Thursday, March 26, 2026

ਉੱਘੇ ਲੋਕਧਾਰਾ ਸ਼ਾਸਤਰੀ ਡਾ. ਰਣਜੀਤ ਸਿੰਘ ਬਾਜਵਾ ਦਾ ਦਿਹਾਂਤ

ਅੰਮ੍ਰਿਤਸਰ, 26 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬੀ ਲੋਕਧਾਰਾ, ਸਭਿਆਚਾਰ ਅਤੇ ਸਾਹਿਤ ਜਗਤ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਾ ਜਦੋਂ ਉੱਘੇ ਲੋਕਧਾਰਾ ਸ਼ਾਸਤਰੀ, ਚਿੰਤਕ ਅਤੇ ਪੰਜਾਬੀ ਅਧਿਐਨ ਸਕੂਲ ਦੇ ਸਾਬਕਾ ਪ੍ਰੋਫੈਸਰ ਤੇ ਮੁਖੀ ਡਾ. ਰਣਜੀਤ ਸਿੰਘ ਬਾਜਵਾ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਅਕਾਲ ਚਲਾਣਾ ਕਰ ਗਏ। ਉਹ ਪਿਛਲੇ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ।ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਸੁਣਦਿਆਂ ਹੀ ਸਾਹਿਤਕ ਅਤੇ ਅਕਾਦਮਿਕ ਹਲਕਿਆਂ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।ਉਨ੍ਹਾਂ ਦੇ ਚਲਾਣੇ ‘ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. ਕਰਮਜੀਤ ਸਿੰਘ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਹੈ ਡਾ. ਰਣਜੀਤ ਸਿੰਘ ਬਾਜਵਾ ਨੇ ਆਪਣਾ ਸਾਰਾ ਜੀਵਨ ਪੰਜਾਬੀ ਮਾਂ-ਬੋਲੀ ਅਤੇ ਲੋਕ-ਸੰਸਕ੍ਰਿਤੀ ਦੇ ਲੇਖੇ ਲਗਾਇਆ।ਉਨ੍ਹਾਂ ਨੇ ਲੋਕਧਾਰਾ ਦੇ ਖੇਤਰ ਵਿੱਚ ਵਿਗਿਆਨਕ ਅਤੇ ਆਲੋਚਨਾਤਮਕ ਦ੍ਰਿਸ਼ਟੀਕੋਣ ਤੋਂ ਕੰਮ ਕਰਕੇ ਇਸ ਵਿਸ਼ੇ ਨੂੰ ਨਵੀਆਂ ਬੁਲੰਦੀਆਂ `ਤੇ ਪਹੁੰਚਾਇਆ, ਇਸ ਲਈ ਉਹਨਾਂ ਦਾ ਚਲੇ ਜਾਣਾ ਬਹੁਤ ਦੁੱਖਦਾਇਕ ਹੈ।ਪੰਜਾਬੀ ਅਧਿਐਨ ਸਕੂਲ ਦੇ ਮੁਖੀ ਡਾ. ਮਨਜਿੰਦਰ ਸਿੰਘ ਨੇ ਕਿਹਾ ਕਿ ਡਾ. ਬਾਜਵਾ ਨੇ ਪੰਜਾਬੀ ਲੋਕਧਾਰਾ ਦਾ ਕੇਵਲ ਇੱਕਤਰੀਕਰਨ ਹੀ ਨਹੀਂ ਕੀਤਾ ਸਗੋਂ ਇਸ ਦੀ ਦਾਰਸ਼ਨਿਕ, ਸਮਾਜਿਕ ਅਤੇ ਚਿੰਨ੍ਹ ਵਿਗਿਆਨਕ ਵਿਆਖਿਆ ਵੀ ਕੀਤੀ।ਡਾ. ਬਾਜਵਾ ਦੇ ਚਲੇ ਜਾਣ ਨਾਲ ਲੋਕਧਾਰਾ ਦੇ ਖੇਤਰ ਵਿੱਚ ਜੋ ਖਲਾਅ ਪੈਦਾ ਹੋਇਆ ਹੈ, ਉਸ ਨੂੰ ਭਰਨਾ ਅਸੰਭਵ ਹੈ।ਏਥੇ ਜਿਕਰਯੋਗ ਹੈ ਕਿ ਡਾ. ਰਣਜੀਤ ਸਿੰਘ ਬਾਜਵਾ ਨੇ 1966 ਈ. ਵਿੱਚ ਸਿੱਖ ਨੈਸ਼ਨਲ ਕਾਲਜ ਕਾਦੀਆਂ ਤੋਂ ਬੀ.ਏ ਕਰਨ ਤੋਂ ਬਾਅਦ ਐਮ.ਏ ਪੰਜਾਬੀ ਕਰਨ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਦਾਖ਼ਲਾ ਲਿਆ।ਇਸ ਉਪਰੰਤ ਉਹਨਾਂ ਨੇ ਪ੍ਰਸਿੱਧ ਅੰਤਰਰਾਸ਼ਟਰੀ ਵਿਦਵਾਨ ਡਾ. ਹਰਜੀਤ ਸਿੰਘ ਗਿੱਲ ਦੀ ਨਿਗਰਾਨੀ ਹੇਠ Semiotics Around Birth Ceremonies of Punjab’ਵਿਸ਼ੇ ‘ਤੇ ਪੀ.ਐਚ.ਡੀ ਦਾ ਖੋਜ਼-ਕਾਰਜ਼ ਮੁਕੰਮਲ ਕੀਤਾ।ਉਹਨਾਂ ਆਪਣਾ ਮੁੱਢਲਾ ਅਧਿਆਪਨ-ਕਾਰਜ ਮਹਿੰਦਰਾ ਕਾਲਜ ਪਟਿਆਲਾ ਵਿਖੇ ਆਰੰਭ ਕੀਤਾ।ਉਹ 1986 ਈ. ਵਿੱਚ ਬਤੌਰ ਰੀਡਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਨਿਯੁੱਕਤ ਹੋਏ।ਇਸ ਦੌਰਾਨ ਉਹ ਇਸ ਵਿਭਾਗ ਵਿੱਚ ਪ੍ਰੋਫ਼ੈਸਰ ਅਤੇ ਮੁਖੀ ਦੇ ਅਹੁੱਦੇ ‘ਤੇ ਵੀ ਰਹੇ।ਏਥੇ ਉਹਨਾਂ ਆਪਣੇ ਕਾਰਜ-ਕਾਲ ਦੇ ਦੌਰਾਨ ਏਸ਼ੀਆ, ਯੂਰਪ, ਉੱਤਰੀ ਅਮਰੀਕਾ ਅਤੇ ਅਫ਼ਰੀਕਾ ਦੀਆਂ ਵਿਭਿੰਨ ਵਿਦਿਅਕ ਸੰਸਥਾਵਾਂ ਵਿੱਚ ਲੋਕਧਾਰਾ ਦੇ ਖੇਤਰ ਨਾਲ ਸਬੰਧਤ ਕਈ ਅੰਤਰਰਾਸ਼ਟਰੀ ਖੋਜ਼-ਪੱਤਰ ਪੇਸ਼ ਕੀਤੇ।ਯੂਨੀਵਰਸਿਟੀ ਤੋਂ ਸੇਵਾ-ਮੁਕਤ ਹੋਣ ਤੋਂ ਬਾਅਦ ਉਹ 2007 ਤੋਂ ਤਿੰਨ ਸਾਲ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਾਈਸ ਚੇਅਰਮੈਨ ਰਹੇ।ਉਹਨਾਂ ਦੀ ਨਿਗਰਾਨੀ ਹੇਠ ਬਹੁਤ ਸਾਰੇ ਵਿਦਿਆਰਥੀਆਂ ਨੇ ਐਮ.ਫਿਲ ਅਤੇ ਪੀ.ਐਚ.ਡੀ ਦੀਆਂ ਡਿਗਰੀਆਂ ਹਾਸਲ ਕੀਤੀਆਂ।ਲੋਕਧਾਰਾ ਤੋਂ ਇਲਾਵਾ ਉਹਨਾਂ ਨੇ 2022 ਵਿੱਚ ਫਿਲਮ ਦੀ ਵਿਧਾ ਨਾਲ ਸਬੰਧਿਤ ਆਪਣੀ ਪੁਸਤਕ “ਸ਼ੲਮੋਿਟਚਿਸ “Semiotics of Films and Fantasies” ਵੀ ਰਿਲੀਜ਼ ਕੀਤੀ।ਪੰਜਾਬੀ ਅਧਿਐਨ ਸਕੂਲ ਦੇ ਸਮੂਹ ਅਧਿਆਪਕਾਂ, ਸਟਾਫ਼, ਖੋਜ਼-ਵਿਦਿਆਰਥੀਆਂ ਅਤੇ ਵਿਦਿਆਰਥੀਆਂ ਨੇ ਉਹਨਾਂ ਦੀ ਮੌਤ ‘ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ।

Check Also

ਸੂਬੇ ਭਰ ਵਿੱਚ 2.89 ਲੱਖ ਤੋਂ ਵੱਧ ਮਾਵਾਂ ਨੂੰ ਮਿਲੀ ਆਰਥਿਕ ਰਾਹਤ – ਗੁਰਪ੍ਰਤਾਪ ਸਿੰਘ ਸੰਧੂ

ਅੰਮ੍ਰਿਤਸਰ, 26 ਮਾਰਚ (ਸੁਖਬੀਰ ਸਿੰਘ) – ਇਸਤਰੀਆਂ ਦੀ ਭਲਾਈ ਅਤੇ ਸਸ਼ਕਤੀਕਰਨ ਆਮ ਆਦਮੀ ਪਾਰਟੀ ਦੀ …