Friday, March 20, 2026

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਚੌਥਾ ਸ. ਨਾਨਕ ਸਿੰਘ ਯਾਦਗਾਰੀ ਭਾਸ਼ਣ ਆਯੋਜਿਤ

ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸੈਨੇਟ ਹਾਲ ਵਿਖੇ ਸ. ਨਾਨਕ ਸਿੰਘ ਲਿਟਰੇਰੀ ਫਾਊਂਡੇਸ਼ਨ ਦੇ ਸਹਿਯੋਗ ਨਾਲ ਕਰਵਾਏ ਗਏ ਚੌਥੇ ਸ. ਨਾਨਕ ਸਿੰਘ ਯਾਦਗਾਰੀ ਭਾਸ਼ਣ ਦੀ ਪ੍ਰਧਾਨਗੀ ਕਰਦਿਆਂ ਯੂੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) ਕਰਮਜੀਤ ਸਿੰਘ ਨੇ ਨਾਵਲਕਾਰ ਸ. ਨਾਨਕ ਸਿੰਘ ਦੇ ਪੰਜਾਬੀ ਸਾਹਿਤ ਵਿੱਚ ਅਹਿਮ ਯੋਗਦਾਨ ਦੀ ਚਰਚਾ ਕਰਦਿਆਂ ਕਿਹਾ ਕਿ ਨਾਵਲਕਾਰ ਨਾਨਕ ਸਿੰਘ ਦੀਆਂ ਲਿਖਤਾਂ ਪੰਜਾਬੀ ਮੁਆਸ਼ਰੇ ਵਿਚਲੀ ਅਹਿਮ ਤਬਦੀਲੀ ਨੂੰ ਸਾਕਾਰ ਕਰਦੀਆਂ ਹਨ।ਨਾਵਲਕਾਰ ਨਾਨਕ ਸਿੰਘ ਦੀਆਂ ਰਚਨਾਵਾਂ ਸਿਰਫ਼ ਸਾਹਿਤਕ ਕਿਰਤਾਂ ਨਹੀਂ, ਸਗੋਂ ਸਮਾਜਿਕ, ਸੱਭਿਆਚਾਰਕ ਅਤੇ ਹੋਰ ਵੱਖ-ਵੱਖ ਨਜ਼ਰੀਏ ਤੋਂ ਪੰਜਾਬੀ ਸਮਾਜ ਦੀਆਂ ਤਸਵੀਰਾਂ ਪੇਸ਼ ਕਰਦੀਆਂ ਹਨ।ਉਨ੍ਹਾਂ ਕਿਹਾ ਕਿ ਉਨ੍ਹਾਂ ਦੀਆਂ ਲਿਖਤਾਂ ਨੇ ਹਮੇਸ਼ਾਂ ਹੀ ਪਾਠਕਾਂ ਨੂੰ ਸੋਚਣ, ਸਮਝਣ ਅਤੇ ਸਮਾਜਿਕ ਚੇਤਨਾ ਵੱਲ ਪ੍ਰੇਰਿਤ ਕੀਤਾ ਹੈ।ਉਨ੍ਹਾਂ ਕਿਹਾ ਕਿ ਬਹੁਤ ਜਲਦ ਹੀ ਨਾਵਲਕਾਰ ਨਾਨਕ ਸਿੰਘ ਦੀਆਂ ਰਚਨਾਵਾਂ ਨੂੰ ਪੂਰੀ ਦੁਨੀਆ ਤੱਕ ਪਹੁੰਚਾਉਣ ਲਈ ਉਹਨਾਂ ਦੀ ਡਿਜੀਟਲਾਈਜੇਸ਼ਨ ਕੀਤੀ ਜਾਵੇਗੀ ਅਤੇ ਇਸ ਲਈ ਯੂਨੀਵਰਸਿਟੀ ਦੀ ਡੋਮੇਨ ਵਿਚ ਨਾਨਕ ਸਿੰਘ ਨਾਲ ਸੰਬਧਿਤ ਇਕ ਵੈੱਬਸਾਈਟ ਵੀ ਜਲਦ ਬਣਾਈ ਜਾਵੇਗੀ।
