Wednesday, August 26, 2026

ਖਾਲਸਾ ਯੂਨੀਵਰਸਿਟੀ ਵੱਲੋਂ  ‘ਕਲਾ ਥਰੈਪੀ ਰਾਹੀਂ ਮਾਨਸਿਕ ਇਲਾਜ’  ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ

ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) -¸ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵੱਲੋਂ ‘ਕਲਾ ਥਰੈਪੀ ਰਾਹੀਂ ਮਾਨਸਿਕ ਇਲਾਜ’ ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ ਕਰਵਾਈ ਗਈ। ਸਾਈਕੋਲੋਜੀ ਕਲੱਬ ਅਤੇ ਕੋਪ ਕਲੱਬ ਦੇ ਸਹਿਯੋਗ ਨਾਲ ਕਰਵਾਈ ਗਈ ਉਕਤ ਵਰਕਸ਼ਾਪ ਦੌਰਾਨ ਖ਼ਾਲਸਾ ‘ਵਰਸਿਟੀ ਦੇ ਉਪ ਕੁਲਪਤੀ ਡਾ. ਮਹਿਲ ਸਿੰਘ, ਅਕਾਦਮਿਕ ਮਾਮਲੇ ਡੀਨ ਡਾ. ਸੁਰਿੰਦਰ ਕੌਰ ਅਤੇ ਰਿਸਰਚ ਡੀਨ ਡਾ. ਆਰ.ਕੇ ਧਵਨ ਨੇ ਸ਼ਿਰਕਤ ਕੀਤੀ।ਇਸ ਵਰਕਸ਼ਾਪ ਦਾ ਮੁੱਖ ਉਦੇਸ਼ ਆਰਟ ਥੈਰੇਪੀ, ਧਿਆਨ ਅਤੇ ਮਨੋਵਿਗਿਆਨਕ ਗਤੀਵਿਧੀਆਂ ਰਾਹੀਂ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਦੀ ਮਾਨਸਿਕ ਸਿਹਤ ਅਤੇ ਭਾਵਨਾਤਮਕ ਤੰਦਰੁਸਤੀ ਨੂੰ ਉਤਸ਼ਾਹਿਤ ਕਰਨਾ ਸੀ।
ਇਸ ਵਰਕਸ਼ਾਪ ਦੇ ਪਹਿਲੇ ਦਿਨ ਡਾ. ਸੁਰਿੰਦਰ ਕੌਰ ਅਤੇ ਖਾਲਸਾ ਕਾਲਜ ਵੂਮੈਨ ਸਮਾਜਿਕ ਵਿਗਿਆਨ ਵਿਭਾਗ ਦੇ ਮੁੱਖੀ ਡਾ. ਜਸਵਿੰਦਰ ਸਿੰਘ ਨੇ ਹਾਜ਼ਰ ਹੋਏ।ਡਾ. ਸੁਰਿੰਦਰ ਕੌਰ ਨੇ ਫੈਕਲਟੀ ਅਤੇ ਵਿਦਿਆਰਥੀਆਂ ਨੂੰ ਸਮਰਪਣ, ਇਮਾਨਦਾਰੀ ਅਤੇ ਵਚਨਬੱਧਤਾ ਨਾਲ ਕੰਮ ਕਰਨ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਮਾਨਸਿਕ ਅਤੇ ਭਾਵਨਾਤਮਕ ਸਿਹਤ ਨੂੰ ਵੀ ਜੀਵਨ ‘ਚ ਬਰਾਬਰ ਮਹੱਤਵ ਦਿੱਤਾ ਜਾਣਾ ਚਾਹੀਦਾ ਹੈ।