Thursday, April 9, 2026

ਛੀਨਾ ਨੇ ਖਾਲਸਾ ਯੂਨੀਵਰਸਿਟੀ ਦਾ ਆਨਲਾਈਨ ‘ਐਡਮਿਸ਼ਨ ਪੋਰਟਲ’ ਕੀਤਾ ਜਾਰੀ

ਅੰਮ੍ਰਿਤਸਰ, 9 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਯੂਨੀਵਰਸਿਟੀ ਦਾ ਨਵਾਂ ‘ਐਡਮਿਸ਼ਨ ਪੋਰਟਲ’ ਵਿਦਿਆਰਥੀਆਂ ਲਈ ਦਾਖਲਾ ਪਰਕ੍ਰਿਆ ਨੂੰ ਪੂਰੀ ਤਰ੍ਹਾਂ ਆਨਲਾਈਨ ਅਤੇ ਪਾਰਦਰਸ਼ੀ ਬਣਾਉਂਦਾ ਹੈ।ਹੁਣ ਵਿਦਿਆਰਥੀ ਘਰ ਬੈਠੇ ਹੀ ਆਸਾਨੀ ਨਾਲ 200 ਤੋਂ ਵਧੇਰੇ ਯੂਨੀਵਰਸਿਟੀ ਦੇ ਵੱਖ-ਵੱਖ ਵਿਸ਼ਿਆਂ ਨਾਲ ਸਬੰਧਿਤ ਕੋਰਸਾਂ ਲਈ ਅਰਜ਼ੀਆਂ ਭਰ ਸਕਣਗੇ, ਦਸਤਾਵੇਜ਼ ਅਪਲੋਡ ਕਰ ਸਕਣਗੇ ਅਤੇ ਫੀਸ ਜਮ੍ਹਾ ਕਰਵਾ ਸਕਣਗੇ।ਇਸ ਨਾਲ ਨਾ ਸਿਰਫ਼ ਸਮਾਂ ਬਚੇਗਾ, ਸਗੋਂ ਕਾਗਜ਼ੀ ਕਾਰਵਾਈ ’ਚ ਵੀ ਕਾਫ਼ੀ ਕਮੀ ਆਵੇਗੀ।ਇਹ ਪ੍ਰਗਟਾਵਾ ਅੱਜ ਖ਼ਾਲਸਾ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਅਤੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ’ਵਰਸਿਟੀ ਦੇ ਉਕਤ ਪੋਰਟਲ ਨੂੰ ਜਾਰੀ ਕਰਨ ਮੌਕੇ ਕੀਤਾ।
ਸ: ਛੀਨਾ ਨੇ ’ਵਰਸਿਟੀ ਦੇ ਉੱਪ ਕੁਲਪਤੀ ਡਾ. ਮਹਿਲ ਸਿੰਘ ਤੋਂ ਇਲਾਵਾ ਡੀਨ, ਰਜਿਸਟਰਾਰ, ਡਾਇਰੈਕਟਰ ਅਤੇ ਹੋਰ ਸਟਾਫ਼ ਦੀ ਮੌਜ਼ੂਦਗੀ ’ਚ ਵਿਦਿਆਰਥੀਆਂ ਦੀ ਸਹੂਲਤ ਅਤੇ ਦਾਖਲਾ ਪਰਕ੍ਰਿਆ ਨੂੰ ਹੋਰ ਆਸਾਨ ਬਣਾਉਣ ਆਧੁਨਿਕ ਆਨਲਾਈਨ ਐਡਮਿਸ਼ਨ ਪੋਰਟਲ ਨੂੰ ਜਾਰੀ ਕਰਦਿਆਂ ਇਸ ਨੂੰ ਡਿਜ਼ੀਟਲ ਸਿੱਖਿਆ ਵੱਲ ਇਕ ਅਹਿਮ ਕਦਮ ਕਰਾਰ ਦਿੱਤਾ।