Wednesday, January 15, 2025

ਚੀਫ਼ ਖ਼ਾਲਸਾ ਦੀਵਾਨ ਐਜੂਕੇਸ਼ਨਲ ਕਮੇਟੀ ਦੀ ਇਕੱਤਰਤਾ

15 ਨਵੰਬਰ ਤੋਂ ਸ਼ੁਰੂ ਹੋਵੇਗਾ ਸਪੋਰਟਸ ਟੂਰਨਾਮੈਂਟ

ਅੰਮ੍ਰਿਤਸਰ, 7 ਨਵੰਬਰ (ਜਗਦੀਪ ਸਿੰਘ) – ਪਤਿਤਪੁਣੇ ਦੀ ਚਿੰਤਾਜਨਕ ਸਥਿਤੀ ਦੇ ਹੱਲ ਲਈ ਸਿੱਖ ਪਨੀਰੀ ਨੂੰ ਆਪਣੇ ਧਰਮ ਵਿਚ ਪਰਿਪੱਕ ਕਰਨਾ, ਸਿੱਖੀ ਸਰੂਪ ਅਤੇ ਸਿੱਖ ਸਿਧਾਂਤਾਂ ਦੀ ਮਰਿਆਦਾ ਬਾਬਤ ਜਾਣੂ ਕਰਵਾਉਣਾ ਸਮੇਂ ਦੀ ਮੁੱਖ ਲੋੜ ਹੈ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਜ਼ਰ ਵੱਲੋਂ ਦੀਵਾਨ ਦੀ ਐਜੂਕੇਸ਼ਨਲ ਕਮੇਟੀ ਵਲੋਂ ਆਯੋਜਿਤ ਵਿਸ਼ੇਸ਼ ਮੀਟਿੰਗ ਦੌਰਾਨ ਕੀਤਾ ਗਿਆ।
ਦੀਵਾਨ ਦੇ ਮੁੱਖ ਦਫ਼ਤਰ ਵਿਖੇ ਆਯੋਜਿਤ ਕੀਤੀ ਗਈ ਐਜੂਕੇਸ਼ਨਲ ਕਮੇਟੀ ਮੈਂਬਰਾਂ ਦੀ ਮੀਟਿੰਗ ਦੀ ਆਰੰਭਤਾ ਮੂਲ ਮੰਤਰ ਦੇ ਪਾਠ ਨਾਲ ਕਰਨ ਉਪਰੰਤ ਕਮੇਟੀ ਦੇ ਆਨਰੇਰੀ ਸਕੱਤਰ ਡਾ. ਸਰਬਜੀਤ ਸਿੰਘ ਛੀਨਾ ਨੇ ਦੱਸਿਆ ਕਿ ਐਜੂਕੇਸ਼ਨਲ ਕਮੇਟੀ ਵਲੋਂ ਅੰਤਰ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਜ਼ ਸਪੋਰਟਸ ਟੂਰਨਾਮੈਂਟ ਦੀ ਸ਼ੁਰੂਆਤ 15 ਨਵੰਬਰ 2023 ਨੂੰ ਦੀਵਾਨ ਦੇ ਸ੍ਰੀ ਅਨੰਦਪੁਰ ਸਾਹਿਬ ਸਥਿਤ ਸਕੂਲ ਤੋਂ ਕੀਤੀ ਜਾ ਰਹੀ ਹੈ ਅਤੇ ਵੱਖ-ਵੱਖ ਸੀ.ਕੇ.ਡੀ ਸਕੂਲਾਂ ਵਿੱਚ 132 ਖੇਡਾਂ ਕਰਵਾਉਦਿਆਂ 30 ਨਵੰਬਰ 2023 ਨੂੰ ਤਰਨ ਤਾਰਨ ਦੇ ਸਕੂਲ ਵਿਖੇ ਸਮਾਪਤੀ ਕੀਤੀ ਜਾਵੇਗੀ।
ਐਜੂਕੇਸ਼ਨਲ ਕਮੇਟੀ ਵਲੋਂ ਸੀ.ਕੇ.ਡੀ ਸਕੂਲਾਂ ਲਈ ਪ੍ਰਕਾਸ਼ਿਤ ਕੀਤੀਆਂ ਜਾਂਦੀਆਂ ਧਰਮ ਪੋਥੀਆਂ ਨੂੰ ਰੀਵੀਊ ਕਰਕੇ ਨਵਾਂ ਸਿਲੇਬਸ ਤਿਆਰ ਕਰਨ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ।ਡਾ. ਨਿੱਜ਼ਰ ਨੇ ਐਜੂਕੇਸ਼ਨਲ ਕਮੇਟੀ ਅਤੇ ਧਰਮ ਪ੍ਰਚਾਰ ਕਮੇਟੀ ਨੂੰ ਧਾਰਮਿਕ ਅਧਿਆਪਕਾਂ ਦੇ ਸਹਿਯੋਗ ਨਾਲ ਸਕੂਲਾਂ ਵਿਚ ਪੜ੍ਹਾਏ ਜਾਂਦੇ ਧਾਰਮਿਕ ਵਿਸ਼ੇ ਨੂੰ ਹੋਰ ਵੀ ਦਿਲਚਸਪ ਬਣਾਉਣ ਦੀ ਲੋੜ੍ਹ ‘ਤੇ ਜ਼ੋਰ ਦਿੱਤਾ, ਤਾਂ ਜੋ ਬੱਚੇ ਧਾਰਮਿਕ ਗਿਆਨ ਨੂੰ ਬਹੁਤ ਸਹਿਜ਼ਤਾ ਅਤੇ ਡੂੰਘਾਈ ਨਾਲ ਪ੍ਰਾਪਤ ਕਰ ਸਕਣ।