
ਬਠਿੰਡਾ, 28 ਦਸੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ ) -ਗੁਰਦੁਆਰਾ ਜੀਵਨ ਪ੍ਰਕਾਸ਼ ਮਾਡਲ ਟਾਊਨ ਵਿਖੇ ਅੱਜ ਆਨੰਦਗੜ੍ਹ ਦਾ ਕਿਲ੍ਹਾ ਛੱਡਣ ਤੋਂ ਬਾਅਦ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਵਿਛੋੜੇ ਤੋਂ ਬਾਅਦ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਸਮੇਤ ਮਾਤਾ ਗੁਜ਼ਰੀ ਜੋ ਕਿ ਗੁਰੂ ਘਰ ਦੇ ਰਸੋਈਏ ਗੰਗੂ ਦੁਆਰਾ ਮੁਗਲ ਹਕੂਮਤ ਕੋਲ ਫੜ੍ਹਵਾ ਦਿੱਤੇ ਗਏ ਸਨ ਤੇ ਬਾਅਦ ਵਿੱਚ ਸਰਹਿੰਦ ਵਿਖੇ ਨੀਹਾਂ ਵਿੱਚ ਚਿਣ ਕੇ ਸ਼ਹੀਦ ਕਰ ਦਿੱਤੇ ਸਨ, ਦਾ ਸ਼ਹੀਦੀ ਦਿਹਾੜਾ ਪੂਰਨ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਸਭ ਤੋਂ ਪਹਿਲਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਖੰਡ ਪਾਠ ਦੇ ਭੋਗ ਪਾਏ ਗਏ, ਉਪਰੰਤ ਭਾਈ ਗੁਰਿੰਦਰਦੀਪ ਸਿੰਘ ਕਥਾਵਾਚਕ ਨੇ ਸ਼ਹੀਦੀ ਪਰਸੰਗ ਸੁਣਾਇਆ ਜਿਸ ਨਾਲ ਸੰਗਤਾਂ ਦੀਆਂ ਅੱਖਾਂ ਨਮ ਹੋ ਗਈਆਂ।ਉਨ੍ਹਾਂ 3 ਦਿਨ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਨੂੰ ਦੁੱਧ ਪਿਲਾਉਣ ਵਾਲੇ ਭਾਈ ਮੋਤੀ ਲਾਲ ਮਹਿਰਾ, ਜਿਸਦਾ ਪੂਰਾ ਪਰਿਵਾਰ ਮੁਗਲੀਆ ਹਕੂਮਤ ਨੇ ਕੋਹਲੂ ਵਿੱਚ ਪੀੜ ਦਿੱਤਾ ਸੀ, ਬਾਰੇ ਕਿਹਾ ਕਿ ਉਨ੍ਹਾਂ ਦੀ ਸਿੱਖ ਕੌਮ ਲਈ ਬਹੁਤ ਵੱਡੀ ਕੁਰਬਾਨੀ ਹੈ। ਇੱਕ ਪਾਸੇ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਹਨ ਜਿਨ੍ਹਾਂ ਨੇ ਹਿੰਦੁਸਤਾਨ ਦੀ ਇੱਜ਼ਤ ਆਬਰੂ ਤੇ ਧਰਮ ਬਚਾਉਣ ਅਤੇ ਸਾਡੀਆਂ ਸਰਦਾਰੀਆਂ ਲਈ ਸਰਬੰਸ ਕੁਰਬਾਨ ਕੀਤਾ ਹੈ ਤੇ ਦੂਜੇ ਪਾਸੇ ਭਾਈ ਮੋਤੀ ਲਾਲ ਮਹਿਰਾ ਜੀ ਹਨ ਜਿਨ੍ਹਾਂ ਨੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜ਼ਰੀ ਜੀ ਦੀ ਸੇਵਾ ਕਰਕੇ ਆਪਣਾ ਪੂਰਾ ਪਰਿਵਾਰ ਕੌਮ ਦੇ ਲੇਖੇ ਲਾਇਆ ਪਰ ਕੌਮ ਨੇ ਉਨ੍ਹਾਂ ਦਾ ਜਿਤਨਾ ਸਤਿਕਾਰ ਬਣਦਾ ਸੀ, ਨਹੀਂ ਕੀਤਾ। ਇਸ ਮੌਕੇ ਸੰਗਤਾਂ ਵੱਲੋਂ ਲੰਗਰਾਂ ਦੀ ਵੱਧ ਚੜ੍ਹ ਕੇ ਸੇਵਾ ਕੀਤੀ ਗਈ। ਹੈੱਡ ਗ੍ਰੰਥੀ ਗਿਆਨੀ ਭਗਵੰਤ ਸਿੰਘ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਿਆ।