
ਅੰਮ੍ਰਿਤਸਰ, 15 ਮਈ (ਜਗਦੀਪ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਦੇ ਸੀਨੀਅਰ ਅਧਿਕਾਰੀਆਂ, ਪ੍ਰਮੁੱਖ ਵਿੱਤੀ ਸੰਸਥਾਵਾਂ ਦੇ ਪ੍ਰਤੀਨਿਧੀਆਂ ਅਤੇ ਪੂੰਜੀ ਬਾਜ਼ਾਰ ਖੇਤਰ ਨਾਲ ਸੰਬੰਧਤ ਪ੍ਰਸਿੱਧ ਹਸਤੀਆਂ ਦੀ ਹਾਜ਼ਰੀ ਵਿੱਚ ਅੱਜ ਇੱਕ ਵਿਸਥਾਰਿਤ ਨਿਵੇਸ਼ਕ ਜਾਗਰੂਕਤਾ ਅਤੇ ਵਿੱਤੀ ਸਾਖਰਤਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ।ਪ੍ਰੋਗਰਾਮ ਦਾ ਉਦੇਸ਼ ਵਿੱਤੀ ਸਾਖਰਤਾ ਨੂੰ ਉਤਸ਼ਾਹਿਤ ਕਰਨਾ, ਨਿਵੇਸ਼ ਦੇ ਮੌਕਿਆਂ ਬਾਰੇ ਜਾਗਰੂਕਤਾ ਵਧਾਉਣਾ, ਵਿੱਤੀ ਪ੍ਰਣਾਲੀਆਂ ਵਿੱਚ ਪਾਰਦਰਸ਼ਤਾ ਨੂੰ ਮਜ਼ਬੂਤ ਕਰਨਾ ਅਤੇ ਨਿਯਮਿਤ ਵਿੱਤੀ ਬਾਜ਼ਾਰਾਂ ਵਿੱਚ ਜਾਣਕਾਰੀਪੂਰਣ ਅਤੇ ਸੁਰੱਖਿਅਤ ਭਾਗੀਦਾਰੀ ਨੂੰ ਉਤਸ਼ਾਹਿਤ ਕਰਨਾ ਸੀ।
ਅੰਮ੍ਰਿਤਸਰ ਦੇ ਮੇਅਰ ਜਤਿੰਦਰ ਸਿੰਘ ਭਾਟੀਆ, ਨਗਰ ਨਿਗਮ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਆਈ.ਏ.ਐਸ, ਵਧੀਕ ਕਮਿਸ਼ਨਰ ਜੈ ਇੰਦਰ ਸਿੰਘ ਸਮੇਤ ਕਈ ਮਾਣਯੋਗ ਹਸਤੀਆਂ ਨੇ ਸ਼ਿਰਕਤ ਕੀਤੀ।ਵਿੱਤੀ ਅਤੇ ਨਿਯਮਕ ਸੰਸਥਾਵਾਂ ਵੱਲੋਂ ਵਿਜਯੰਤ ਵਰਮਾ, ਚੀਫ਼ ਜਨਰਲ ਮੈਨੇਜਰ, ਸੇਬੀ; ਰਾਜੁਦੀਨ ਖਾਨ, ਡਿਪਟੀ ਜਨਰਲ ਮੈਨੇਜਰ; ਯਸ਼ ਗਿਆਨਾਨੀ, ਸੀ.ਆਰ.ਓ, ਐਨ.ਐਸ.ਡੀ.ਐਲ ਅਤੇ ਪਵਨ ਭਾਰਦਵਾਜ, ਚੀਫ਼ ਮੈਨੇਜਰ ਐਨ.ਐਸ.ਈ ਵੀ ਪ੍ਰੋਗਰਾਮ ਵਿੱਚ ਸ਼ਾਮਲ ਹੋਏ।
ਨਗਰ ਨਿਗਮ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਕਿਹਾ ਕਿ ਤੇਜ਼ੀ ਨਾਲ ਬਦਲ ਰਹੇ ਆਰਥਿਕ ਮਾਹੌਲ ਵਿੱਚ ਵਿੱਤੀ ਜਾਗਰੂਕਤਾ ਜਿੰਮੇਵਾਰ ਪਸ਼ਾਸਨ ਅਤੇ ਨਾਗਰਿਕ ਸਸ਼ਕਤੀਕਰਨ ਦਾ ਇੱਕ ਮਹੱਤਵਪੂਰਨ ਹਿੱਸਾ ਬਣ ਚੁੱਕੀ ਹੈ।