
ਬਟਾਲਾ, 15 ਜਨਵਰੀ (ਨਰਿੰਦਰ ਬਰਨਾਲ) – ਪੰਜਾਬ ਸਰਕਾਰ ਵੱਲੋਂ ਬਟਾਲਾ ਵਿਖੇ ਉਸਾਰੀ ਜਾ ਰਹੀ ਆਧੁਨਿਕ ਪਸ਼ੂ ਮੇਲਾ ਗਰਾਉਂਡ ਨੂੰ ਬਨਾਉਣ ਦਾ ਕੰਮ ਜੰਗੀ ਪੱਧਰ ‘ਤੇ ਜਾਰੀ ਹੈ ਅਤੇ ਅਪ੍ਰੈਲ 2015 ਤੱਕ ਇਹ ਪਸ਼ੂ ਮੇਲਾ ਗਰਾਉਂਡ ਪਸ਼ੂ ਪਾਲਕਾਂ ਨੂੰ ਸਮਰਪਿਤ ਕਰ ਦਿੱਤੀ ਜਾਵੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਡੀ.ਐੱਮ. ਬਟਾਲਾ ਸ. ਜਗਵਿੰਦਰਜੀਤ ਸਿੰਘ ਗਰੇਵਾਲ ਨੇ ਦੱਸਿਆ ਕਿ ਬਟਾਲਾ ਦੀ ਪਸ਼ੂ ਮੇਲਾ ਗਰਾਉਂਡ ਨੂੰ ਆਧੁਨਿਕ ਬਣਾਉਣ ਲਈ ਸੂਬਾ ਸਰਕਾਰ ਵੱਲੋਂ 5.44 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ ਜਿਸ ਨਾਲ ਇਸ ਗਰਾਊਂਡ ‘ਚ ਹਰ ਸਹੂਲਤ ਉਪਲੱਬਧ ਕਰਾਈ ਜਾਵੇਗੀ।
ਐੱਸ.ਡੀ.ਐੱਮ. ਬਟਾਲਾ ਸ. ਗਰੇਵਾਲ ਨੇ ਦੱਸਿਆ ਕਿ ਪਸ਼ੂ ਮੇਲਾ ਗਰਾਊਂਡ ‘ਚ 12 ਸ਼ੈੱਡ, ਪਸ਼ੂਆਂ ਲਈ 4 ਪਲੇਟਫਾਰਮ, ਲੈਂਡਿੰਗ ਰੈਂਪ, ਪਸ਼ੂਆਂ ਦੇ ਚਾਰੇ ਤੇ ਪਾਣੀ ਲਈ ਖੁਰਲੀਆਂ, ਪਾਣੀ ਵਾਲੇ ਪਾਣੀ ਲਈ ਇੱਕ ਵੱਡੀ ਟੈਂਕੀ ਬਣਾਈ ਜਾ ਰਹੀ ਹੈ। ਇਸ ਤੋਂ ਇਲਾਵਾ ਗਰਾਉਂਡ ‘ਚ ਪਸ਼ੂ ਪਾਲਕਾਂ ਦੇ ਰਹਿਣ ਦਾ ਪ੍ਰਬੰਧ ਅਤੇ ਪਬਲਿਕ ਟਾਇਲਟਸ ਵੀ ਬਣਾਈਆਂ ਜਾ ਰਹੀਆਂ ਹਨ। ਪਸ਼ੂ ਮੇਲਾ ਗਰਾਉਂਡ ਨੂੰ ਪੱਕਿਆਂ ਕਰਨ ਤੋਂ ਇਲਾਵਾ ਇਸਦਾ ਖੂਬਸੂਰਤ ਗੇਟ ਬਣਾਇਆ ਜਾਵੇਗਾ ਅਤੇ ਗਰਾਉਂਡ ਦੀ ਚਾਰਦਿਵਾਰੀ ਵੀ ਕੀਤੀ ਜਾਵੇਗੀ। ਐੱਸ.ਡੀ.ਐੱਮ. ਸ. ਗਰੇਵਾਲ ਨੇ ਦੱਸਿਆ ਕਿ ਬਟਾਲਾ ਦੀ ਪਸ਼ੂ ਮੇਲਾ ਗਰਉਂਡ ਹਰ ਪੱਖ ਤੋਂ ਆਧੁਨਿਕ ਸਹੂਲਤਾਂ ਨਾਲ ਲੈਸ ਹੋਵੇਗੀ ਅਤੇ ਪਸ਼ੂ ਪਾਲਕਾਂ ਨੂੰ ਇਥੇ ਆਪਣੇ ਪਸ਼ੂ ਲਿਆਉਣ ਸਮੇਂ ਕੋਈ ਮੁਸ਼ਕਲ ਪੇਸ਼ ਨਹੀਂ ਆਵੇਗੀ।
