

ਬਟਾਲਾ, 10 ਜਨਵਰੀ (ਨਰਿੰਦਰ ਬਰਨਾਲ) – – ਪੰਜਾਬ ਸਰਕਾਰ ਧਾਰਮਿਕ ਅਤੇ ਇਤਿਹਾਸਕ ਸ਼ਹਿਰ ਸ੍ਰੀ ਹਰਗੋਬਿੰਦਪੁਰ ਦੇ ਸਰਬਪੱਖੀ ਵਿਕਾਸ ਲਈ ਵੱਚਨਬੱਧ ਹੈ ਅਤੇ ਸੂਬਾ ਸਰਕਾਰ ਵੱਲੋਂ ਇਸ ਸ਼ਹਿਰ ਦੀ 100 ਫੀਸਦੀ ਅਬਾਦੀ ਨੂੰ ਪੀਣ ਵਾਲਾ ਸਾਫ ਪਾਣੀ ਅਤੇ ਹਰ ਘਰ ਨੂੰ ਸੀਵਰੇਜ ਦੀ ਸਹੂਲਤ ਦਿੱਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹਲਕਾ ਵਿਧਾਇਕ ਅਤੇ ਮੁੱਖ ਸੰਸਦੀ ਸਕੱਤਰ ਸ੍ਰੀ ਦੇਸ ਰਾਜ ਸਿੰਘ ਧੁੱਗਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸ੍ਰੀ ਹਰਗੋਬਿੰਦਪੁਰ ਸ਼ਹਿਰ ਦੇ ਸੀਵਰੇਜ ਅਤੇ ਵਾਟਰ ਸਪਲਾਈ ਪ੍ਰੋਜੈਕਟ ਲਈ 8.50 ਕਰੋੜ ਰੁਪਏ ਜਾਰੀ ਕੀਤੇ ਗਏ ਸਨ, ਜਿਸ ਨਾਲ ਸ਼ਹਿਰ ‘ਚ 26 ਕਿਲੋਮੀਟਰ ਸੀਵਰੇਜ ਦੀਆਂ ਪਾਈਪਾਂ ਵਿਛਾ ਕੇ ਹਰ ਘਰ ਨੂੰ ਸੀਵਰੇਜ ਨਾਲ ਜੋੜਿਆ ਗਿਆ ਹੈ। ਇਸ ਤੋਂ ਇਲਾਵਾ ਸ਼ਹਿਰ ‘ਚ 1.53 ਕਿਲੋਮੀਟਰ ਲੰਬੀ ਮੇਨ ਸੀਵਰੇਜ ਪਾਈਪ ਵੀ ਪਾਈ ਗਈ ਹੈ। ਸ੍ਰੀ ਧੁੱਗਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸ੍ਰੀ ਹਰਗੋਬਿੰਦਪੁਰ ਵਿੱਚ ਸੀਵਰੇਜ ਪਾਉਣ ਤੋਂ ਇਲਾਵਾ ਸ਼ਹਿਰੋਂ ਬਾਹਰਵਾਰ ਸੀਵਰੇਜ ਟਰੀਟਮੈਂਟ ਪਲਾਂਟ ਵੀ ਬਣਾਇਆ ਗਿਆ ਹੈ ਜਿਥੇ ਸੀਵਰੇਜ ਦੇ ਪਾਣੀ ਨੂੰ ਸਾਫ ਕਰਕੇ ਸਿੰਚਾਈ ਦੀ ਵਰਤੋਂ ‘ਚ ਲਿਆਂਦਾ ਜਾਵੇਗਾ।
ਮੁੱਖ ਸੰਸਦੀ ਸਕੱਤਰ ਸ੍ਰੀ ਧੁੱਗਾ ਨੇ ਅੱਗੇ ਦੱਸਿਆ ਕਿ ਇਸੇ ਤਰਾਂ ਸ੍ਰੀ ਹਰਗੋਬਿੰਦਪੁਰ ਸ਼ਹਿਰ ਦੀ 100 ਫੀਸਦੀ ਅਬਾਦੀ ਨੂੰ ਪੀਣ ਲਈ ਸਾਫ ਪਾਣੀ ਮੁਹੱਈਆ ਕਰਾਉਣ ਲਈ ਵਾਟਰ ਸਪਲਾਈ ਦਾ ਪ੍ਰੋਜੈਕਟ ਵੀ ਪੂਰਾ ਹੋ ਗਿਆ ਹੈ। ਸ਼ਹਿਰ ‘ਚ ਹਰ ਘਰ ਤੱਕ ਸ਼ੁੱਧ ਪਾਣੀ ਪੁਹੰਚਾਇਆ ਜਾ ਰਿਹਾ ਹੈ, ਜਿਸ ਲਈ ਸ਼ਹਿਰ ‘ਚ 3 ਨਵੇਂ ਟਿਊਬਵੈੱਲ ਪੰਪ ਲਗਾਏ ਗਏ ਹਨ। ਉਨਾਂ ਸ੍ਰੀ ਹਰਗੋਬਿੰਦਪੁਰ ਵਾਸੀਆਂ ਨੂੰ ਜਲ ਸਪਲਾਈ ਅਤੇ ਸੀਵਰੇਜ ਪ੍ਰੋਜੈਕਟ ਮੁਕੰਮਲ ਹੋਣ ‘ਤੇ ਸ਼ਹਿਰ ਵਾਸੀਆਂ ਨੂੰ ਵਧਾਈ ਦਿੱਤੀ ਹੈ।
ਮੁੱਖ ਸੰਸਦੀ ਸਕੱਤਰ ਨੇ ਕਿਹਾ ਕਿ ਪੰਜਾਬ ਸਰਕਾਰ ਨੇ ‘ਰਾਜ ਨਹੀਂ ਸੇਵਾ’ ਦੇ ਆਪਣੇ ਵਾਅਦੇ ‘ਤੇ ਪੂਰੇ ਉਤਰਦਿਆਂ ਲੋਕਾਂ ਨਾਲ ਕੀਤੇ ਆਪਣੇ ਵਾਅਦੇ ਨੂੰ ਪੂਰਿਆਂ ਕੀਤਾ ਹੈ ਅਤੇ ਅੱਗੇ ਤੋਂ ਵੀ ਸਰਕਾਰ ਦੇ ਇਹ ਯਤਨ ਜਾਰੀ ਰਹਿਣਗੇ। ਸ੍ਰੀ ਧੁੱਗਾ ਨੇ ਕਿਹਾ ਕਿ ਸ੍ਰੀ ਹਰਗੋਬਿੰਦਪੁਰ ਜੋ ਕਿ ਇਤਿਹਾਸਕ ਅਤੇ ਧਾਰਮਿਕ ਪੱਖ ਤੋਂ ਮਹੱਤਵਪੂਰਨ ਸ਼ਹਿਰ ਹੈ ਦਾ ਵਿਕਾਸ ਮਾਸਟਰ ਪਲਾਨ ਤਹਿਤ ਯੋਜਨਾਬੱਧ ਢੰਗ ਨਾਲ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਰਾਜ ਸਰਕਾਰ ਵੱਲੋਂ ਸ੍ਰੀ ਹਰਗੋਬਿੰਦਪੁਰ ਨੂੰ ਸੈਰ-ਸਪਾਟੇ ਵਜੋਂ ਵੀ ਵਿਕਸਤ ਕਰਨ ਦੀਆਂ ਕੋਸ਼ਿਸ਼ਾਂ ਵੀ ਜਾਰੀ ਹਨ ਅਤੇ ਸ਼ਹਿਰ ਦੇ ਇਤਿਹਾਸਕ ਸਥਾਨਾਂ ਦੀ ਸਾਂਭ-ਸੰਭਾਲ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ।
ਇਸੇ ਦੌਰਾਨ ਸ੍ਰੀ ਹਰਗੋਬਿੰਦਪੁਰ ਵਾਸੀਆਂ ‘ਚ ਵੀ ਜਲ ਸਪਲਾਈ ਅਤੇ ਸੀਵਰੇਜ ਦੀ ਸਹੂਲਤ ਮਿਲਣ ‘ਤੇ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਸ੍ਰੀ ਹਰਗੋਬਿੰਦਪੁਰ ਵਾਸੀ ਜਸਪਾਲ ਸਿੰਘ ਨੇ ਕਿਹਾ ਕਿ ਉਹ ਪੰਜਾਬ ਸਰਕਾਰ ਦੇ ਧੰਨਵਾਦੀ ਹਨ ਜਿਨਾਂ ਨੇ ਸ਼ਹਿਰ ਵਾਸੀਆਂ ਦੀ ਚਿਰਾਂ ਤੋਂ ਚੱਲੀ ਆ ਰਹੀ ਮੰਗ ਨੂੰ ਪੂਰਿਆਂ ਕੀਤਾ ਹੈ।
Punjab Post Daily Online Newspaper & Print Media