੀਤਾ ਦੇਸ ਰਾਜ ਨੇ ਕਵਿਤਾ ਮਨਜੀਤ ਸਿੰਘ ਨਾਗਰਾ ਨੇ ਗੀਤ, ਇੰਦਰਜੀਤ ਸਿੰਘ, ਮਨਜੀਤ ਸਿੰਘ ਪੁਆਰ ਤੇ ਦਲਜੀਤ ਸਿੰਘ ਸ਼ਾਂਤ ਨੇ ਮਧੁਰ ਆਵਾਜ਼ ਵਿੱਚ ਗੀਤ ਸੁਣਾਏ।
ਸੰਗਮ ਦੇ ਪ੍ਰਧਾਨ ਡਾ. ਗੁਰਵਿੰਦਰ ਅਮਨ ਨੇ ਆਪਣੀ ਭਾਵਪੂਰਕ ਕਵਿਤਾ ਤੇ ਮਿੰਨੀ ਕਹਾਣੀ ਸੁਣਾ ਕੇ ਸਮਾਜ ‘ਤੇ ਵਿਅੰਗ ਕੱਸਿਆ।ਬਲਦੇਵ ਸਿੰਘ ਖੁਰਾਣਾ ਨੇ ਜਿਥੇ ਹਾਸਰਸ ਕਵਿਤਾ ਸੁਣਾਈ, ਉਥੇ ਮੰਚ ਸੰਚਾਲਨ ਬਖੂਬੀ ਕੀਤਾ।
Punjab Post Daily Online Newspaper & Print Media