ਸ: ਛੀਨਾ ਨੇ ਕਿਹਾ ਕਿ ਉਕਤ ਪੋਰਟਲ ਰਜਿਸਟਰਾਰ ਡਾ. ਖੁਸ਼ਵਿੰਦਰ ਕੁਮਾਰ, ਖ਼ਾਲਸਾ ਕਾਲਜ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਰਣਜੀਤ ਐਵੀਨਿਊ ਦੇ ਡਾਇਰੈਕਟਰ ਡਾ. ਮੰਜ਼ੂ ਬਾਲਾ ਦੀ ਅਗਵਾਈ ਹੇਠ ਤਿਆਰ ਕੀਤਾ ਗਿਆ ਹੈ।ਜੋ ਵਿਦਿਆਰਥੀਆਂ ਅਤੇ ਪ੍ਰਸ਼ਾਸਕੀ ਸਟਾਫ ਲਈ ਕਈ ਬਹੁਤ ਮਹੱਤਵਪੂਰਨ ਸਾਬਿਤ ਹੋਵੇਗਾ।
ਉਨ੍ਹਾਂ ਪੋਰਟਲ ਦੀਆਂ ਵਿਸ਼ੇਸ਼ਤਾਵਾਂ ਸਬੰਧੀ ਕਿਹਾ ਕਿ ਇਸ ਰਾਹੀਂ ਰੀਅਲ-ਟਾਈਮ ਅੱਪਡੇਟਸ, ਅਰਜ਼ੀ ਦੀ ਸਥਿਤੀ, ਅੰਤਿਮ ਮਿਤੀਆਂ ਅਤੇ ਨਤੀਜਿਆਂ ਬਾਰੇ ਤੁਰੰਤ ਨੋਟੀਫਿਕੇਸ਼ਨ ਤੋਂ ਇਲਾਵਾ ਦਸਤਾਵੇਜ਼ ਅੱਪਲੋਡ ਅਤੇ ਆਸਾਨ ਟ੍ਰੈਕਿੰਗ, ਯੂੂਨੀਵਰਸਿਟੀਆਂ ਲਈ ਸੁਚਾਰੂ ਐਡਮਿਸ਼ਨ ਪਰਕ੍ਰਿਆ, ਆਟੋਮੇਸ਼ਨ ਮੈਨੂਅਲ ਕੰਮ ਘੱਟੇਗਾ ਅਤੇ ਅਰਜ਼ੀਆਂ ਦੀ ਪਰਕ੍ਰਿਆ ਵਧੇਗੀ, ਸਮੂਹ ਬਿਨੈਕਾਰਾਂ ਦਾ ਡਾਟਾ ਸਿਸਟਮ ’ਚ ਸੁਰੱਖਿਅਤ ਹੋਵੇਗਾ, ਪ੍ਰਿੰਟਿੰਗ, ਸਟੋਰੇਜ ਅਤੇ ਪ੍ਰਸ਼ਾਸਕੀ ਖਰਚਿਆਂ ਨੂੰ ਘਟਾਏਗਾ, ਡੇਟਾ ਐਂਟਰੀ ਅਤੇ ਪ੍ਰੋਸੈਸਿੰਗ ’ਚ ਮਨੁੱਖੀ ਗਲਤੀ ਘਟੇਗੀ, ਬਿਨੈਕਾਰਾਂ ਨੂੰ ਇਕੱਠੇ ਈਮੇਲ, ਸੂਚਨਾਵਾਂ ਅਤੇ ਅਲਰਟ ਭੇਜਣ ਆਸਾਨ ਸਮੇਤ ਵਾਤਾਵਰਣ ਅਨੁਕੂਲ, ਪਾਰਦਰਸ਼ਤਾ, ਵਿਸਥਾਰਯੋਗਤਾ ਅਤੇ ਏਕੀਕਰਨ ਵਰਗੇ ਕਈ ਫਾਇਦੇ ਪ੍ਰਦਾਨ ਕਰੇਗਾ।
