Wednesday, June 3, 2026

ਖਾਲਸਾ ਕਾਲਜ ਵਿਖੇ ‘ਇਨਕਮ ਟੈਕਸ ਅਤੇ ਜੀ.ਐਸ.ਟੀ ਰਿਟਰਨ ਦੀ ਈ-ਫਾਈਲਿੰਗ’ ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 3 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟਰੇਸ਼ਨ ਵਿਭਾਗ ਵੱਲੋਂ ਵਿਦਿਆਰਥੀਆਂ ਲਈ ‘ਇਨਕਮ ਟੈਕਸ ਅਤੇ ਜੀ.ਐਸ.ਟੀ ਰਿਟਰਨ ਦੀ ਈ-ਫਾਈਲਿੰਗ’ ਵਿਸ਼ੇ ’ਤੇ 7 ਰੋਜ਼ਾ ਵਰਕਸ਼ਾਪ ਕਰਵਾਈ ਗਈ। ਕਾਲਜ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਦੇ ਦਿਸ਼ਾ-ਨਿਰਦੇਸ਼ਾਂ ’ਤੇ ਕਰਵਾਈ ਗਈ ਵਰਕਸ਼ਾਪ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਇਨਕਮ ਟੈਕਸ ਅਤੇ ਰਿਟਰਨ ਦੀ ਈ-ਫਾਈਲਿੰਗ ਸਬੰਧੀ ਵਿਹਾਰਕ ਸਿਖਲਾਈ ਪ੍ਰਦਾਨ ਕਰਨਾ ਸੀ।ਸੀ.ਏ ਵਿਭੋਰ ਗੁਪਤਾ ਅਤੇ ਸੀ.ਏ ਸਠੀਮਤੀ ਸ਼ਿਲਪਾ ਗੁਪਤਾ ਨੇ ਮਾਹਿਰ ਵਜੋਂ ਸ਼ਿਰਕਤ ਕੀਤੀ।ਡਾ. ਰੰਧਾਵਾ ਨੇ ਕਿਹਾ ਕਿ ਟੈਕਸ ਪ੍ਰਣਾਲੀ ਦੀ ਸਮਝ ਹਰੇਕ ਵਿਅਕਤੀ ਲਈ ਬਹੁਤ ਜ਼ਰੂਰੀ ਹੈ, ਕਿਉਂਕਿ ਇਹ ਜ਼ਿੰਮੇਵਾਰ ਵਿੱਤੀ ਪ੍ਰਬੰਧਨ ’ਚ ਅਹਿਮ ਭੂਮਿਕਾ ਨਿਭਾਉਂਦੀ ਹੈ।ਉਨ੍ਹਾਂ ਕਿਹਾ ਕਿ ਵਰਕਸ਼ਾਪ ’ਚ ਵਿਭੋਰ ਗੁਪਤਾ ਸਾਲ 1969 ’ਚ ਸਥਾਪਿਤ ਹੋਈ ਜ਼ਿਲ੍ਹੇ ਦੀ ਪ੍ਰਸਿੱਧ ਚਾਰਟਰਡ ਅਕਾਊਂਟੈਂਟ ਫ਼ਰਮ ਐਮ/ਐਸ.ਐਸ ਕੁਮਾਰ ਗੁਪਤਾ ਐਂਡ ਕੰਪਨੀ ਦੇ ਸੀਨੀਅਰ ਭਾਈਵਾਲ ਹਨ। ਉਨ੍ਹਾਂ ਕੋਲ ਡਾਇਰੈਕਟ ਅਤੇ ਇਨਡਾਇਰੈਕਟ ਟੈਕਸੇਸ਼ਨ, ਆਡਿਟ ਅਤੇ ਬੈਂਕਿੰਗ ਦੇ ਖੇਤਰ ’ਚ ਲਗਭਗ 20 ਸਾਲਾਂ ਦਾ ਤਜਰਬਾ ਹੈ।
