ਅੰਮ੍ਰਿਤਸਰ, 22 (ਸੁਖਬੀਰ ਸਿੰਘ ਖੁਰਮਣੀਆਂ) ¸- ਖ਼ਾਲਸਾ ਕਾਲਜ ਆਫ਼ ਨਰਸਿੰਗ ਵੱਲੋਂ ਲੋਕਾਂ ‘ਚ ਅੰਗ ਦਾਨ ਸਬੰਧੀ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼
ਨਾਲ ਐਟਲਾਂਟਿਸ ਹਸਪਤਾਲ ਵਿਖੇ ਅੰਤਰਰਾਸ਼ਟਰੀ ਅੰਗ ਦਾਨ ਦਿਵਸ ਮਨਾਇਆ ਗਿਆ।ਕਾਲਜ ਪ੍ਰਿੰਸੀਪਲ ਡਾ. ਅਮਨਪ੍ਰੀਤ ਕੌਰ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਮਨਾਇਆ ਗਿਆ ਉਕਤ ਦਿਵਸ ‘ਡਰ ਤੋਂ ਉਮੀਦ ਵੱਲ: ਅੰਗਦਾਨ ਰਾਹੀਂ ਜੀਵਨ ਦੀ ਰੱਖਿਆ’ ਵਿਸ਼ੇ ‘ਤੇ ਅਧਾਰਿਤ ਸੀ।
ਪ੍ਰਿੰ: ਡਾ. ਅਮਨਪ੍ਰੀਤ ਕੌਰ ਨੇ ਦੱਸਿਆ ਕਿ ਉਕਤ ਪ੍ਰੋਗਰਾਮ ਮੈਡੀਕਲ-ਸਰਜੀਕਲ ਨਰਸਿੰਗ ਵਿਭਾਗ ਦੀ ਐਸੋਸੀਏਟ ਪ੍ਰੋਫੈਸਰ ਡਾ. ਤਰਨਦੀਪ ਕੌਰ, ਅਸਿਸਟੈਂਟ ਪ੍ਰੋਫੈਸਰ ਵੰਦਨਾ ਅਤੇ ਨਰਸਿੰਗ ਟਿਊਟਰ ਦੀਪਤੀ ਸ਼ਰਮਾ ਦੀ ਅਗਵਾਈ ਹੇਠ ਕਰਵਾਇਆ ਗਿਆ।ਉਨ੍ਹਾਂ ਕਿਹਾ ਕਿ ਇਸ ਮੌਕੇ ਕਾਲਜ ਵਿਦਿਆਰਥੀਆਂ ਵੱਲੋਂ ਹਸਪਤਾਲ ਵਿਖੇ ਸਮੂਹ ਪ੍ਰਸ਼ਾਸਨਿਕ ਸਟਾਫ਼ ਦੀ ਮੌਜੂਦਗੀ ‘ਚ ਅੰਗਦਾਨ ਸਬੰਧੀ ਸਿਹਤ ਸਿੱਖਿਆ ਪ੍ਰਦਾਨ ਕੀਤੀ ਗਈ। ਵਿਦਿਆਰਥੀਆਂ ਨੇ ਅੰਗਦਾਨ ਨਾਲ ਸਬੰਧਿਤ ਮਹੱਤਵਪੂਰਨ ਜਾਣਕਾਰੀ ਦਰਸਾਉਂਦੇ ਚਾਰਟ ਵੀ ਪ੍ਰਦਰਸ਼ਿਤ ਕੀਤੇ।
ਪ੍ਰਿੰ: ਡਾ. ਅਮਨਪ੍ਰੀਤ ਕੌਰ ਨੇ ਕਿਹਾ ਕਿ ਓ.ਪੀ.ਡੀ ‘ਚ ਆਏ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਸਮੇਤ ਲਗਭਗ 100 ਵਿਅਕਤੀਆਂ ਨੂੰ ਅੰਗਦਾਨ ਸਬੰਧੀ ਵਿਸਥਾਰਪੂਰਵਕ ਸਿਹਤ ਸਿੱਖਿਆ ਪ੍ਰਦਾਨ ਕੀਤੀ ਗਈ।ਡਾ. ਤਰਨਦੀਪ ਕੌਰ, ਵੰਦਨਾ ਅਤੇ ਦੀਪਤੀ ਸ਼ਰਮਾ ਨੇ ਅੰਗਦਾਨ ਦੇ ਮਹੱਤਵ ਅਤੇ ਪ੍ਰੋਗਰਾਮ ਦੇ ਵਿਸ਼ੇ ਸਬੰਧੀ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ ਅਤੇ ਆਮ ਲੋਕਾਂ ਨੂੰ ਅੰਗਦਾਨ ਲਈ ਪ੍ਰੇਰਿਤ ਕੀਤਾ।ਉਨ੍ਹਾਂ ਕਿਹਾ ਕਿ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੇ ਹਾਜ਼ਰੀਨ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਦਿੱਤੇ ਅਤੇ ਅੰਗਦਾਨ ਅਤੇ ਮੈਡੀਕਲ ਦੇਖਭਾਲ ਨਾਲ ਸਬੰਧਿਤ ਗਲਤ ਧਾਰਨਾਵਾਂ ਨੂੰ ਦੂਰ ਕਰਨ ਲਈ ਤੱਥਪੂਰਨ ਜਾਣਕਾਰੀ ਸਾਂਝੀ ਕੀਤੀ।
ਇਸ ਮੌਕੇ ਡਾ. ਕੁਲਦੀਪ ਸ਼ਰਮਾ (ਐਗਜ਼ੀਕਿਊਟਿਵ ਡਾਇਰੈਕਟਰ), ਡਾ. ਵਿਨੋਦ ਸ਼ਰਮਾ (ਹੈੱਡ ਐਡਮਿਨਿਸਟਰੇਟਰ), ਡਾ. ਵੀਰੂ ਅਤੇ ਡਾ. ਰਣਜੀਤ ਕੌਰ (ਮੈਡੀਕਲ ਸੁਪਰਡੈਂਟ) ਨੇ ਜਾਗਰੂਕਤਾ ਮੁਹਿੰਮ ‘ਚ ਵਿਦਿਆਰਥੀਆਂ ਦੁਆਰਾ ਵਿਖਾਏ ਗਏ ਉਤਸ਼ਾਹ ਅਤੇ ਜੋਸ਼ ਦੀ ਸ਼ਲਾਘਾ ਕੀਤੀ।ਉਨ੍ਹਾਂ ਨੇ ਵਿਦਿਆਰਥੀਆਂ ਦੀ ਮਿਹਨਤ, ਸਮਰਪਣ ਅਤੇ ਹਸਪਤਾਲ ਦੇ ਸਟਾਫ਼ ਨਾਲ ਸਹਿਯੋਗ ਨੇ ਅੰਗ ਦਾਨ ਸਬੰਧੀ ਲੋਕਾਂ ‘ਚ ਜਾਗਰੂਕਤਾ ਵਧਾਉਣ ਲਈ ਅਹਿਮ ਭੂਮਿਕਾ ਨਿਭਾਈ।
Check Also
ਰਿੰਟੂ ਵਲੋਂ ਪੰਚਾਇਤ ਗੁਮਟਾਲਾ ਕਲੋਨੀ ਵਿੱਚ ਨਵੀਆਂ ਗਲੀਆਂ ਦੇ ਨਿਰਮਾਣ ਦਾ ਉਦਘਾਟਨ
ਅੰਮ੍ਰਿਤਸਰ, 22 ਅਗਸਤ (ਜਗਸੀਪ ਸਿੰਘ) — ਆਮ ਆਦਮੀ ਪਾਰਟੀ ਦੇ ਉੱਤਰੀ ਵਿਧਾਨ ਸਭਾ ਹਲਕੇ ਦੇ …
Punjab Post Daily Online Newspaper & Print Media