ਡਾ. ਮਹਿਲ ਸਿੰਘ ਅਤੇ ਅਕਾਦਮਿਕ ਮਾਮਲੇ ਡੀਨ ਡਾ. ਸੁਰਿੰਦਰ ਕੌਰ ਨੇ ਸਾਂਝੇ ਤੌਰ ’ਤੇ ਕਿਹਾ ਕਿ ਯੂਨੀਵਰਸਿਟੀ ਵਿਦਿਆਰਥੀਆਂ ਨੂੰ ਆਧੁਨਿਕ ਤਕਨੀਕ ਰਾਹੀਂ ਹਰੇਕ ਸੁਵਿਧਾ ਪ੍ਰਦਾਨ ਕਰਨ ਲਈ ਤੱਤਪਰ ਹੈ।ਉਨ੍ਹਾਂ ਵਿਦਿਆਰਥੀਆਂ ਨੂੰ ਇਸ ਆਨਲਾਈਨ ਸਿਸਟਮ ਦਾ ਪੂਰਾ ਲਾਭ ਲੈਣ ਅਤੇ ਨਿਰਧਾਰਿਤ ਸਮੇਂ ਅੰਦਰ ਆਪਣੀਆਂ ਅਰਜ਼ੀਆਂ ਜਮ੍ਹਾ ਕਰਵਾਉਣ ਸਬੰਧੀ ਪ੍ਰੇਰਿਤ ਕੀਤਾ।ਵਰਸਿਟੀ ਦੇ ਡਾਇਰੈਕਟਰ (ਖੋਜ) ਡਾ. ਆਰ.ਕੇ ਧਵਨ ਨੇ ਕਿਹਾ ਕਿ ਯੂਨੀਵਰਸਿਟੀ ਦਾ ਮੁੱਖ ਟੀਚਾ ਖੋਜ਼ ਅਧਾਰਿਤ ਪੀ.ਐਚ.ਡੀ ਦਾਖਲਿਆਂ ’ਤੇ ਕੇਂਦਰਿਤ ਹੈ ਅਤੇ ਇਸ ਪ੍ਰਣਾਲੀ ਨੂੰ ਹੋਰ ਸਰਲ ਅਤੇ ਵਿਆਪਕ ਬਣਾਉਣ ਲਈ ਯੂ.ਜੀ.ਸੀ ਦੇ ਦਿਸ਼ਾ-ਨਿਰਦੇਸ਼ਾਂ ਅਤੇ ਨਿਯਮਾਂ ਅਨੁਸਾਰ ਪੋਰਟਲ ਨੂੰ ਤਿਆਰ ਕੀਤਾ ਗਿਆ ਹੈ।
ਇਸ ਮੌਕੇ ਸਕੂਲ ਆਫ਼ ਲਾਅ ਡੀਨ ਡਾ. ਜਸਪਾਲ ਸਿੰਘ ਸਕੂਲ ਆਫ਼ ਲਾਅ ਨਰਸਿੰਗ ਡੀਨ ਡਾ. ਅਮਨਪ੍ਰੀਤ ਕੌਰ, ਅੰਡਰ ਸੈਕਟਰੀ ਡੀ.ਐਸ ਰਟੌਲ, ਆਈ.ਟੀ ਟੀਮ ’ਚ ਸਾਫ਼ਟਵੇਅਰ ਡਿਵੈਲਪਰ ਮਨਦੀਪ ਕੁਮਾਰ, ਪ੍ਰੋਗਰਾਮਰ ਕਵਲਪਾਲ ਸਿੰਘ, ਪ੍ਰੀਤਮ ਸਿੰਘ ਆਦਿ ਹਾਜ਼ਰ ਸਨ।

Check Also

ਗੁਜਰਾਤ ਗੈਸ ਕੰਪਨੀ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਨੌਕਰੀਆਂ ਲਈ ਚੋਣ

ਅੰਮ੍ਰਿਤਸਰ, 9 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. …