ਸ. ਗਰੇਵਾਲ ਨੇ ਕਿਹਾ ਕਿ ਬਟਾਲਾ ਦੀ ਪਸ਼ੂ ਮੇਲਾ ਗਰਾਉਂਡ ਜ਼ਿਲ੍ਹਾ ਗੁਰਦਾਸਪੁਰ ਦੀ ਪਹਿਲੀ ਆਧੁਨਿਕ ਪਸ਼ੂ ਗਰਾਉਂਡ ਹੈ ਅਤੇ ਇਹ ਪਸ਼ੂਆਂ ਦੇ ਵਪਾਰ ਲਈ ਮਾਝੇ ਦਾ ਇੱਕ ਕੇਂਦਰੀ ਸਥਾਨ ਹੋ ਨਿਬੜੇਗੀ। ਉਨ੍ਹਾਂ ਕਿਹਾ ਕਿ ਇਸ ਗਰਾਉਂਡ ‘ਚ ਲੱਗਦੇ ਪਸ਼ੂ ਮੇਲੇ ਦੌਰਾਨ ਵੀ ਪਸ਼ੂ ਪਾਲਕਾਂ ਨੂੰ ਸਹੂਲਤ ਰਹੇਗੀ ਅਤੇ ਇਥੇ ਪਸ਼ੂਆਂ ਨੂੰ ਰੱਖਣ ਅਤੇ ਸਾਂਭ-ਸੰਭਾਲ ਲਈ ਬੇਹਤਰ ਸਹੂਲਤਾਂ ਉਪਲੱਬਧ ਹੋਣਗੀਆਂ। ਪਿੰਡ ਹਰਪੁਰਾ ਦੇ ਪਸ਼ੂ ਪਾਲਕ ਸ. ਲਾਲ ਸਿੰਘ ਨੇ ਬਟਾਲਾ ਵਿਖੇ ਆਧੁਨਿਕ ਪਸ਼ੂ ਮੰਡੀ ਉਸਾਰੇ ਜਾਣ ‘ਤੇ ਆਪਣੀ ਖੁਸ਼ੀ ਜ਼ਾਹਰ ਕਰਦਿਆਂ ਸੂਬਾ ਸਰਕਾਰ ਦਾ ਧੰਨਵਾਦ ਕੀਤਾ ਹੈ।ਲਾਲ ਸਿੰਘ ਦਾ ਕਹਿਣਾ ਹੈ ਕਿ ਪਹਿਲਾਂ ਜਦੋਂ ਉਹ ਆਪਣੇ ਪਸ਼ੂ ਬਟਾਲਾ ਮੰਡੀ ‘ਚ ਲੈ ਕੇ ਆਉਂਦੇ ਸਨ ਤਾਂ ਪਸ਼ੂ ਗਰਾਉਂਡ ‘ਚ ਸਹੂਲਤਾਂ ਦੀ ਘਾਟ ਹੋਣ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ, ਜਦਕਿ ਹੁਣ ਆਧੁਨਿਕ ਪਸ਼ੂ ਮੇਲਾ ਗਰਾਉਂਡ ਬਣਨ ਉਪਰੰਤ ਪਸ਼ੂਆਂ ਦੀ ਇਹ ਮੁਸ਼ਕਲ ਦੂਰ ਹੋ ਜਾਵੇਗੀ।
Check Also
ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …
Punjab Post Daily Online Newspaper & Print Media