Sunday, February 22, 2026

ਜਮਹੂਰੀ ਹੱਕਾਂ ਦੀ ਲਹਿਰ ਦੇ ਜੁਝਾਰੂ ਆਗੂ ਨਾਮਦੇਵ ਭੁਟਾਲ ਨੂੰ ਭਾਵਭਿੰਨੀ ਸ਼ਰਧਾਂਜਲੀ ਭੇਟ

ਸੰਗਰੂਰ, 17 ਦਸੰਬਰ (ਜਗਸੀਰ ਲੌਂਗੋਵਾਲ ) – ਜਮਹੂਰੀ ਲਹਿਰ ਦੇ ਜੁਝਾਰੂ ਆਗੂ ਨਾਮਦੇਵ ਭੁਟਾਲ ਦੇ ਸ਼ਰਧਾਂਜਲੀ ਸਮਾਗਮ ਵਿੱਚ ਜੁੜੇ ਹਜ਼ਾਰਾਂ ਲੋਕਾਂ ਨੇ ਅਜਮੇਰ ਅਕਲੀਆ ਦੇ ਸ਼ਰਧਾਂਜ਼ਲੀ ਗੀਤ ਅਤੇ ਆਪਣੇ ਮਹਿਬੂਬ ਆਗੂ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਨਮ ਅੱਖਾਂ ਨਾਲ ਸ਼ਰਧਾਂਜਲੀ ਭੇਟ ਕੀਤੀ।ਸਥਾਨਕ ਜੀ.ਪੀ.ਐਫ ਕੰਪਲੈਕਸ ਵਿੱਚ ਇਨਕਲਾਬੀ ਭਾਵਨਾ ਨੂੰ ਬੁਲੰਦ ਕਰਦੇ ਫਲੈਕਸਾਂ, ਮਾਟੋਆਂ ਤੇ ਝੰਡਿਆਂ ਨਾਲ ਸਜਾਏ ਪੰਡਾਲ ਵਿੱਚ ਪੰਜਾਬ ਦੇ ਕੋਨੇ-ਕੋਨੇ ਤੋਂ ਪਹੁੰਚੇ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਤੇ ਕਾਰਕੁੰਨਾਂ ਨੇ ਨਾਮਦੇਵ ਭੁਟਾਲ ਦੇ ਸਰੋਕਾਰਾਂ ਨੂੰ ਅਗਾਂਹ ਤੋਰਨ ਦਾ ਅਹਿਦ ਲਿਆ ਅਤੇ ਉਨ੍ਹਾਂ ਵਲੋਂ ਆਪਣੀ 70 ਸਾਲ ਦੀ ਜਿੰਦਗੀ ਵਿਚੋਂ 50 ਸਾਲ ਤੋਂ ਵਧੇਰੇ ਸਮਾਂ ਇਨਕਲਾਬੀ ਜਮਹੂਰੀ ਲਹਿਰ ਦੇ ਲੇਖੇ ਲਾਉਣ ਅਤੇ ਵਿਛੜਣ ਤੋਂ ਪਹਿਲਾਂ ਆਪਣਾ ਸਰੀਰ ਮੈਡੀਕਲ ਖਜ਼ਾਂ ਲਈ ਅਰਪਿਤ ਕਰਨ ਦੀ ਅਦੁੱਤੀ ਭਾਵਨਾ ਨੂੰ ਸਲਾਮ ਕੀਤੀ।
ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਜਮਹੂਰੀ ਅਧਿਕਾਰ, ਪੰਜਾਬ ਦੇ ਸੂਬਾਈ ਪ੍ਰਧਾਨ ਪ੍ਰੋ: ਜਗਮੋਹਣ ਸਿੰਘ ਤੇ ਜਿਲ੍ਹਾ ਪ੍ਰਧਾਨ ਸਵਰਨਜੀਤ ਸਿੰਘ ਨੇ ਕਿਹਾ ਕਿ ਸਾਥੀ ਨਾਮਦੇਵ ਭੁਟਾਲ ਇਕ ਬਹੁਤ ਸੁਲਝੀ ਹੋਈ ਸਖਸ਼ੀਅਤ ਦਾ ਨਾਂ ਸੀ।