ਸੁਰੱਖਿਅਤ ਨਿਵੇਸ਼ ਪ੍ਰਣਾਲੀਆਂ, ਡਿਜ਼ੀਟਲ ਵਿੱਤੀ ਪ੍ਰਣਾਲੀਆਂ ਅਤੇ ਨਿਯਮਕ ਸੁਰੱਖਿਆ ਉਪਾਵਾਂ ਬਾਰੇ ਜਾਣਕਾਰੀ ਨਾਗਰਿਕਾਂ ਨੂੰ ਧੋਖਾਧੜੀ ਤੋਂ ਬਚਾਉਣ ਅਤੇ ਜਿੰਮੇਵਾਰ ਵਿੱਤੀ ਯੋਜਨਾ ਬਣਾਉਣ ਲਈ ਬਹੁਤ ਜ਼ਰੂਰੀ ਹੈ।
ਮੇਅਰ ਜਤਿੰਦਰ ਸਿੰਘ ਭਾਟੀਆ ਨੇ ਇਸ ਪਹਿਲ ਦੀ ਸਰਾਹਨਾ ਕਰਦਿਆਂ ਕਿਹਾ ਕਿ ਨਾਗਰਿਕਾਂ, ਕਰਮਚਾਰੀਆਂ ਅਤੇ ਹੋਰ ਹਿੱਸੇਦਾਰਾਂ ਨੂੰ ਪਾਰਦਰਸ਼ੀ ਅਤੇ ਸੁਰੱਖਿਅਤ ਵਿੱਤੀ ਪ੍ਰਕਿਰਿਆਵਾਂ ਬਾਰੇ ਸਿੱਖਿਆ ਦੇਣਾ ਸਮੇਂ ਦੀ ਲੋੜ ਹੈ।ਅਜਿਹੇ ਪ੍ਰੋਗਰਾਮ ਇੱਕ ਵਿੱਤੀ ਤੌਰ ‘ਤੇ ਜਾਗਰੂਕ ਸਮਾਜ ਦੀ ਰਚਨਾ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ, ਜੋ ਸਮਝਦਾਰੀ ਨਾਲ ਨਿਵੇਸ਼ ਸੰਬੰਧੀ ਫ਼ੈਸਲੇ ਲੈ ਸਕੇ।
ਪ੍ਰੋਗਰਾਮ ਦੌਰਾਨ ਸੇਬੀ, ਐਨ.ਐਸ.ਡੀ.ਐਲ ਅਤੇ ਐਨ.ਐਸ.ਈ ਦੇ ਵਿਸ਼ੇਸਗਿਆਨਾਂ ਵੱਲੋਂ ਨਿਵੇਸ਼ਕ ਸੁਰੱਖਿਆ ਪ੍ਰਣਾਲੀਆਂ, ਸੁਰੱਖਿਅਤ ਨਿਵੇਸ਼ ਵਿਕਲਪਾਂ, ਡਿਜ਼ੀਟਲ ਲੈਣ-ਦੇਣ ਵਿੱਚ ਸਾਈਬਰ ਸੁਰੱਖਿਆ ਜਾਗਰੂਕਤਾ, ਵਿੱਤੀ ਧੋਖਾਧੜੀ ਤੋਂ ਬਚਾਅ, ਸ਼ਿਕਾਇਤ ਨਿਵਾਰਣ ਪ੍ਰਣਾਲੀਆਂ ਅਤੇ ਸਿਕਿਊਰਿਟੀ ਬਾਜ਼ਾਰ ਵਿੱਚ ਪਾਰਦਰਸ਼ਤਾ ਅਤੇ ਭਾਗੀਦਾਰਾਂ ਨੂੰ ਫ਼ਰਜ਼ੀ ਯੋਜਨਾਵਾਂ, ਗੈਰ-ਅਧਿਕਾਰਤ ਨਿਵੇਸ਼ ਸਲਾਹਕਾਰਾਂ ਅਤੇ ਆਨਲਾਈਨ ਵਿੱਤੀ ਠੱਗੀਆਂ ਬਾਰੇ ਜਾਗਰੂਕ ਕੀਤਾ ਗਿਆ ਅਤੇ ਨਿਵੇਸ਼ ਉਤਪਾਦਾਂ ਦੀ ਜਾਂਚ ਅਤੇ ਡਿਜ਼ੀਟਲ ਸੁਰੱਖਿਆ ਕਾਇਮ ਰੱਖਣ ਸਬੰਧੀ ਵਿਹਾਰਕ ਮਾਰਗਦਰਸ਼ਨ ਵੀ ਦਿੱਤਾ ਗਿਆ।
ਇਸ ਪ੍ਰੋਗਰਾਮ ਵਿੱਚ ਨਗਰ ਨਿਗਮ ਅੰਮ੍ਰਿਤਸਰ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਸ਼ਮੂਲੀਅਤ ਕੀਤੀ।
Punjab Post Daily Online Newspaper & Print Media