ਵਿਸ਼ਵ ਮੰਚ ’ਤੇ ਸਿੱਖ ਨੈਤਿਕ ਚਿੰਤਨ ਦੀ ਮਜ਼ਬੂਤ ਹਾਜ਼ਰੀ
ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਸਿੱਖ ਪੰਥ ਸਮੇਤ ਸਾਰੇ ਦੇਸ਼ ਲਈ ਮਾਣ ਵਾਲੀ ਗੱਲ ਹੈ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਪ੍ਰੋ. ਕਰਮਜੀਤ ਸਿੰਘ ਨੇ ਸਵਿਟਜ਼ਰਲੈਂਡ ਦੇ ਜਨੀਵਾ ਵਿਖੇ ਸੰਯੁਕਤ ਰਾਜ਼ਟਰ ਦਫ਼ਤਰ ਵਿੱਚ ਕਰਵਾਏ ਗਏ ਆਰਟੀਫਿਸ਼ੀਅਲ ਇੰਟੈਲੀਜੈਂਸ, ਸੁਰੱਖਿਆ ਅਤੇ ਨੈਤਿਕਤਾ ਵਿਸ਼ੇ ’ਤੇ ਅੰਤਰ-ਧਰਮ ਸੰਵਾਦ ਵਿੱਚ ਸਿੱਖ ਧਰਮ ਦੀ ਨੁਮਾਇੰਦਗੀ ਕਰਦਿਆਂ ਵਿਸ਼ੇਸ਼ ਵਕਤਾ ਵਜੋਂ ਸ਼ਿਰਕਤ ਕੀਤੀ।
ਇਹ ਸੰਵਾਦ ਸੰਯੁਕਤ ਰਾਸ਼ਟਰ ਨਿਰਸ਼ਸ਼ਤਰੀਕਰਨ ਖੋਜ਼ ਸੰਸਥਾ (ਯੂ.ਐਨ.ਆਈ.ਡੀ.ਆਈ.ਆਰ) ਵੱਲੋਂ ਆਰਟੀਫਿਸ਼ੀਅਲ ਇੰਟੈਲੀਜੈਂਸ, ਸੁਰੱਖਿਆ ਅਤੇ ਨੈਤਿਕਤਾ ਬਾਰੇ ਹੋਣ ਵਾਲੀ ਵਿਸ਼ਵ ਕਾਨਫ਼ਰੰਸ ਤੋਂ ਪਹਿਲਾਂ ਆਯੋਜਿਤ ਕੀਤਾ ਗਿਆ।ਇਸ ਵਿੱਚ ਦੁਨੀਆਂ ਦੀਆਂ ਪ੍ਰਮੁੱਖ ਧਾਰਮਿਕ ਪਰੰਪਰਾਵਾਂ-ਵੇਦਾਂਤ, ਬੌਧ, ਸਿੱਖ, ਇਸਾਈ, ਯਹੂਦੀ ਅਤੇ ਇਸਲਾਮਿਕ ਪਰੰਪਰਾਵਾਂ-ਦੇ ਪ੍ਰਤੀਨਿਧੀਆਂ ਨੇ ਭਾਗ ਲਿਆ।ਮੰਨਿਆ ਜਾ ਰਿਹਾ ਹੈ ਕਿ ਪ੍ਰੋ. ਕਰਮਜੀਤ ਸਿੰਘ ਪਹਿਲੇ ਸਿੱਖ ਪ੍ਰਤੀਨਿਧੀ ਹਨ, ਜਿਨ੍ਹਾਂ ਨੂੰ ਆਰਟੀਫਿਸ਼ੀਅਲ ਇੰਟੈਲੀਜੈਂਸ, ਸੁਰੱਖਿਆ ਅਤੇ ਨੈਤਿਕਤਾ ਕੇਂਦਰਿਤ ਸੰਯੁਕਤ ਰਾਸ਼ਟਰ ਦੇ ਅੰਤਰ-ਧਾਰਮਿਕ ਸੰਵਾਦ ਵਿੱਚ ਸੰਬੋਧਨ ਲਈ ਸੱਦਾ ਦਿੱਤਾ ਗਿਆ।
ਸੈਸ਼ਨ ਦਾ ਉਦਘਾਟਨ ਯੂ.ਐਨ.ਆਈ.ਡੀ.ਆਈ.ਆਰ ਦੇ ਡਾਇਰੈਕਟਰ ਡਾ. ਰੋਬਿਨ ਗੀਸ ਅਤੇ ਸੰਯੁਕਤ ਰਾਸ਼ਟਰ ਲਈ ਹੋਲੀ ਸੀ ਦੇ ਸਥਾਈ ਨਿਗਰਾਨ ਆਰਚਬਿਸ਼ਪ ਏਤੋਰੇ ਬਾਲੇਸਤਰੇਰੋ ਨੇ ਕੀਤਾ।ਸੰਵਾਦ ਦਾ ਸੰਚਾਲਨ ਏ.ਆਈ ਖੋਜ਼ਕਾਰ ਡਾ. ਯਾਸਮਿਨ ਅਫੀਨਾ ਨੇ ਕੀਤਾ।
ਪ੍ਰੋ. ਕਰਮਜੀਤ ਸਿੰਘ ਨੇ ਆਪਣੇ ਸੰਬੋਧਨ ਦੀ ਸ਼ੁਰੂਆਤ “ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ” ਨਾਲ ਕੀਤੀ ਅਤੇ ਅੰਮ੍ਰਿਤਸਰ-ਸਿੱਖ ਧਰਮ ਦੇ ਆਧਿਆਤਮਿਕ ਕੇਂਦਰ-ਵੱਲੋਂ ਵਿਸ਼ੇਸ਼ ਸੰਦੇਸ਼ ਦਿੱਤਾ।ਉਨ੍ਹਾਂ ਕਿਹਾ ਕਿ ਸਿੱਖ ਅਰਦਾਸ ਦੇ ਅੰਤ ਵਿੱਚ ਆਉਣ ਵਾਲਾ “ਸਰਬੱਤ ਦਾ ਭਲਾ” ਸਿਰਫ਼ ਪ੍ਰਾਰਥਨਾ ਨਹੀਂ, ਸਗੋਂ ਮਨੁੱਖਤਾ ਲਈ ਇੱਕ ਵਿਸ਼ਵ ਨੈਤਿਕ ਦ੍ਰਿਸ਼ਟੀ ਹੈ, ਜੋ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਸਹੀ ਵਿਕਾਸ ਨੂੰ ਦਿਸ਼ਾ ਦੇ ਸਕਦੀ ਹੈ।
ਉਨ੍ਹਾਂ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ 1705 ਵਿੱਚ ਲਿਖੇ ਜ਼ਫਰਨਾਮੇ ਦਾ ਹਵਾਲਾ ਦਿੰਦਿਆਂ ਕਿਹਾ ਕਿ ਨੈਤਿਕ ਅਗਵਾਈ ਲਈ ਜ਼ਮੀਰ, ਜਵਾਬਦੇਹੀ ਅਤੇ ਨੈਤਿਕ ਸਾਹਸ ਬਹੁਤ ਜ਼ਰੂਰੀ ਹਨ।ਉਨ੍ਹਾਂ ਜ਼ਫਰਨਾਮੇ ਨੂੰ ਅਨਿਆਂ ਦੇ ਵਿਰੁੱਧ ਸਿਰਫ਼ ਵਿਰੋਧ ਨਹੀਂ, ਸਗੋਂ ਜ਼ਿੰਮੇਵਾਰ ਲੀਡਰਸ਼ਿਪ ਦਾ ਸਦੀਵੀ ਮਾਰਗਦਰਸ਼ਕ ਕਰਾਰ ਦਿੱਤਾ।
ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਠੀਕ ਦਿਸ਼ਾ ਲਈ ਉਨ੍ਹਾਂ ਪੰਜ਼ ਮੂਲ ਸਿਧਾਂਤ ਪੇਸ਼ ਕੀਤੇ ਜਿਨ੍ਹਾਂ ਵਿੱਚ –
ਨਿਰਭਉ, ਨਿਰਵੈਰ : ਤਕਨਾਲੋਜੀ ਡਰ ਜਾਂ ਵੈਰ-ਭਾਵ ਨਾਲ ਪ੍ਰੇਰਿਤ ਨਾ ਹੋਵੇ।
ਕਿਰਤ ਕਰੋ : ਕਾਰਜਸ਼ੈਲੀ ਇਮਾਨਦਾਰੀ ਅਤੇ ਜ਼ਿੰਮੇਵਾਰੀ ’ਤੇ ਆਧਾਰਿਤ ਹੋਵੇ।
ਵੰਡ ਛਕੋ : ਤਕਨਾਲੋਜੀ ਦੇ ਲਾਭ ਕੁੱਝ ਹੱਥਾਂ ਤੱਕ ਸੀਮਿਤ ਨਾ ਰਹਿਣ।
ਸੇਵਾ : ਤਕਨਾਲੋਜੀ ਮਨੁੱਖਤਾ, ਮਰਯਾਦਾ ਅਤੇ ਅਮਨ ਦੀ ਸੇਵਾ ਕਰੇ।
ਸੰਗਤ ਅਤੇ ਪੰਗਤ : ਸ਼ਾਸਨ-ਪ੍ਰਣਾਲੀ ਸਭ ਨੂੰ ਨਾਲ ਲੈ ਕੇ ਚੱਲੇ ਅਤੇ ਸਭ ਦੇ ਵਿਕਾਸ ਦੀ ਫਿਕਰ ਕਰੇ।
ਉਨ੍ਹਾਂ ਵਿਸ਼ਵ ਪੱਧਰ ’ਤੇ ਤਿੰਨ ਮੁੱਖ ਪ੍ਰਾਥਮਿਕਤਾਵਾਂ ਦਾ ਵੀ ਸੁਝਾਅ ਪੇਸ਼ ਕੀਤਾ ਜਿਨਾਂ ਵਿੱਚ ਯੁੱਧ ਅਤੇ ਸੁਰੱਖਿਆ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਉੱਤੇ ਜਵਾਬਦੇਹ ਮਨੁੱਖੀ ਨਿਯੰਤਰਣ, ਉੱਚ-ਖਤਰੇ ਵਾਲੇ ਤੰਤਰਾਂ ਦਾ ਮਨੁੱਖੀ ਮਰਯਾਦਾ ਦੇ ਆਧਾਰ ’ਤੇ ਮੁਲਾਂਕਣ, ਅਤੇ ਸਭ ਦਾ ਵਿਕਾਸ ਵਾਲੇ ਵਿਸ਼ਵ ਪੱਧਰੀ ਢਾਂਚੇ ਦੀ ਰਚਨਾ ਸ਼ਾਮਿਲ ਸਨ।
ਪ੍ਰੋ. ਕਰਮਜੀਤ ਸਿੰਘ ਦੀ ਇਸ ਵੱਕਾਰੀ ਸੰਯੁਕਤ ਰਾਸ਼ਟਰ ਸੰਵਾਦ ਵਿੱਚ ਭਾਗੀਦਾਰੀ ਨੇ ਉਭਰਦੀਆਂ ਤਕਨਾਲੋਜੀਆਂ, ਅਮਨ, ਸੁਰੱਖਿਆ ਅਤੇ ਮਨੁੱਖੀ ਭਲਾਈ ਸਬੰਧੀ ਵਿਸ਼ਵ ਚਰਚਾਵਾਂ ਵਿੱਚ ਸਿੱਖ ਨੈਤਿਕ ਚਿੰਤਨ ਦੀ ਵਧਦੀ ਮਹੱਤਤਾ ਨੂੰ ਮਜ਼ਬੂਤੀ ਨਾਲ ਪੇਸ਼ ਕੀਤਾ।
Punjab Post Daily Online Newspaper & Print Media