
ਫਾਜ਼ਿਲਕਾ, 15 ਜਨਵਰੀ (ਵਿਨੀਤ ਅਰੋੜਾ) – ਪੰਜਾਬ ਸਰਕਾਰ ਵੱਲੋਂ ਰਾਜਸਥਾਨ ਫੀਡਰ ਤੇ ਸਰਹੰਦ ਫੀਡਰ ਦੇ ਪੁਨਰ ਨਿਰਮਾਨ ਤੇ 2200 ਕਰੋੜ ਰੁਪਏ ਖਰਚ ਕੀਤੇ ਜਾਣਗੇ ਜਿਸ ਨਾਲ ਇਨ੍ਹਾਂ ਨਹਿਰਾਂ ਦੀ ਪਾਣੀ ਦੀ ਸਮਰੱਥਾ ਵਿੱਚ ਕਮੀ ਹੋਵੇਗੀ ਅਤੇ ਕਿਸਾਨਾਂ ਨੂੰ ਸਿੰਚਾਈ ਲਈ ਵੱਧ ਪਾਣੀ ਮਿਲ ਸਕੇਗਾ । ਇਹ ਪ੍ਰਗਟਾਵਾ ਸਿੰਚਾਈ ਮੰਤਰੀ ਸ. ਸ਼ਰਨਜੀਤ ਸਿੰਘ ਢਿੱਲੋਂ ਨੇ ਵਿਧਾਨ ਸਭਾ ਹਲਕਾ ਫਾਜ਼ਿਲਕਾ ਦੀ ਬਾਂਡੀਵਾਲਾ ਡਿਸਟ੍ਰਿਬਿਉਟਰੀ ਦੇ ਮੁਰੰਮਤ ਦੇ ਕੰਮ ਦਾ ਨੀਂਹ ਪੱਥਰ ਰੱਖਣ ਉਪਰੰਤ ਇਲਾਕੇ ਦੇ ਕਿਸਾਨਾਂ ਨਾਲ ਗੱਲਬਾਤ ਦੌਰਾਨ ਕੀਤਾ । ਇਸ ਮੌਕੇ ਕੈਬਿਨੇਟ ਮੰਤਰੀ ਚੋ. ਸੁਰਜੀਤ ਕੁਮਾਰ ਜਿਆਣੀ, ਮੈਂਬਰ ਪਾਰਲੀਮੈਂਟ ਸ. ਸ਼ੇਰ ਸਿੰਘ ਘੁਬਾਇਆ ਤੇ ਡਿਪਟੀ ਕਮਿਸ਼ਨਰ ਸ. ਮਨਜੀਤ ਸਿੰਘ ਬਰਾੜ ਵੀ ਹਾਜਰ ਸਨ ।
ਸਿੰਚਾਈ ਮੰਤਰੀ ਸ. ਸ਼ਰਨਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀ ਸਿੰਚਾਈ ਸਹੂਲਤ ਲਈ 9 ਕਰੋੜ 24 ਲੱਖ ਰੁਪਏ ਨਾਲ ਨਵੇਂ ਖਾਲ ਬਨਾਏ ਜਾਣਗੇ ਜਿਸ ਨਾਲ ਕਿਸਾਨਾਂ ਨੂੰ ਵੱਡਾ ਲਾਭ ਹੋਵੇਗਾ । ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਰਾਜ ਦੀਆਂ ਨਹਿਰਾਂ ਤੇ ਕੱਸੀਆਂ ਵਿਚ ਪਾਣੀ ਦੀ ਸਮਰਥਾ ਵਧਾਉਣ ਲਈ 25 ਕਰੋੜ ਰੁਪਏ ਨਾਲ ਇਨ੍ਹਾਂ ਦੀ ਸਫਾਈ ਕਰਵਾਈ ਗਈ ਹੈ । ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਰਾਜ ਵਿਚ ਨਹਿਰੀ ਸਿਸਟਮ ਦੇ ਸੁਧਾਰ ਲਈ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ । ਜਿਸ ਤਹਿਤ ਰਾਜਸਥਾਨ ਫੀਡਰ ਅਤੇ ਸਰਹੰਦ ਫੀਡਰ ਦੇ ਪੁਨਰ ਨਿਰਮਾਨ ਤੇ 2200 ਕਰੋੜ ਰੁਪਏ ਖਰਚ ਕੀਤੇ ਜਾਣਗੇ । ਉਨ੍ਹਾਂ ਕਿਹਾ ਕਿ ਬਾਂਡੀਵਾਲਾ ਡਿਸਟ੍ਰਿਬਿਉਟਰੀ ਦੀ ਮੁਰੰਮਤ ਨਾਲ ਇਸ ਖੇਤਰ ਦੇ ਹੋਰ ਪਿੰਡਾਂ ਨੂੰ ਵੀ ਸਿੰਚਾਈ ਦੀ ਸਹੂਲਤ ਮਿਲੇਗੀ ।