ਨਾਨਕ ਸਿੰਘ ਲਿਟਰੇਰੀ ਫਾਊਂਡੇਸ਼ਨ ਦੇ ਸਕੱਤਰ ਸ੍ਰੀ ਨਵਦੀਪ ਸਿੰਘ ਸੂਰੀ ਨੇ ਕਿਹਾ ਕਿ ਦਾ ਬੁਨਿਆਦੀ ਮੱੁਦਾ ਨਾਨਕ ਸਿੰਘ ਜੀ ਦੀ ਸਾਹਿਤਕ ਵਿਰਾਸਤ ਦੀ ਸੰਭਾਲ ਕਰਨਾ ਹੈ ਅਤੇ ਇਸ ਮਕਸਦ ਦੀ ਪੂਰਤੀ ਲਈ ਉਹਨਾਂ ਦੀਆਂ ਕਿਰਤਾਂ ਦੀ ਸਮਾਜਿਕ ਸਾਰਥਕਤਾ ਦਾ ਅਧਿਐਨ ਕਰਨਾ ਜ਼ਰੂਰੀ ਹੈ। ਇਸ ਮੌਕੇ ਸ੍ਰੀਮਤੀ ਮਨੀ ਸੂਰੀ ਨੇ ਕਿਹਾ ਕਿ ਅਜਿਹੇ ਸਮਾਗਮ ਨਾਨਕ ਸਿੰਘ ਹੁਰਾਂ ਦੀ ਵਿਚਾਰਧਾਰਾ ਨੂੰ ਪੁਨਰ-ਜੀਵੰਤ ਕਰ ਦਿੰਦੇ ਹਨ।
ਮੁੱਖ ਵਕਤਾ ਵਜੋਂ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਪ੍ਰਸਿੱਧ ਸਮਾਜ-ਸ਼ਾਸਤਰੀ ਡਾ. ਹਰਵਿੰਦਰ ਸਿੰਘ ਭੱਟੀ ਨੇ ਸ. ਨਾਨਕ ਸਿੰਘ ਦੇ ਨਾਵਲਾਂ ਵਿਚਲੇ ਸਮਾਜਿਕ ਸੁਹਜ-ਸ਼ਾਸਤਰ ਅਤੇ ਉਸ ਸਮੇਂ ਦੀਆਂ ਸਮਾਜਿਕ ਕੁਰੀਤੀਆਂ (ਕੁਹਜ) ਦਾ ਗੰਭੀਰ ਵਿਸ਼ਲੇਸ਼ਣ ਪੇਸ਼ ਕੀਤਾ। ਡਾ. ਭੱਟੀ ਨੇ ਕਿਹਾ ਕਿ ਨਾਨਕ ਸਿੰਘ ਸਿਰਫ਼ ਇੱਕ ਬਿਰਤਾਂਤਕਾਰ ਨਹੀਂ ਸਨ, ਸਗੋਂ ਸਮਾਜ ਦੇ ਅਜਿਹੇ ਨਬਜ਼-ਸ਼ਨਾਸ ਸਨ ਜਿਨ੍ਹਾਂ ਨੇ ਸਾਹਿਤ ਰਾਹੀਂ ਸੁਧਾਰਵਾਦੀ ਲਹਿਰ ਨੂੰ ਪ੍ਰਚੰਡ ਕੀਤਾ।ਉਹ ਸਹੀ ਅਰਥਾਂ ਵਿਚ ਸਾਂਝੀ ਪੰਜਾਬੀਅਤ ਅਤੇ ਧਰਮ-ਨਿਰਪੱਖ ਸਮਾਜ ਦੀ ਸਿਰਜਣਾ ਦੇ ਆਦਰਸ਼ ਦੇ ਸੰਸਥਾਪਕ ਸਨ।
ਪੰਜਾਬੀ ਅਧਿਐਨ ਸਕੂਲ ਦੇ ਮੁਖੀ ਡਾ. ਮਨਜਿੰਦਰ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਵਿਸ਼ੇ ਦੀ ਰੂਪ-ਰੇਖਾ ਸਾਂਝੀ ਕੀਤੀ।ਸ. ਨਾਨਕ ਸਿੰਘ ਸੈਂਟਰ ਦੇ ਕੋਆਰਡੀਨੇਟਰ ਡਾ. ਹਰਿੰਦਰ ਕੌਰ ਸੋਹਲ ਨੇ ਕਿਹਾ ਕਿ ਇਹ ਸੈਂਟਰ ਨਾਨਕ ਸਿੰਘ ਨਾਲ ਸੰਬਧਿਤ ਰਚਨਾਵਾਂ ਦੀ ਪਹਿਚਾਣ ਅਤੇ ਉਹਨਾਂ ਦੇ ਇਕੱਤਰੀਕਰਨ ਵਾਸਤੇ ਪ੍ਰਤੀਬੱਧ ਹੈ।