ਵਰਕਸ਼ਾਪ ਦੇ ਤਕਨੀਕੀ ਸੈਸ਼ਨਾਂ ਦਾ ਸੰਚਾਲਨ ਆਈ.ਸੀ.ਏ.ਆਈ ਵੱਲੋਂ ਰਜਿਸਟਰਡ ਕਰੀਅਰ ਕਾਊਂਸਲਰ ਅਤੇ ਟੈਕਸੇਸ਼ਨ ਮਾਹਿਰ ਸ੍ਰੀਮਤੀ ਸ਼ਿਲਪਾ ਗੁਪਤਾ ਵੱਲੋਂ ਕੀਤਾ ਗਿਆ।ਉਨ੍ਹਾਂ ਵਿਦਿਆਰਥੀਆਂ ਨੂੰ ਆਈ.ਟੀ.ਆਰ-1, ਆਈ.ਟੀ.ਆਰ-2, ਟੀ.ਡੀ.ਐਸ, ਫਾਰਮ-93, 94, 95 ਅਤੇ 96, ਪੈਨ ਸੀ.ਆਰ-01, ਪੈਨ ਸੀ.ਆਰ-02 ਅਤੇ ਪੇ-ਰੋਲ ਪ੍ਰਕਿਰਿਆ ਆਦਿ ਸਬੰਧੀ ਵਿਹਾਰਕ ਜਾਣਕਾਰੀ ਪ੍ਰਦਾਨ ਕੀਤੀ।
ਇਸ ਤੋਂ ਪਹਿਲਾਂ ਉਦਘਾਟਨੀ ਸੈਸ਼ਨ ਦੌਰਾਨ ਵਰਕਸ਼ਾਪ ਕੋਆਰਡੀਨੇਟਰ ਡਾ. ਦੀਪਕ ਦੇਵਗਨ ਨੇ ਸਰੋਤ ਵਿਅਕਤੀਆਂ ਦਾ ਸਵਾਗਤ ਕਰਨ ਉਪਰੰਤ ਨਾਲ ਜਾਣ-ਪਛਾਣ ਕਰਵਾਈ।ਉਨ੍ਹਾਂ ਕਿਹਾ ਕਿ ਇਹ ਵਰਕਸ਼ਾਪ ਪ੍ਰਿੰ: ਡਾ. ਰੰਧਾਵਾ, ਵਿਭਾਗ ਮੁਖੀ ਡਾ. ਸਵਰਾਜ ਕੌਰ ਦੀ ਅਗਵਾਈ ਹੇਠ ਆਯੋਜਿਤ ਕੀਤੀ ਗਈ।ਉਨ੍ਹਾਂ ਕਿਹਾ ਕਿ ਇਸ ’ਚ ਪ੍ਰੋ. ਰੀਮਾ ਸਚਦੇਵਾ, ਡਾ. ਨਵਪ੍ਰੀਤ ਕੌਰ ਅਤੇ ਪ੍ਰੋ. ਮਹਿਕਦੀਪ ਕੌਰ ਨੇ ਸਹਿ-ਕੋਆਰਡੀਨੇਟਰਾਂ ਵਜੋਂ ਸਹਿਯੋਗ ਦਿੱਤਾ।ਪ੍ਰੋ. ਮਹਿਕਦੀਪ ਕੌਰ ਨੇ ਧੰਨਵਾਦ ਕੀਤਾ।ਇਸ ਵਰਕਸ਼ਾਪ ’ਚ ਵਿਭਾਗ ਦੇ ਲਗਭਗ 200 ਵਿਦਿਆਰਥੀਆਂ ਨੇ ਹਿੱਸਾ ਲਿਆ।
ਇਸ ਮੌਕੇ ਡਾ. ਪੂਨਮ ਸ਼ਰਮਾ ਵੀ ਹਾਜ਼ਰ ਸਨ।

 

 

Check Also

ਵਿਧਾਇਕ ਡਾ. ਅਜੇ ਗੁਪਤਾ ਨੇ ਕੱਚੀਆਂ ਗਲੀਆਂ ਵਿੱਚ ਸੀਵਰੇਜ ਅਤੇ ਕੰਕਰੀਟ ਪਾਉਣ ਦਾ ਉਦਘਾਟਨ

ਅੰਮ੍ਰਿਤਸਰ, 2 ਜੂਨ (ਸੁਖਬੀਰ ਸਿੰਘ) – ਕੇਂਦਰੀ ਵਿਧਾਨ ਸਭਾ ਹਲਕੇ ਦੇ ਵਿਧਾਇਕ ਡਾ. ਅਜੇ ਗੁਪਤਾ …