ਹਲਕਾ ਵਿਧਾਇਕ ਤੇ ਕੈਬਿਨੇਟ ਮੰਤਰੀ ਚੋ. ਸੁਰਜੀਤ ਕੁਮਾਰ ਜਿਆਣੀ ਨੇ ਸਿੰਚਾਈ ਮੰਤਰੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਬਾਂਡੀਵਾਲਾ ਰਜਬਾਹੇ ਦੀ ਮੁਰੰਮਤ ਤੇ 1 ਕਰੋੜ ਰੁਪਏ ਦੇ ਕਰੀਬ ਖਰਚ ਆਉਣਗੇ ਤੇ ਇਸ ਨਾਲ ਪਿੰਡ ਕਬੂਲਸ਼ਾਹ, ਛਤੀਰਵਾਲਾ, ਟਿੱਲਾਂ ਵਾਲੀ, ਬਾਂਡੀਵਾਲਾ, ਕੇਰੀਆਂ, ਸਾਬੂਆਣਾ, ਸਿਵਾਣਾ ਅਤੇ ਖਾਣਪੁਰ ਦੇ ਮੌਜੂਦਾ 8163 ਏਕੜ ਰਕਬੇ ਦੀ ਮੌਜੂਦਾ ਸਿੰਚਾਈ ਤੋਂ ਇਲਾਵਾ 300 ਏਕੜ ਹੋਰ ਰਕਬੇ ਦੀ ਸਿੰਚਾਈ ਵਿਚ ਵਾਧਾ ਹੋਵੇਗਾ । ਮੈਂਬਰ ਪਾਰਲੀਮੈਂਟ ਸ. ਸ਼ੇਰ ਸਿੰਘ ਘੁਬਾਇਆ ਨੇ ਇਸ ਮੌਕੇ ਇਲਾਕੇ ਦੀਆਂ ਸਿੰਚਾਈ ਅਤੇ ਸੇਮ ਆਦਿ ਨਾਲ ਸਬੰਧਤ ਸਮੱਸਿਆਵਾਂ ਤੋਂ ਜਾਣੂ ਕਰਵਾਇਆ ਤੇ ਉਨ੍ਹਾਂ ਨੂੰ ਸੇਮ ਅਤੇ ਹੜ ਦੀ ਸਮੱਸਿਆ ਦੇ ਪੱਕੇ ਹਲ ਲਈ ਮਾਸਟਰ ਪਲਾਨ ਕਰਨ ਦੀ ਅਪੀਲ ਕੀਤੀ । ਸਿੰਚਾਈ ਮੰਤਰੀ ਸ.ਢਿੱਲੋਂ ਨੇ ਸਿੰਚਾਈ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਸ. ਘੁਬਾਇਆ, ਸ਼੍ਰੀ ਜਿਆਣੀ ਅਤੇ ਡਿਪਟੀ ਕਮਿਸ਼ਨਰ ਦੀ ਸਲਾਹ ਨਾਲ ਸਮੁੱਚੇ ਜਿਲ੍ਹੇ ਸਬੰਧੀ ਰਿਪੋਰਟ ਤਿਆਰ ਕਰਨ ਤਾਂ ਜੋ ਇਸ ਸਬੰਧੀ ਜਲਦੀ ਕੰਮ ਸ਼ੁਰੂ ਕਰਵਾਏ ਜਾ ਸਕਣ ।
ਇਸ ਮੌਕੇ ਜਿਲ੍ਹਾ ਪੁਲਿਸ ਮੁੱਖੀ ਸ਼੍ਰੀ ਸਵਪਨ ਸ਼ਰਮਾ, ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ (ਦਿਹਾਤੀ) ਸ. ਗੁਰਪਾਲ ਸਿੰਘ ਗਰੇਵਾਲ, ਸ਼ਹਿਰੀ ਪ੍ਰਧਾਨ ਅਸ਼ੋਕ ਅਨੇਜਾ, ਜੱਥੇਦਾਰ ਕੌਰ ਸਿੰਘ, ਵਧੀਕ ਡਿਪਟੀ ਕਮਿਸ਼ਨਰ ਸ. ਚਰਨਦੇਵ ਸਿੰਘ ਮਾਨ, ਸੁਭਾਸ਼ ਖਟਕ ਐਸ.ਡੀ.ਐਮ., ਬਲਜੀਤ ਸਹੋਤਾ, ਮਨੋਜ ਕੁਮਾਰ ਮੋਦੀ ਸਰਪੰਚ ਕੇਰੀਆਂ, ਹਰਦੀਪ ਢਾਕਾ, ਅਸ਼ੋਕ ਢਾਕਾ ਅਤੇ ਰਾਮ ਕੁਮਾਰ ਸਮੇਤ ਵੱਡੀ ਗਿਣਤੀ ਵਿਚ ਭਾਜਪਾ ਅਕਾਲੀ ਆਗੂ ਤੇ ਇਲਾਕਾ ਨਿਵਾਸੀ ਹਾਜਰ ਸਨ ।
Punjab Post Daily Online Newspaper & Print Media