ਉਹ ਸੰਨ 2012 ਤੋਂ ਆਪਣੇ ਅੰਤਲੇ ਸਾਹ ਤੱਕ ਸਭਾ ਦੇ ਸੂਬਾ ਆਗੂ ਅਤੇ ਪੂਰਾ ਇੱਕ ਦਹਾਕਾ ਜਿਲ੍ਹਾ ਪ੍ਰਧਾਨ ਦੀਆਂ ਬੇਹਦ ਅਹਿਮ ਜਿੰਮੇਵਾਰੀਆਂ ਨਿਭਾਉਂਦੇ ਰਹੇ।ਉਹਨੇ ਸਭਾ ਦੀਆਂ ਕਈ ਤੱਥ-ਖੋਜ਼ ਟੀਮਾਂ ਦੀ ਅਗਵਾਈ ਕੀਤੀ।ਉਨ੍ਹਾਂ ਕਿਹਾ ਕਿ ਜਮਹੂਰੀ ਤੇ ਮਨੁੱਖੀ ਅਧਿਕਾਰਾਂ `ਤੇ ਮੋਦੀ ਸਰਕਾਰ ਦੇ ਫਿਰਕੂ-ਫ਼ਾਸ਼ੀ ਹਮਲਿਆਂ ਦੇ ਇਸ ਨਾਜ਼ੁੁਕ ਸਮੇਂ ਵਿਚ ਨਾਮਦੇਵ ਭੁਟਾਲ ਦਾ ਅਚਾਨਕ ਤੁਰ ਜਾਣਾ ਜਮਹੂਰੀ ਲਹਿਰ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ।
ਕਰੀਬ ਅੱਧੀ ਸਦੀ ਤੋਂ ਨਾਮਦੇਵ ਭੁਟਾਲ ਦੇ ਮੋਢੇ ਨਾਲ ਮੋਢਾ ਜੋੜ ਕੇ ਸੰਘਰਸ਼ ਕਰਦੇ ਆ ਰਹੇ ਲੋਕ ਚੇਤਨਾ ਮੰਚ ਲਹਿਰਾਗਾਗਾ ਦੇ ਪ੍ਰਧਾਨ ਗਿਆਨ ਚੰਦ ਸ਼ਰਮਾ ਨੇ ਕਿਹਾ ਕਿ ਉਹਨੇ ਸ਼ਹੀਦ ਪ੍ਰਿਥੀਪਾਲ ਰੰਧਾਵਾ ਦੇ ਕਾਤਲਾਂ ਵਿਰੁੱਧ ਘੋਲ, ਬੱਸ ਕਿਰਾਏ ਵਿਚ ਵਾਧੇ ਵਿਰੁਧ ਘੋਲ, ਫਿਰਕੂ ਤੇ ਹਕੂਮਤੀ ਦਹਿਸ਼ਤਗਰਦੀ ਵਿਰੁੱਧ ਜਮਹੂਰੀ ਤਾਕਤਾਂ ਦੇ ਘੋਲ ਤੋਂ ਛੁੱਟ ਅਨੇਕਾਂ ਸਥਾਨਕ ਘੋਲਾਂ ਦੀ ਅਗਵਾਈ ਦੌਰਾਨ ਉਹਨੂੰ ਗ੍ਰਿਫਤਾਰੀਆਂ ਤੇ ਝੂਠੇ ਪੁਲਸ ਕੇਸਾਂ ਦਾ ਸਾਹਮਣਾ ਵੀ ਕਰਨਾ ਪਿਆ।ਉਹਦੀ ਜੀਵਨ ਸਾਥਣ ਜਸਵੰਤ ਕੌਰ ਸਮੇਤ ਦੋਵੇਂ ਬੇਟੇ ਤੇ ਬੇਟੀ ਉਹਦੇ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿੰਦੇ ਰਹੇ ਹਨ।