ਦੀਵਾਨ ਦੇ ਸਥਾਨਕ ਪ੍ਰਧਾਨ ਤੇ ਐਜੂਕੇਸ਼ਨਲ ਕਮੇਟੀ ਦੇ ਐਡੀ. ਆਨਰੇਰੀ ਸਕੱਤਰ ਸੰਤੋਖ ਸਿੰਘ ਸੇਠੀ ਨੇ ਚੀਫ਼ ਖ਼ਾਲਸਾ ਦੀਵਾਨ ਸਕੂਲਾਂ ਵਿੱਚ ਐਜੂਕੇਸ਼ਨਲ ਕਮੇਟੀ ਵਲੋਂ ਆਯੋਜਿਤ ਕੀਤੀਆਂ ਜਾ ਰਹੀਆਂ ਧਾਰਮਿਕ ਅਤੇ ਸਿੱਖ ਇਤਿਹਾਸ ਸਬੰਧੀ ਲਿਖਤੀ ਪ੍ਰੀਖਿਆਵਾਂ, ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੇ ਸ਼ਹੀਦੀ ਗੁਰਪੁਰਬ ਮੋਕੇ ਕਰਵਾਈ ਜਾਣ ਵਾਲੀ ਕੰਠ ਬਾਣੀ ਪ੍ਰੀਖਿਆ, ਪੰਜਾਬੀ ਸੁੰਦਰ ਲਿਖਾਈ ਮੁਕਾਬਲਿਆਂ ਦੀਆਂ ਆਯੋਜਨ ਬਾਬਤ ਵਿਸਥਾਰਪੂਰਵਕ ਜਾਣਕਾਰੀ ਦਿੱਤੀ।
ਮੀਟਿੰਗ ਦੌਰਾਨ ਚੀਫ਼ ਖ਼ਾਲਸਾ ਦੀਵਾਨ ਸਕੂਲਾਂ ਵਿੱਚ ਗੁਰਮੁੱਖੀ ਲਿਪੀ ਅਤੇ ਗਿਣਤੀ ਦੇ ਹਿੱਸਿਆਂ ਦਾ ਡਿਜ਼ਾਈਨਰ ਫਲੈਸ਼ ਬੋਰਡ ਲਗਾਉਣ, ਗੁਰਮੁੱਖੀ ਲਿਪੀ ਦੀ ਆਕਰਸ਼ਕ ਸੁੰਦਰ ਲਿਖਾਈ (ਕਰਸਿਵ ਰਾਈਟਿੰਗ) ਦਾ ਵਿਸ਼ਾ ਪਹਿਲੀ ਕਲਾਸ ਤੋਂ ਹੀ ਸ਼ੁਰੂ ਕਰਨ ਦਾ ਫੈਸਲਾ ਲਿਆ ਗਿਆ।
ਇਸ ਮੋਕੇ ਆਨਰੇਰੀ ਐਡੀ. ਸਕੱਤਰ ਜਸਪਾਲ ਸਿੰਘ ਢਿੱਲੋਂ, ਆਨਰੇਰੀ ਜੁਆਇੰਟ ਸਕੱਤਰ ਸੁਖਜਿੰਦਰ ਸਿੰਘ ਪ੍ਰਿੰਸ, ਐਜੂਕੇਸ਼ਨਲ ਕਮੇਟੀ ਦੇ ਆਨਰੇਰੀ ਸਕੱਤਰ ਡਾ. ਐਸ.ਐਸ ਛੀਨਾ, ਪ੍ਰੋ. ਸੂਬਾ ਸਿੰਘ, ਬੀਬੀ ਕਿਰਨਜੋਤ ਕੌਰ, ਅਜਾਇਬ ਸਿੰਘ ਅਭਿਆਸੀ, ਜਸਪਾਲ ਸਿੰਘ (ਰਿਟਾ: ਪੀ.ਸੀ.ਐਸ), ਮਨਮੋਹਨ ਸਿੰਘ, ਜੋਗਿੰਦਰ ਸਿੰਘ ਅਰੋੜਾ, ਡਾਇਰੈਕਟਰ ਓਪਰੇਸ਼ਨ ਡਾ. ਏ.ਪੀ.ਐਸ ਚਾਵਲਾ, ਜੁਆਇੰਟ ਡਾਇਰੈਕਟਰ ਸਪੋਰਟਸ ਦਪਿੰਦਰ ਸਿੰਘ ਅਤੇ ਸਟਾਫ ਮੈਂਬਰ ਹਾਜ਼ਰ ਸਨ।

Check Also

ਲਾਇਨਜ਼ ਕਲੱਬ ਸੰਗਰੂਰ ਰਾਇਲ ਨੇ ਮਨਾਇਆ ਲੋਹੜੀ ਦਾ ਤਿਉਹਾਰ

ਸੰਗਰੂਰ, 14 ਜਨਵਰੀ (ਜਗਸੀਰ ਲੌਂਗੋਵਾਲ) – ਲਾਇਨਜ਼ ਕਲੱਬ ਸੰਗਰੂਰ ਰਾਇਲ ਨੇ ਕਲੱਬ ਦੇ ਪ੍ਰਧਾਨ ਰਾਜੀਵ …