ਅੰਮ੍ਰਿਤਸਰ, 8 ਜੁਲਾਈ (ਸੁਖਬੀਰ ਸਿੰਘ) – ਲੋਕ ਸਭਾ ਚੋਣਾਂ-2024 ਦੇ ਮੱਦੇਨਜ਼ਰ ਵੋਟਰਾਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਲਈ 16 ਮਈ ਤੋਂ 01 ਜੂਨ 2024
ਤੱਕ ਕਰਵਾਈਆਂ ਗਈਆਂ ਜਾਗਰੂਕਤਾ ਗਤੀਵਿਧੀਆਂ ਵਿੱਚ ਪੂਰੇ ਪੰਜਾਬ ਵਿਚੋਂ ਅੰਮ੍ਰਿਤਸਰ ਜ਼ਿਲ੍ਹੇ ਨੇ ਪੂਰੇ ਰਾਜ ਵਿਚੋਂ ਦੁਸਰਾ ਸਥਾਨ ਹਾਸਿਲ ਕੀਤਾ ਹੈ।ਅੰਮ੍ਰਿਤਸਰ ਜਿਲ੍ਹੇ ਲਈ ਮਾਣ ਵਾਲੀ ਗੱਲ ਹੈ ਕਿ ਸਾਰੀਆਂ ਪੰਦਰਵਾੜਾ ਰਿਪੋਰਟਾਂ ਅਨੁਸਾਰ ਲਗਾਤਾਰ ਪਹਿਲੀਆਂ ਪੰਜ ਪੁਜੀਸ਼ਨਾਂ ਵਿੱਚ ਆਪਣਾ ਸਥਾਨ ਬਣਾਇਆ ਹੈ।ਇਹ ਪੁਜੀਸ਼ਨ ਮੁੱਖ ਚੋਣ ਦਫ਼ਤਰ ਪੰਜਾਬ ਵਲੋਂ ਅੱਜ ਜਾਰੀ ਕੀਤੀ ਗਈ ਸੂਚੀ ਵਿੱਚ ਜ਼ਿਲ੍ਹਾ ਐਸ.ਏ.ਐਸ ਨਗਰ ਨੇ ਪਹਿਲਾ ਅਤੇ ਅੰਮ੍ਰਿਤਸਰ ਨੇ ਦੁਸਰਾ ਸਥਾਨ ਹਾਸਲ ਕੀਤਾ।
ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਘਣਸ਼ਾਮ ਥੋਰੀ ਨੇ ਕਿਹਾ ਕਿ ਉਹਨਾਂ ਨੂੰ ਅੱਜ ਹੀ ਇਹ ਸੂਚੀ ਮੁੱਖ ਚੋਣ ਦਫ਼ਤਰ ਤੋਂ ਪ੍ਰਾਪਤ ਹੋਈ ਹੈ ਅਤੇ ਜ਼ਿਲ੍ਹਾ ਅੰਮ੍ਰਿਤਸਰ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਅਸੀਂ ਲਗਾਤਾਰ ਪਹਿਲੀਆਂ ਪੰਜ ਪੁਜੀਸ਼ਨਾਂ ਵਿੱਚ ਸਥਾਨ ਹਾਸਲ ਕੀਤਾ ਹੈ।ਜਿਸ ਵਿਚੋਂ 2 ਵਾਰ ਪਹਿਲੀ ਪੁਜੀਸ਼ਨ ਪ੍ਰਾਪਤ ਕੀਤੀ ਗਈ ਹੈ।ਉਹਨਾਂ ਦੱਸਿਆ ਕਿ ਮੁੱਖ ਚੋਣ ਦਫ਼ਤਰ ਵਲੋਂ ਹਰ 15 ਦਿਨਾਂ ਬਾਅਦ ਹਰ ਜ਼ਿਲ੍ਹੇ ਵਿੱਚ ਹੋਣ ਵਾਲੀਆਂ ਸੁਚਾਰੂ ਵੋਟਰ ਸਿੱਖਿਆ ਅਤੇ ਚੋਣ ਭਾਗੀਦਾਰੀ (ਸਵੀਪ) ਗਤੀਵਿਧੀਆਂ ਦੀ ਰਿਪੋਰਟ ਮੰਗਵਾਈ ਜਾ ਰਹੀ ਹੈ।