
ਨਵੀਂ ਦਿੱਲੀ, 28 ਦਸੰਬਰ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਸਬੰਧੀ ਨਗਰ ਕੀਰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜ ਪਿਆਰੇ ਸਾਹਿਬਾਨਾਂ ਦੀ ਅਗਵਾਈ ਵਿੱਚ ਗੁਰਦੁਆਰਾ ਰਕਾਬ ਗੰਜ ਸਾਹਿਬ ਤੋਂ ਅਰਦਾਸ ਉਪਰੰਤ ਆਰੰਭ ਹੋਕੇ ਦਿੱਲੀ ਦੇ ਅਨੇਕਾਂ ਬਜ਼ਾਰਾਂ ਤਾਲਕਟੋਰਾ ਰੋਡ, ਸ਼ੰਕਰ ਰੋਡ, ਰਾਜਿੰਦਰ ਨਗਰ, ਪਟੇਲ ਨਗਰ, ਸ਼ਾਦੀਪੁਰ ਡਿਪੂ, ਮੋਤੀ ਨਗਰ, ਕੀਰਤੀ ਨਗਰ, ਰਾਜਾ ਗਾਰਡਨ, ਰਾਜੌਰੀ ਗਾਰਡਨ, ਸ਼ੁਭਾਸ਼ ਨਗਰ ਮੋੜ, ਤਿਲਕ ਨਗਰ ਤੇ ਜੇਲ ਰੋਡ ਤੋਂ ਹੁੰਦਾ ਹੋਇਆ ਸ਼ਾਮ ਨੂੰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਏ ਬਲਾਕ ਫਤਿਹ ਨਗਰ ਵਿਖੇ ਪੁੱਜਾ।
ਇਸ ਮੌਕੇ ‘ਤੇ ਕਮੇਟੀ ਦੇ ਪ੍ਰਧਾਨ ਸ. ਮਨਜੀਤ ਸਿੰਘ ਜੀ.ਕੇ. ਨੇ ਸਮੂੰਹ ਸੰਗਤਾਂ ਨੂੰ ਸੰਬੋਧਨ ਕਰਦਿਆਂ ਦਸਵੇਂ ਪਾਤਿਸ਼ਾਹ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ ਤੇ ਕਿਹਾ ਕਿ ਪੁਰਤਾਨ ਕਾਲ ਤੋਂ ਹੀ ਭਾਰਤੀ ਸਮਾਜ ਵਿੱਚ ਵਰਨਵੰਡ ਤੁਰੀ ਆ ਰਹੀ ਸੀ ਤੇ ਇਹ ਵਰਨਵੰਡ ਇੰਨੀ ਵੱਧ ਗਈ ਸੀ ਕਿ ਵਿਦੇਸ਼ੀ ਹਮਲਾਵਰ ਕਦੇ ਪਠਾਨ ਤੇ ਕਦੇ ਮੁਗਲ ਬੇਝਿਜਕ ਹਿੰਦੁਸਤਾਨ ‘ਤੇ ਹਮਲੇ ਕਰਦੇ ਤੇ ਲੁੱਟ ਪਾਟ ਦੇ ਨਾਲ-ਨਾਲ ਔਰਤਾਂ ਦੀ ਬੇਪਤੀ ਵੀ ਕਰਦੇ। ਦਸਮ ਪਾਤਿਸ਼ਾਹ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਭ ਜਾਤੀਆਂ ਨੂੰ ਇੱਕੋ ਖੰਡੇ ਬਾਟੇ ਵਿੱਚ ਅੰਮ੍ਰਿਤ ਛਕਾਇਆ ਤੇ ਵਰਨ ਵੰਡ ਦਾ ਭੇਦ ਮਿਟਾ ਦਿੱਤਾ ਅਤੇ ਜ਼ੁਲਮ ਨੂੰ ਮਿਟਾਉਣ ਲਈ ਖਾਲਸਾ ਪੰਥ ਦੀ ਨੀਂਹ ਰੱਖੀ।

ਕਮੇਟੀ ਦੇ ਜਨਰਲ ਸਕੱਤਰ ਸ. ਮਨਜਿੰਦਰ ਸਿੰਘ ਸਿਰਸਾ ਨੇ ਵੀ ਸੰਗਤਾਂ ਨੂੰ ਗੁਰਪੁਰਬ ਦੀ ਵਧਾਈ ਦਿੰਦੇ ਹੋਇਆ ਕਿਹਾ ਕਿ ਗੁਰੂ ਜੀ ਨੇ ਦੱਬੀ ਕੁਚਲੀ ਤੇ ਸਾਹ ਸੱਤ ਹੀਨ ਹੋ ਚੁੱਕੀ ਪਰਜਾ ਵਿੱਚ ਨਵੀਂ ਰੂਹ ਪਾਈ ਤੇ ਨੌਜਵਾਨਾਂ ਵਿੱਚ ਬੀਰ ਰਸ ਵਧਾਉਣ ਤੇ ਜ਼ਾਲਮਾਂ ਨਾਲ ਟਾਕਰਾ ਕਰਨ ਲਈ ਸ਼ਸਤਰ ਚਲਾਉਣੇ, ਘੋੜ ਸਵਾਰੀ, ਨੇਜ਼ਾ ਬਾਜ਼ੀ ਦੇ ਨਾਲ-ਨਾਲ ਹੀ ਹਰ ਤਰ੍ਹਾਂ ਦੇ ਸਸ਼ਤਰ ਚਲਾਉਣ ਦੀ ਸਿਖਲਾਈ ਦਿੱਤੀ। ਗੁਰੂ ਜੀ ਦਾ ਸਾਰਾ ਜੀਵਨ ਜ਼ਾਲਮ ਤੇ ਜ਼ੁਲਮਾਂ ਨੂੰ ਖਤਮ ਕਰਨ ਵਿੱਚ ਹੀ ਬੀਤਿਆ। ਉਨ੍ਹਾਂ ਨੇ ਕਿਸੇ ਵੀ ਸਮੇਂ ਕਿਸੇ ਵੀ ਪੜਾਅ ‘ਤੇ ਜ਼ਾਲਮ ਨਾਲ ਕੋਈ ਸਮਝੌਤਾ ਨਹੀਂ ਕੀਤਾ ਤੇ ਆਪਣਾ ਸਰਬੰਸ ਵਾਰਕੇ ਵੀ ਹਿੰਦੋਸਤਾਨ ਦੀ ਜਨਤਾ ਨੂੰ ਜ਼ਾਲਮ ਤੋਂ ਬਚਾਉਣ ਲਈ ਵੀ ਕੋਈ ਗੁਰੇਜ਼ ਨਹੀਂ ਕੀਤਾ।
ਗੁਰੂ ਮਹਾਰਾਜ ਦੇ ਸਤਿਕਾਰ ਨੂੰ ਮੁੱਖ ਰੱਖਦਿਆਂ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਅਨੁਸਾਰ ਕਮੇਟੀ ਵੱਲੋਂ ਨਗਰ ਕੀਰਤਨ ਵਿੱਚ ਸਾਰੀ ਸੰਗਤ, ਸ਼ਬਦੀ ਜੱਥੇ, ਸਕੂਲਾਂ ਦੇ ਬੱਚੇ, ਬੈਂਡ, ਗਤਕਈ ਅਖਾੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਹਿਨੁਮਾਈ ਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਪਾਲਕੀ ਸਾਹਿਬ ਦੇ ਪਿੱਛੇ-ਪਿੱਛੇ ਚਲੇ।
ਇਸ ਮੌਕੇ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ. ਰਵਿੰਦਰ ਸਿੰਘ ਖੁਰਾਣਾ, ਜੂਨੀਅਰ ਮੀਤ ਪ੍ਰਧਾਨ ਸ. ਤਨਵੰਤ ਸਿੰਘ, ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਸ. ਪਰਮਜੀਤ ਸਿੰਘ ਰਾਣਾ, ਮੈਂਬਰ ਜਥੇਦਾਰ ਸੁਰਜੀਤ ਸਿੰਘ ਚਾਂਦਨੀ ਚੌਂਕ, ਸ. ਪਰਮਜੀਤ ਸਿੰਘ ਚੰਢੋਕ, ਸ. ਗੁਰਦੇਵ ਸਿੰਘ ਭੋਲਾ, ਸ. ਰਵੇਲ ਸਿੰਘ, ਸ. ਹਰਦੇਵ ਸਿੰਘ ਧਨੋਆ, ਸ. ਰਵਿੰਦਰ ਸਿੰਘ ਲਵਲੀ, ਸ. ਸਤਪਾਲ ਸਿੰਘ, ਜਤਿੰਦਰਪਾਲ ਸਿੰਘ ਗੋਲਡੀ ਅਤੇ ਬਿਲਡਿੰਗ ਕਮੇਟੀ ਦੇ ਚੇਅਰਮੈਨ ਜਥੇਦਾਰ ਕੁਲਦੀਪ ਸਿੰਘ ਭੋਗਲ, ਕਮੇਟੀ ਦੇ ਮੀਡੀਆ ਸਲਾਹਕਾਰ ਸ. ਪਰਮਿੰਦਰਪਾਲ ਸਿੰਘ ਮੋਤੀ ਨਗਰ ਸਮੇਤ ਹੋਰ ਮੈਂਬਰ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ।

ਨਗਰ ਕੀਰਤਨ ਵਿੱਚ ਸਮੂਹ ਖਾਲਸਾ ਸਕੂਲਾਂ, ਕਾਲਜਾਂ ਦੇ ਬੱਚਿਆਂ ਨੇ ਬੈਂਡ ਵਾਜਿਆਂ ਸਮੇਤ ਭਾਗ ਲਿਆ ਤੇ ਸ਼ਸਤਰ ਵਿਦਿਆ ਦਲ ਦੇ ਗਤਕਈ ਅਖਾੜਿਆਂ ਨੇ ਸ਼ਸਤਰਾਂ ਰਾਹੀਂ ਆਪਣੀ ਕਲਾ ਦੇ ਜੌਹਰ ਦਿਖਾਏ। ਸੇਵਕ ਜੱਥਿਆਂ, ਝਾੜੂ ਸੇਵਕ ਜਥੇ, ਛਬੀਲ ਵਾਲੇ ਜਥੇ ਤੋਂ ਇਲਾਵਾ ਐਂਬੂਲੈਂਸ ਬ੍ਰੀਗੇਡ ਨੇ ਵੀ ਬਾਖੂਬੀ ਸੇਵਾ ਨਿਭਾਈ। ਰਸਤੇ ਵਿੱਚ ਜਗ੍ਹਾ-ਜਗ੍ਹਾ ਸੰਗਤਾਂ ਗੁਰੂ ਮਹਾਰਾਜ ਦੇ ਦਰਸ਼ਨਾਂ ਲਈ ਖੜੀਆਂ ਸਨ ਤੇ ਸੰਗਤਾਂ ਵੱਲੋਂ ਗੁਰੂ ਮਹਾਰਾਜ ਦੇ ਸਵਾਗਤ ਲਈ ਸਵਾਗਤੀ ਗੇਟ ਬਨਾਏ ਗਏ ਸਨ ਤੇ ਹਰ ਥਾਂ ਗੁਰੂ ਕਾ ਲੰਗਰ ਅਤੁੱਟ ਵਰਤਿਆ।
ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮਿਤੀ 29 ਦਸੰਬਰ 2014 ਨੂੰ ਗੁਰਦੁਆਰਾ ਰਕਾਬ ਗੰਜ ਸਾਹਿਬ ਦੇ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਵਿਚ ਅੰਮ੍ਰਿਤ ਵੇਲੇ ਤੋਂ ਦੇਰ ਰਾਤ ਤੱਕ ਬੜੀ ਸ਼ਰਧਾ ਪੂਰਵਕ ਮਨਾਇਆ ਜਾਵੇਗਾ। ਜਿਸ ਵਿੱਚ ਪੰਥ ਦੇ ਪ੍ਰਸਿੱਧ ਰਾਗੀ/ਢਾਡੀ ਜੱਥੇ ਕੀਰਤਨ/ਢਾਡੀ ਪ੍ਰਸੰਗ ਰਾਹੀਂ ਤੇ ਕਥਾਵਾਚਕ ਸ਼ਬਦ ਵਿਚਾਰ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ।
Punjab Post Daily Online Newspaper & Print Media