ਲੋਕ ਚੇਤਨਾ ਮੰਚ ਦੇ ਸੀਨੀਅਰ ਮੀਤ ਪ੍ਰਧਾਨ ਜਗਜੀਤ ਭੁਟਾਲ, ਨੇ ਕਿਹਾ ਉਹ ਰਣਬੀਰ ਕਾਲਜ਼, ਸੰਗਰੂਰ ਵਿੱਚ ਪੜ੍ਹਦਿਆਂ ਉਹ 1970ਵਿਆਂ ਦੇ ਪਹਿਲੇ ਸਾਲਾਂ ਵਿੱਚ ਪੰਜਾਬ ਸਟੂਡੈਂਟਸ ਯੂਨੀਅਨ ਰਾਹੀਂ ਇਨਕਲਾਬੀ ਤੇ ਜਮਹੂਰੀ ਵਿਚਾਰਧਾਰਾ ਨਾਲ ਜੁੜਿਆ।
ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਉਹਨੇ ਦਿੱਲੀ ਦੇ ਬਾਰਡਰਾਂ `ਤੇ ਲੜੇ ਇਤਿਹਾਸਕ ਕਿਸਾਨ ਘੋਲ ਸਮੇਤ ਅਨੇਕਾਂ ਘੋਲਾਂ ਦੀ ਰੱਜ ਕੇ ਹਮਾਇਤ ਕੀਤੀ।
ਕਿਸਾਨ ਆਗੂ ਮਨਜੀਤ ਧਨੇਰ ਨੇ ਕਿਹਾ ਕਿ ਨਾਮਦੇਵ ਭੁਟਾਲ ਨੇ ਜਿਉਂਦਿਆਂ ਜੀਵਨ ਲੋਕਾਂ ਅਤੇ ਮਰਨ ਉਪਰੰਤ ਮੈਡੀਕਲ ਖੋਜ਼ਾਂ ਦੇ ਲੇਖੇ ਲਾਇਆ।
ਨਾਮਦੇਵ ਦੇ ਨਜ਼ਦੀਕੀ ਦੋਸਤ ਰਹੇ ਇਕ ਹੋਰ ਕਿਸਾਨ ਆਗੂ ਜਗਮੋਹਣ ਪਟਿਆਲਾ ਨੇ ਕਿਹਾ ਕਿ ਨਾਮਦੇਵ ਦੇ ਵਿੱਛੜ ਜਾਣ ਨਾਲ ਉਹਦੇ ਦੋਸਤ-ਮਿੱਤਰਾਂ ਸਮੇਤ ਜਨਤਕ ਜਥੇਬੰਦੀਆਂ ਨੇ ਸਮਾਜਿਕ ਤੇ ਸਿਆਸੀ ਸਲਾਹਕਾਰ ਖੋ ਲਿਆ ਹੈ।
ਨਾਮਦੇਵ ਭੁਟਾਲ ਹੋਰਾਂ ਦੇ ਗੂਹੜੇ ਪਰਿਵਾਰਕ ਮਿੱਤਰ ਜਸਟਿਸ ਰਾਜਸ਼ੇਖ਼ਰ ਅੱਤਰੀ ਅਤੇ ਐਡਵੋਕੇਟ ਸੰਪੂਰਨ ਸਿੰਘ ਛਾਜਲੀ ਨੇ ਪਰਿਵਾਰ ਨਾਲ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ।
ਸੁਬਾਰਡੀਨੇਟ ਫੈਡਰੇਸ਼ਨ ਤੇ ਫੀਲਡ ਕਾਮਿਆਂ ਦੇ ਆਗੂ ਕਰਮਜੀਤ ਬੀਹਲਾ ਨੇ ਕਿਹਾ ਕਿ ਨਾਮਦੇਵ ਭੁਟਾਲ ਨੇ ਜਿੱਥੇ ਜਮਹੂਰੀ ਲਹਿਰ ਵਿੱਚ ਲਾਮਿਸਾਲ ਯੋਗਦਾਨ ਦਿੱਤਾ, ਅਤੇ ਕਿਸਾਨਾਂ ਦੀ ਸੇਵਾ ਕੀਤੀ ਅਤੇ ਮੁਲਾਜ਼ਮ ਘੋਲਾਂ ਵਿੱਚ ਹਿੱਸਾ ਲਿਆ।
ਕਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ ਡਾ: ਦਰਸ਼ਨ ਪਾਲ, ਲੋਕ ਸੰਗਰਾਮ ਮੰਚ ਦੇ ਸੁਖਵਿੰਦਰ ਸਿੰਘ, ਤਰਕਸ਼ੀਲ ਸੁਸਾਇਟੀ ਦੇ ਬਲਵੀਰ ਚੰਦ ਲੌਂਗੋਵਾਲ, ਰੈਡੀਕਲ ਪੀਪਲਜ਼਼ ਫੋਰਮ ਦੇ ਸੁਖਦਰਸ਼ਨ ਨੱਤ, ਕਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਧਰਮਪਾਲ, ਕੁਦਰਤ ਮਾਨਵ ਕੇਂਦਰਤ ਲਹਿਰ ਦੇ ਸੁਖਦੇਵ ਭੁਪਾਲ ਅਤੇ ਕੁੱਲ ਹਿੰਦ ਕਿਸਾਨ ਫੈਡਰੇਸ਼ਨ ਦੇ ਐਡਵੋਕੇਟ ਕਿਰਨਜੀਤ ਸਿੰਘ ਸੇਖੋਂ ਨੇ ਵੀ ਸੰਬੋਧਨ ਕੀਤਾ।
ਨਾਮਦੇਵ ਭੁਟਾਲ ਦੀ ਜਿੰਦਗੀ `ਤੇ ਝਾਤ ਪਾਉਂਦਾ ਡਾਕੂਮੈਂਟਰੀ ਵੀ ਦਿਖਾਈ ਗਈ।ਪਰਿਵਾਰ ਵਲੋਂ ਬੂਟਿਆਂ ਦਾ ਲੰਗਰ ਵੀ ਲਾਇਆ ਗਿਆ ਅਤੇ ਪੁਸਤਕ ਪ੍ਰਦਰਸ਼ਨੀਆਂ ਵੀ ਲੱਗੀਆਂ।
ਪੰਜਾਬ ਭਰ ਦੀਆਂ ਦਰਜ਼ਨਾਂ ਕਿਸਾਨ, ਮਜ਼ਦੂਰ, ਨੌਜਵਾਨ, ਵਿਦਿਆਰਥੀ, ਮੁਲਾਜ਼ਮ, ਪੈਨਸ਼ਨਰਜ਼ ਅਤੇ ਹੋਰ ਜਥੇਬੰਦੀਆਂ ਅਤੇ ਸੰਸਥਾਵਾਂ ਵਲੋਂ ਸ਼ੋਕ ਮਤੇ ਭੇਜੇ ਗਏ।
ਨਾਮਦੇਵ ਭੁਟਾਲ ਦੇ ਸ਼ਰਧਾਂਜ਼ਲੀ ਸਮਾਗਮ ਦੌਰਾਨ ਮੰਚ ਦੇ ਸਕੱਤਰ ਹਰਭਗਵਾਨ ਗੁਰਨੇ, ਸ਼ਮਿੰਦਰ ਸਿੰਘ, ਤਰਸੇਮ ਭੋਲੂ, ਪੂੂਰਨ ਸਿੰਘ ਖਾਈ, ਮਹਿੰਦਰ ਸਿੰਘ, ਗੁਰਚਰਨ ਸਿੰਘ, ਭੀਮ ਸਿੰਘ, ਸੁਖਦੇਵ ਚੰਗਾਲੀਵਾਲਾ, ਰਾਮਚੰਦਰ ਖਾਈ ਅਤੇ ਪਰਿਵਾਰਕ ਮੈਂਬਰ ਸੁਖਵਿੰਦਰ ਹੈਪੀ, ਦੀਪੀ, ਮੋਨੂ ਵੀ ਹਾਜ਼ਰ ਸਨ।

 

Check Also

ਬੀਬੀ ਭਾਨੀ ਜੀ ਦਾ ਜਨਮ ਦਿਹਾੜਾ ਮਨਾਇਆ

ਅੰਮ੍ਰਿਤਸਰ, 21 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚੌਥੇ ਪਾਤਸ਼ਾਹ ਸ੍ਰੀ ਗੁਰੂ …