ਸਾਰਿਆਂ ਜ਼ਿਲਿਆਂ ਦੀਆਂ ਪ੍ਰਾਪਤ ਰਿਪੋਰਟਾਂ ਅਤੇ ਸੋਸ਼ਲ ਮੀਡੀਆ ਇੰਡੈਕਸ ਦਾ ਮੁਲਾਂਕਣ ਕਰਨ ਤੋਂ ਬਾਅਦ ਇਹਨਾਂ ਜ਼ਿਲਿਆਂ ਦੀ ਦਰਜ਼ਾਬੰਦੀ ਕੀਤੀ ਜਾ ਰਹੀ ਹੈ।ਉਹਨਾਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਅੰਮ੍ਰਿਤਸਰ ਜ਼ਿਲ੍ਹੇ ਨੂੰ 16 ਤੋਂ 31 ਮਾਰਚ ਤੱਕ 1 ਤੋਂ 15 ਅਪ੍ਰੈਲ ਤੱਕ ਕਰਵਾਈਆਂ ਗਈਆਂ ਸਵੀਪ ਗਤੀਵਿਧੀਆਂ ਲਈ ਪਹਿਲਾ ਸਥਾਨ ਪ੍ਰਾਪਤ ਹੋਇਆ ਹੈ ਤੇ ਇਸ ਵਾਰ ਦੁਸਰੀ ਪੁਜੀਸ਼ਨ ਆਉਣ ‘ਤੇ ਇਸ ਪ੍ਰਾਪਤੀ ਲਈ ਉਹਨਾਂ ਜ਼ਿਲ੍ਹੇ ਦੀਆਂ ਸਮੂਹ ਸਵੀਪ ਟੀਮਾਂ ਨੂੰ ਵਧਾਈ ਦਿੱਤੀ ਹੈ।‘ਸਵੀਪ’ ਕੋਰ ਕਮੇਟੀ ਦੇ ਚੇਅਰਪਰਸਨ ਅਤੇ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਨਿਕਾਸ ਕੁਮਾਰ ਨੇ ਦੱਸਿਆ ਕਿ ਅਟਾਰੀ ਬਾਰਡਰ, ਹੈਰੀਟੇਜ਼ ਸਟਰੀਟ ਅਤੇ ਗੁਰੁ ਨਾਨਕ ਦੇਵ ਯੂਨੀਵਰਸਿਟੀ ਵਿਖੇ ਵੀ ਮੈਗਾ ਈਵੈਂਟ ਕਰਵਾਏ ਗਏ ਹਨ।ਪੂਰੇ ਸ਼ਹਿਰ ਵਿੱਚ ਵੋਟਰ ਜਾਗਰੂਕਤਾ ਵਾਲ ਪੇਂਟਿੰਗਾਂ ਬਣਵਾਈਆਂ ਗਈਆਂ ਹਨ।ਪਹਿਲੀ ਵਾਰ ਜ਼ਿਲ੍ਹਾ ਅੰਮ੍ਰਿਤਸਰ ਦੇ ਸਾਰੇ ਟ੍ਰਾਂਸਜੈਂਡਰਾਂ ਨੂੰ ਇਕੋ ਜਗ੍ਹਾ ਇਕੱਠਾ ਕਰਕੇ ਵੋਟਰ ਜਾਗਰੂਕਤਾ ਮਾਰਚ ਕੱਢਿਆ ਗਿਆ ਸੀ।ਉਹਨਾਂ ਨੇ ਦੱਸਿਆ ਇਸ ਪੰਦਰਵਾੜੇ ਵਿੱਚ ਰੰਗੋਲੀ ਟੀਮਾਂ ਵਲੋਂ ਇਨਕਮ ਟੈਕਸ ਦਫਤਰ, ਮਜੀਠਾ ਬੱਸ ਸਟੈਂਡ ਅਤੇ ਸਾਰੇ ਵਿਧਾਨ ਸਭਾ ਹਲਕਿਆਂ ਦੇ ਟ੍ਰੇਨਿੰਗ ਸੈਂਟਰਾਂ ਵਿੱਚ ਰੰਗੋਲੀ ਤਿਆਰ ਕੀਤੀ ਗਈ।ਰਾਜ ਕੁਮਾਰ ਲੈਕਚਰਾਰ, ਬੱਲ ਕਲਾਂ ਅਤੇ ਲੈਕਚਰਾਰ ਕਸ਼ਮੀਰ ਸਿੰਘ ਗਿੱਲ ਸੰਗਤਪੁਰਾ ਵਲੋਂ ਗੀਤ ਤਿਆਰ ਕੀਤੇ ਗਏ ਜੋ ਕਿ ਲੋਕਾਂ ਵਲੋਂ ਬਹੁਤ ਪਸੰਦ ਕੀਤੇ ਗਏ।