ਇੰਜੀਨੀਅਰਾਂ ਦੀ ਵਰਕਸ਼ਾਪ ਵਿਚ ਵਿਚਾਰੇ ਗਏ ਪਾਣੀ ਬਚਾਉਣ ਅਤੇ ਸੰਭਾਲਣ ਦੇ ਨੁਕਤੇ
ਅੰਮ੍ਰਿਤਸਰ, 13 ਜਨਵਰੀ (ਸੁਖਬੀਰ ਸਿੰਘ) – ਜਲ ਸਪਤਾਹ ਦੀ ਸ਼ੁਰੂਆਤ ਮੌਕੇ ਕੇਂਦਰ ਅਤੇ ਪੰਜਾਬ ਸਰਕਾਰ ਨੇ ਸਾਂਝਾ ਉਪਰਾਲਾ ਕਰਦੇ ਅੱਜ ਅੰਮ੍ਰਿਤਸਰ ਵਿਚ ਵੱਖ-ਵੱਖ ਵਿਭਾਗਾਂ ਦੇ ਇੰਜੀਨੀਅਰਾਂ ਦੀ ਵਰਕਸ਼ਾਪ ਕਰਵਾਈ, ਜਿਸ ਵਿਚ ਪਾਣੀ ਨੂੰ ਸੰਭਾਲਣ ਅਤੇ ਬਚਾਉਣ ਦੇ ਵੱਖ-ਵੱਖ ਨੁਕਤਿਆਂ ‘ਤੇ ਵਿਚਾਰ ਕੀਤਾ ਗਿਆ। ਇਸ ਮੌਕੇ ਕਈ ਸਮਾਜ ਸੇਵੀ ਸੰਸਥਾਵਾਂ ਅਤੇ ਹੋਰ ਸਖਸ਼ੀਅਤਾਂ ਨੇ ਵੀ ਭਾਗ ਲਿਆ ਅਤੇ ਇਸ ਅਹਿਮ ਮੁੱਦੇ ‘ਤੇ ਕਾਰਜਸ਼ੀਲ ਹੋਣ ਦੀ ਅਪੀਲ ਸਮਾਜ ਦੇ ਵੱਖ-ਵੱਖ ਵਰਗਾਂ ਨੂੰ ਕੀਤੀ। ਜਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਇਸ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਅਤੇ ਉਨਾਂ ਨੇ ਪਾਣੀ ਵਰਗੇ ਗੰਭੀਰ ਮੁੱਦੇ ‘ਤੇ ਦੋਵਾਂ ਸਰਕਾਰਾਂ ਵੱਲੋਂ ਕੀਤੇ ਇਸ ਉਦਮ ਦੀ ਤਾਰੀਫ ਕਰਦੇ ਸਮਾਜ ਦੇ ਹਰ ਵਰਗ ਨੂੰ ਪਾਣੀ ਵਰਤੋਂ ਵੇਲੇ ਸੰਜਮ ਤੋਂ ਕੰਮ ਲੈਣ ਦੀ ਅਪੀਲ ਕੀਤੀ, ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਵਰਤੋਂ ਯੋਗ ਪਾਣੀ ਮਿਲਦਾ ਰਹੇ। ਉਨਾਂ ਆਪਣੇ ਬਚਪਨ ਵੇਲੇ ਦੀ ਗੱਲ ਸਾਂਝੀ ਕਰਦੇ ਕਿਹਾ ਕਿ ਜਦ ਉਹ ਬਚਪਨ ਵਿਚ ਆਪਣੇ ਪਰਿਵਾਰ ਨਾਲ ਦਿੱਲੀ ਦੀ ਸੈਰ ‘ਤੇ ਗਏ ਸਨ, ਤਾਂ ਉਥੇ 25 ਪੈਸੇ ਦਾ ਗਿਲਾਸ ਪਾਣੀ ਵਿਕਦਾ ਵੇਖ ਕੇ ਦੰਗ ਰਹਿ ਗਏ ਸਨ, ਪਰ ਅੱਜ ਕੁੱਝ ਹੀ ਸਾਲਾਂ ਦੇ ਅਰਸੇ ਵਿਚ ਪੰਜਾਬ, ਜੋ ਪੰਜ ਦਰਿਆਵਾਂ ਦੀ ਧਰਤੀ ਸੀ ‘ਤੇ ਪਾਣੀ ਮੁੱਲ ਲੈ ਕੇ ਪੀਣਾ ਪੈ ਰਿਹਾ ਹੈ, ਜੋ ਕਿ ਬਹੁਤ ਹੀ ਗੰਭੀਰ ਵਿਸ਼ਾ ਹੈ। ਉਨਾਂ ਮਾਹਿਰਾਂ ਨੂੰ ਅਪੀਲ ਕੀਤੀ ਕਿ ਉਹ ਅੱਜ ਦੀ ਵਿਚਾਰ-ਚਰਚਾ ਵਿਚ ਅਜਿਹੀ ਠੋਸ ਤੇ ਹਕੀਕੀ ਰਿਪੋਰਟ ਤਿਆਰ ਕਰਨ, ਜੋ ਜ਼ਿਲ੍ਹੇ ਵਿਚ ਲਾਗੂ ਕਰਕੇ ਪਾਣੀ ਦੀ ਬਚਤ ਵਿਚ ਵੱਡਾ ਯੋਗਦਾਨ ਪਾ ਸਕੇ।
ਇਸ ਮੌਕੇ ਸੰਬੋਧਨ ਕਰਦੇ ਸੈਂਟਰਲ ਗਰਾਉਂਡ ਵਾਟਰ ਬੋਰਡ ਦੇ ਇੰਜੀਨੀਅਰ ਡਾ. ਪੂਨਮ ਸ਼ਰਮਾ ਨੇ ਦੱਸਿਆ ਕਿ ਕੇਂਦਰੀ ਜਲ ਸਾਧਨ ਮੰਤਰੀ ਉਮਾ ਭਾਰਤੀ ਦੇ ਵਿਸ਼ੇਸ਼ ਯਤਨ ਸਦਕਾ ਇਹ ਵਰਕਸ਼ਾਪ ਸੰਭਵ ਹੋਈ ਹੈ ਅਤੇ ਇਸ ਵਰਕਸ਼ਾਪ ਦੀ ਰਿਪੋਰਟ ਦਿੱਲੀ ਭੇਜੀ ਜਾਵੇਗੀ, ਜਿਥੋਂ ਅੰਮ੍ਰਿਤਸਰ ਦੇ ਪਾਣੀ ਸੰਭਾਲ ਦੀ ਯੋਜਨਾ ਤਿਆਰ ਕਰਕੇ ਲਾਗੂ ਕੀਤੀ ਜਾ ਸਕੇਗੀ। ੳਨਾਂ ਦੱਸਿਆ ਕਿ 13 ਤੋਂ 17 ਜਨਵਰੀ ਤੱਕ ਮਨਾਏ ਜਾਣ ਵਾਲੇ ਜਲ ਸਪਤਾਹ ਤਹਿਤ ਦੇਸ਼ ਭਰ ਦੇ ਸਾਰੇ ਜ਼ਿਲਿਆਂ ਵਿਚ ਹੀ ਅਜਿਹੀਆਂ ਵਰਕਸ਼ਾਪਾਂ ਕਰਨ ਦੀ ਯੋਜਨਾ ਹੈ। ਉਨਾਂ ਪੰਜਾਬ ਵਿਚ ਤੇਜ਼ੀ ਨਾਲ ਹੇਠਾਂ ਜਾ ਰਹੇ ਪਾਣੀ ਨੂੰ ਬਹੁਤ ਹੀ ਗੰਭੀਰ ਮੰਨਿਆ ਅਤੇ ਇਸ ਪ੍ਰਤੀ ਸਾਰੇ ਵਾਸੀਆਂ ਨੂੰ ਸੁਚੇਤ ਹੋਣ ਦੀ ਲੋੜ ‘ਤੇ ਜ਼ੋਰ ਦਿੰਦੇ ਭਰੋਸਾ ਦਿੱਤਾ ਕਿ ਅੱਜ ਦੀ ਵਰਕਸ਼ਾਪ ਵਿਚ ਜੋ ਵੀ ਰਿਪੋਰਟ ਤਿਆਰ ਹੋਵੇਗੀ, ਉਹ ਉਸਨੂੰ ਲਾਗੂ ਕਰਵਾਉਣ ਲਈ ਹਰ ਹੀਲਾ ਵਰਤਣਗੇ। ਅੱਜ ਦੀ ਇਸ ਵਰਕਸ਼ਾਪ ਵਿਚ ਸਿੰਚਾਈ ਵਿਭਾਗ ਦੇ ਮਾਹਿਰ ਡਾ. ਵਿਜੈ ਕੁਮਾਰ ਨੇ ਆਪਣੀ ਖੋਜ ਰਿਪੋਰਟ ਪੇਸ਼ ਕਰਦੇ ਹੈਰਾਨ ਕਰਨ ਵਾਲੇ ਅੰਕੜੇ ਸਾਂਝੇ ਕੀਤੇ ਅਤੇ ਦੱਸਿਆ ਕਿ ਕਿਸ ਤਰਾਂ ਮੀਂਹ ਘੱਟ ਪੈਣ ਅਤੇ ਧਰਤੀ ਹੇਠੋਂ ਬੇਲੋੜਾ ਪਾਣੀ ਖਿੱਚਣ ਨਾਲ ਪਾਣੀ ਤੇਜ਼ੀ ਨਾਲ ਹੇਠਾਂ ਜਾ ਰਿਹਾ ਹੈ। ਉਨਾਂ ਦੱਸਿਆ ਕਿ ਪਾਣੀ ਦੀ ਮੰਗ ਲਗਾਤਾਰ ਵੱਧ ਰਹੀ ਹੈ ਅਤੇ ਸਪਲਾਈ, ਜੋ ਕਿ ਕੇਵਲ ਤੇ ਕੇਵਲ ਮੀਂਹ ‘ਤੇ ਜਾਂ ਵਾਟਰ ਹਾਰਵੈਸਟਿੰਗ ‘ਤੇ ਨਿਰਭਰ ਹੈ, ਘੱਟ ਹੋਣ ਕਾਰਨ ਅਸੰਤੁਲਨ ਪੈਦਾ ਹੋ ਰਿਹਾ ਹੈ। ਉਨਾਂ ਚੇਤਾਵਨੀ ਦਿੱਤੀ ਕਿ ਜੇਕਰ ਇਸ ਪ੍ਰਤੀ ਸਮੇਂ ਦੀਆਂ ਸਰਕਾਰਾਂ ਅਤੇ ਲੋਕਾਂ ਨੇ ਸੰਜਮ ਤੋਂ ਕੰਮ ਨਾ ਲਿਆ ਤਾਂ ਆਉਣ ਵਾਲੇ ਸਮੇਂ ਵਿਚ ਪੰਜਾਬ ਇਕ ਮਾਰੂਥਲ ਬਣ ਕੇ ਰਹਿ ਸਕਦਾ ਹੈ। ਅੱਜ ਦੀ ਵਰਕਸ਼ਾਪ ਵਿਚ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ ਸ. ਬਲਦੇਵ ਸਿੰਘ, ਡਾ. ਦਲਬੀਰ ਸਿੰਘ ਛੀਨਾ, ਇੰਜੀ. ਰਣਬੀਰ ਸਿੰਘ ਰੰਧਾਵਾ, ਕੁਲਵੰਤ ਸਿੰਘ ਅਣਖੀ, ਦਲਜੀਤ ਸਿੰਘ ਕੋਹਲੀ, ਯੂਥ ਸਰਵਿਸਜ਼ ਤੋਂ ਹਰਦੀਪ ਸਿੰਘ ਅਤੇ ਸਿਮਰਜੀਤ ਸਿੰਘ ਨੇ ਆਪੋ-ਆਪਣੇ ਵਿਚਾਰ ਰੱਖੇ।