ਨਾਨਕ ਸਿੰਘ ਦੇ ਨਾਵਲਾਂ ਦੇ ਖੋਜ-ਕਾਰਜ਼ ‘ਤੇ ਆਧਾਰਿਤ ਡਾ. ਹਰਿੰਦਰ ਸੋਹਲ ਦੁਆਰਾ ਸੰਪਾਦਿਤ ਸਮੀਖਿਆ ਪੁਸਤਕ “ਨਾਨਕ ਸਿੰਘ ਦੀ ਗਲਪਕਾਰੀ : ਖੋਜ-ਦ੍ਰਿਸ਼ਟੀ” ਦਾ ਲੋਕ-ਅਰਪਣ ਵੀ ਕੀਤਾ ਗਿਆ।
ਨਾਨਕ ਸਿੰਘ ਸੈਂਟਰ ਵੱਲੋਂ ਰਾਜਦੀਪ ਮਹਿਰਾ ਨੂੰ 25000/- ਰੁਪਏ ਦੀ ਰਾਸ਼ੀ ਵੀ ਖੋਜ-ਕਾਰਜ਼ ਦੇ ਮਕਸਦ ਲਈ ਭੇਟ ਕੀਤੀ ਗਈ।ਅੰਤ ਵਿੱਚ ਸ. ਨਾਨਕ ਸਿੰਘ ਸੈਂਟਰ ਦੇ ਕੋਆਰਡੀਨੇਟਰ ਡਾ. ਹਰਿੰਦਰ ਕੌਰ ਸੋਹਲ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।ਡਾ. ਅਮਰਜੀਤ ਸਿੰਘ, ਸ੍ਰੀਮਤੀ ਮਨੀ ਸੂਰੀ, ਡਾ. ਅਮਰ ਸਿੰਘ, ਪ੍ਰਵੀਨ ਪੁਰੀ (ਡਾਇਰੈਕਟਰ, ਲੋਕ ਸੰਪਰਕ ਵਿਭਾਗ), ਡਾ. ਮੇਘਾ ਸਲਵਾਨ, ਡਾ. ਬਲਜੀਤ ਕੌਰ ਰਿਆੜ, ਡਾ. ਰਾਜਵਿੰਦਰ ਕੌਰ, ਡਾ. ਸਿਮਰਨਜੀਤ ਸਿੰਘ, ਡਾ. ਹਸਨ ਰੇਹਾਨ, ਡਾ. ਵਿਸ਼ਾਲ ਭਾਰਦਵਾਜ,ਡਾ. ਕੰਵਲਜੀਤ ਕੌਰ, ਡਾ. ਕੰਵਲਦੀਪ ਕੌਰ, ਡਾ. ਜਸਪਾਲ ਸਿੰਘ, ਡਾ. ਅਸ਼ੋਕ ਭਗਤ, ਡਾ. ਚੰਦਨਪ੍ਰੀਤ ਸਿੰਘ, ਡਾ. ਅੰਜ਼ੂ ਬਾਲਾ ਅਤੇ ਡਾ. ਸੁਖਪ੍ਰੀਤ ਕੌਰ ਤੋਂ ਇਲਾਵਾ ਕਈ ਵਿਦਵਾਨ ਅਤੇ ਮਾਹਿਰ ਵੀ ਇਸ ਸਮਾਗਮ ਵਿੱਚ ਸ਼ਾਮਲ ਹੋਏ ।

Check Also

ਵਾਈਸ ਚਾਂਸਲਰ ਸ. ਬਿਸ਼ਨ ਸਿੰਘ ਸਮੁੰਦਰੀ ਦੇ ਸਪੁੱਤਰ ਦਿੱਲੀ ਦੇ ਉਪ ਰਾਜਪਾਲ ਬਣਨ ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੁੱਜੇ

ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਹਿਲੇ ਵਾਈਸ-ਚਾਂਸਲਰ ਸ. …