ਐਨ.ਸੀ.ਸੀ ਕੈਡਟਾਂ ਵਲੋਂ ਦੁਕਾਨਦਾਰਾਂ ਅਤੇ ਆਮ ਲੋਕਾਂ ਨੂੰ ਵੋਟ ਪਾਉਣ ਲਈ ਪ੍ਰੇਰਿਤ ਕਰਨ ਲਈ ਪੈਦਲ ਮਾਰਚ ਵੀ ਕੀਤਾ ਗਿਆ।ਇਸ ਪੰਦਰਵਾੜੇ ਦਾ ਸਭ ਤੋਂ ਵਧੀਆ ਉਪਰਾਲਾ ਸੁਪਰ ਮਾਡਲ ਪੋਲਿੰਗ ਸਟੇਸ਼ਨ ਰਿਹਾ ਸੀ, ਜੋ ਕਿ ਸਥਾਨਕ ਐਸ.ਐਲ ਭਵਨਜ਼ ਸਕੂਲ ਸ਼ਿਵਾਲਾ ਭਾਈਆਂ ਵਿਖੇ ਤਿਆਰ ਕੀਤਾ ਗਿਆ ਸੀ।ਅਸਿਸਟੈਂਟ ਕਮਿਸ਼ਨਰ ਸੀ੍ਰਮਤੀ ਸੋਨਮ ਨੇ ਦੱਸਿਆ ਕਿ ਇਸ ਮਾਡਲ ਪੋਲਿੰਗ ਸਟੇਸ਼ਨ ‘ਤੇ ਵੋਟਰਾਂ ਦੇ ਆਉਣ ‘ਤੇ ਢੋਲ ਨਾਲ ਸਵਾਗਤ ਕੀਤਾ ਗਿਆ ਤੇ ਵੋਟ ਪਾਉਣ ਉਪਰੰਤ ਖਾਣ ਪੀਣ ਲਈ ਗੋਲ ਗੱਪੇ. ਚਾਟ ਪਾਪੜੀ ਅਤੇ ਖੱਟੇ ਵਾਲੇ ਲੱਡੂ ਲਗਾਏ ਗਏ ਸਨ।ਰੰਗੋਲੀ ਟੀਮ ਵਲੋਂ ਫੇਸ ਟੈਟੂ, ਔਰਤਾਂ ਲਈ ਨੇਲ ਪਾਲਿਸ਼ ਲਗਾਉਣ ਦਾ ਪ੍ਰਬੰਧ ਵੀ ਕੀਤਾ ਗਿਆ ਸੀ ਇਸ ਤੋਂ ਇਲਾਵਾ ਮਿਊਜਿਕ ਕੰਸਰਟ ਵੀ ਕੀਤਾ ਗਿਆ ਅਤੇ ਵਾਪਸੀ ਤੇ ਵੋਟਰਾਂ ਨੂੰ ਪੀਣ ਲਈ ਮਿੱਠੀ ਲੱਸੀ ਅਤੇ ਵਾਤਾਵਰਣ ਨੂੰ ਸਾਫ ਰੱਖਣ ਲਈ ਬੂਟੇ ਦਿੱਤੇ ਗਏ।
ਉਹਨਾਂ ਦੱਸਿਆ ਕਿ ਮੌਜ਼ੂਦਾ ਯੁੱਗ ਸੋਸ਼ਲ ਮੀਡੀਆ ਦਾ ਯੁੱਗ ਹੈ, ਇਸ ਲਈ ਲੋਕਾਂ ਨੂੰ ਜਿਲ੍ਹਾ ਪ੍ਰਸ਼ਾਸਨ ਵਲੋਂ ਬਣਾਏ ਗਏ ਸੋਸ਼ਲ ਮੀਡੀਆ ਪਲੇਟਫ਼ਾਰਮਾਂ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਕਰਵਾਇਆ ਗਿਆ।
Check Also
ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ
ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …
Punjab Post Daily Online Newspaper & Print Media