Saturday, March 28, 2026

 ਸਿੰਚਾਈ ਲਈ ਜ਼ਮੀਨਦੋਜ਼ ਪਾਈਪਾਂ ਪਾਉਣ ਵਾਸਤੇ ਪੰਜਾਬ ਸਰਕਾਰ ਦੇਵੇਗੀ 50 ਫੀਸਦੀ ਸਬਸਿਡੀ

PPN1301201522

ਅੰਮ੍ਰਿਤਸਰ, 13 ਜਨਵਰੀ (ਸੁਖਬੀਰ ਸਿੰਘ) – ਧਰਤੀ ਹੇਠਲੇ ਪਾਣੀ ਦੀ ਬਚਤ ਕਰਨ ਅਤੇ ਥੋੜੇ ਪਾਣੀ ਨਾਲ ਵੱਧ ਰਕਬੇ ਦੀ ਸਿੰਚਾਈ ਕਰਨ ਦੇ ਮੰਤਵ ਨੂੰ ਮੁੱਖ ਰੱਖਦੇ ਹੋਏ ਪੰਜਾਬ ਸਰਕਾਰ ਨੇ ਸਿੰਚਾਈ ਲਈ ਜ਼ਮੀਨਦੋਜ਼ ਪਾਇਪਾਂ ਪਾਉਣ ‘ਤੇ ਹੁੰਦੇ ਖਰਚੇ ਦਾ 50 ਫੀਸਦੀ ਹਿੱਸਾ ਕਿਸਾਨਾਂ ਨੂੰ ਆਪਣੇ ਕੋਲੋਂ ਦੇਣ ਦਾ ਫੈਸਲਾ ਕੀਤਾ ਹੈ ਅਤੇ ਸਕੀਮ ਸਾਰੇ ਰਾਜ ਵਿਚ ਹੀ ਲਾਗੂ ਕੀਤੀ ਗਈ ਹੈ। ਉਕਤ ਪ੍ਰਗਟਾਵਾ ਕਰਦੇ ਕਮਿਸ਼ਨਰ ਖੇਤੀਬਾੜੀ ਕਮ ਮੁੱਖ ਭੂਮੀ ਪਾਲ ਪੰਜਾਬ ਡਾ. ਬਲਵਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਕਿਸਾਨਾਂ ਨੂੰ ਰਵਾਇਤੀ ਖੇਤੀ ਦੇ ਚੱਕਰ ਵਿਚੋਂ ਕੱਢ ਕੇ ਬਹੁਭਾਂਤੀ ਖੇਤੀ ਵੱਲ ਉਤਸ਼ਾਹਿਤ ਕਰਨਾ ਚਾਹੁੰਦੇ ਹਨ, ਤਾਂ ਕਿ ਕਿਸਾਨ ਥੋੜੇ ਰਕਬੇ ਵਿਚ ਵਪਾਰਕ ਫਸਲਾਂ ਬੀਜ ਕੇ ਜਿੱਥੇ ਵੱਧ ਕਮਾਈ ਕਰੇ ਉਥੇ ਝੋਨੇ ਹੇਠੋਂ ਰਕਬਾ ਨਿਕਲਣ ਨਾਲ ਪੰਜਾਬ ਦੇ ਜ਼ਮੀਨਦੋਜ ਪਾਣੀ ਦੀ ਵੀ ਬਚਤ ਹੋਵੇ। ਉਨਾਂ ਦੱਸਿਆ ਕਿ ਮੁੱਖ ਮੰਤਰੀ ਇਸ ਕੰਮ ਲਈ ਕਈ ਦੇਸ਼ਾਂ ਦੇ ਦੌਰੇ ਕਰਕੇ ਉਥੇ ਵਰਤੀਆਂ ਜਾਂਦੀਆਂ ਨਵੀਆਂ ਤਕਨੀਕਾਂ ਵੇਖ ਚੁੱਕੇ ਹਨ ਅਤੇ ਕਈ ਮਾਹਿਰਾਂ ਨਾਲ ਇਸ ਬਾਬਤ ਸਲਾਹ-ਮਸ਼ਵਰਾ ਕਰ ਚੁਕੇ ਹਨ। ਉਨਾਂ ਦੱਸਿਆ ਕਿ ਇਸ ਆਸੇ ਦੀ ਪੂਰਤੀ ਲਈ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਸਿੰਚਾਈ ਵਾਸਤੇ ਜ਼ਮੀਨਦੋਜ਼ ਪਾਇਪਾਂ ਪਾਉਣ ਲਈ ਆਉਂਦੇ ਖਰਚ ਦਾ 50 ਫੀਸਦੀ ਹਿੱਸਾ ਸਬਸਿਡੀ ਵਜੋਂ ਦੇਣ ਦਾ ਫੈਸਲਾ ਲਿਆ ਹੈ।
ਉਨਾਂ ਦੱਸਿਆ ਕਿ ਇਸ ਨਾਲ ਸਿੰਚਾਈ ਪਾਣੀ ਦੀ 25 ਫੀਸਦੀ ਤੱਕ ਬਚਤ ਹੁੰਦੀ ਹੈ ਅਤੇ ਫਸਲਾਂ ਨੂੰ ਸਮੇਂ ਸਿਰ ਅਤੇ ਲੋੜੀਂਦੇ ਮਿਆਰ ਨਾਲ ਪਾਣੀ ਲੱਗਣ ਕਰਕੇ ਫਸਲਾਂ ਦੇ ਝਾੜ ਵਿਚ ਔਸਤਨ 20 ਫੀਸਦੀ ਦਾ ਵਾਧਾ ਹੁੰਦਾ ਹੈ। ਕਿਸਾਨ ਅਜਿਹਾ ਕਰਕੇ ਖਾਦਾਂ ਦੀ ਵਰਤੋਂ ਵੀ ਨਿਪੁੰਨਤਾ ਨਾਲ ਕਰ ਸਕਦੇ ਹਨ। ਇਸ ਤੋਂ ਇਲਾਵਾ ਕਣਕ-ਝੋਨੇ ਹੇਠੋਂ ਰਕਬਾ ਬਾਗਬਾਨੀ ਵੱਲ ਤਬਦੀਲ ਕਰਨ ਵਿਚ ਵੀ ਇਹ ਯੁਕਤ ਮਦਦਗਾਰ ਸਾਬਿਤ ਹੁੰਦੀ ਹੈ। ਕਮਿਸ਼ਨਰ ਨੇ ਦੱਸਿਆ ਕਿ ਸਿੰਚਾਈ ਖਾਲਿਆਂ ਦੀ ਥਾਂ ਇਹ ਪਾਇਪਾਂ ਜ਼ਮੀਨ ਹੇਠ ਰਹਿ ਕੇ ਕੰਮ ਕਰਦੀਆਂ ਹਨ, ਇਸ ਤਰਾਂ ਖਾਲਾਂ ਹੇਠ ਆਉਂਦੇ ਰਕਬੇ ਵਿਚ ਫਸਲ ਬੀਜ ਕੇ ਵੀ ਵਾਧੂ ਲੋਕ ਕਮਾਉਣ ਵਿਚ ਮਦਦ ਮਿਲਦੀ ਹੈ। ਕਮਿਸ਼ਨਰ ਦੇ ਦੱਸਿਆ ਕਿ ਇਹ ਪਾਇਪਾਂ ਕਿਸਾਨ ਦੀ ਇੱਛਾ ਅਨੁਸਾਰ ਸੀਮਿੰਟ ਜਾਂ ਪੀ. ਵੀ. ਸੀ ਕੋਈ ਵੀ ਹੋ ਸਕਦੀ ਹੈ। ਉਨਾਂ ਇਸ ਲਈ ਕਿਸਾਨਾਂ ਨੂੰ ਆਪੋ-ਆਪਣੇ ਇਲਾਕੇ ਵਿਚ ਭੂਮੀ ਰੱਖਿਆ ਅਫਸਰਾਂ ਨਾਲ ਰਾਬਤਾ ਕਰਨ ਦੀ ਅਪੀਲ ਕੀਤੀ, ਤਾਂ ਜੋ ਇਸ ਦੇ ਲਾਭ ਅਤੇ ਸਕੀਮ ਦੇ ਬਾਰੇ ਹੋਰ ਵਿਸਥਾਰਤ ਜਾਣਕਾਰੀ ਪ੍ਰਾਪਤ ਕੀਤੀ ਜਾ ਸਕੇ।

Check Also

ਯੂਨੀਵਰਸਿਟੀ ਵਿਖੇ `ਸਰਦਾਰਨੀ ਬਲਬੀਰ ਕੌਰ ਬਰਾੜ ਯਾਦਗਾਰੀ ਭਾਸ਼ਣ` ਦਾ ਆਯੋਜਨ

ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …

Leave a Reply