ਜਦਕਿ ਸਮਾਗਮ ਦੀ ਕੋਆਰਡੀਨੇਟਰ ਡਾ. ਪੁਨੀਤ ਕੌਰ ਨੇ ‘ਭਾਵਨਾਵਾਂ ਦਾ ਮਨੋਵਿਗਿਆਨ’ (ਸਾਈਕੋਲੋਜੀ ਆਫ਼ ਇਮੋਸ਼ਨਜ਼) ਵਿਸ਼ੇ ‘ਤੇ ਜਾਣਕਾਰੀ ਭਰਪੂਰ ਲੈਕਚਰ ਦਿੱਤਾ।ਇਸ ਤੋਂ ਇਲਾਵਾ ਮਨੋਵਿਗਿਆਨ ਵਿਭਾਗ ਵੱਲੋਂ ਕਈ ਗਿਆਨਾਤਮਕ ਗਤੀਵਿਧੀਆਂ ਕਰਵਾਈਆਂ ਗਈਆਂ, ਜਿਨ੍ਹਾਂ ਰਾਹੀਂ ਸਿਹਤਮੰਦ ਮਨੋਵਿਗਿਆਨਕ ਕਾਰਜਪ੍ਰਣਾਲੀ ਲਈ ਭਾਵਨਾਵਾਂ ਨੂੰ ਸਮਝਣ ਅਤੇ ਉਨ੍ਹਾਂ ਦਾ ਸਹੀ ਢੰਗ ਨਾਲ ਪ੍ਰਬੰਧਨ ਕਰਨ ਦੀ ਮਹੱਤਤਾ ‘ਤੇ ਚਾਨਣਾ ਪਾਇਆ ਗਿਆ।
ਇਸ ਵਰਕਸ਼ਾਪ ਦੇ ਦੂਸਰੇ ਦਿਨ ਡਾ. ਮਹਿਲ ਸਿੰਘ ਅਤੇ ਡਾ. ਧਵਨ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ, ਜਿਨ੍ਹਾਂ ਦਾ ਡਾ. ਸੁਰਿੰਦਰ ਕੌਰ ਵੱਲੋਂ ਸਵਾਗਤ ਕੀਤਾ ਗਿਆ।ਡਾ. ਮਹਿਲ ਸਿੰਘ ਨੇ ਮਨੋਵਿਗਿਆਨ ਵਿਭਾਗ ਦੇ ਸਮਰਪਿਤ ਯਤਨਾਂ ਦੀ ਸ਼ਲਾਘਾ ਕਰਦਿਆਂ ਫੈਕਲਟੀ ਤੇ ਵਿਦਿਆਰਥੀਆਂ ਨੂੰ ਕੈਂਪਸ ‘ਚ ਮਨੋਵਿਗਿਆਨਕ ਤੰਦਰੁਸਤੀ ਨੂੰ ਉਤਸ਼ਾਹਿਤ ਕਰਨ ਲਈ ਆਪਣੇ ਉਪਰਾਲੇ ਜਾਰੀ ਰੱਖਣ ਲਈ ਪ੍ਰੇਰਿਤ ਕੀਤਾ।ਉਨ੍ਹਾਂ ਨੇ ਕੋਪ ਕਲੱਬ ਦੇ ਵਿਦਿਆਰਥੀਆਂ ਨੂੰ ਕਾਊਂਸਲਿੰਗ ਸਬੰਧੀ ਸਰਟੀਫਿਕੇਟ ਵੀ ਪ੍ਰਦਾਨ ਕੀਤੇ, ਜੋ ਐਮ ਪਾਵਰ ਅਤੇ ਆਦਿਤਿਆ ਬਿਰਲਾ ਐਜੂਕੇਸ਼ਨ ਟਰੱਸਟ ਦੇ ਸਹਿਯੋਗ ਨਾਲ ਜਾਰੀ ਕੀਤੇ ਗਏ ਸਨ।ਇਨ੍ਹਾਂ ਸਰਟੀਫਿਕੇਟਾਂ ਰਾਹੀਂ ਮਨੋਵਿਗਿਆਨਕ ਸਹਾਇਤਾ ਦੇ ਖੇਤਰ ‘ਚ ਵਿਦਿਆਰਥੀਆਂ ਦੀ ਸਿਖਲਾਈ ਅਤੇ ਯਤਨਾਂ ਨੂੰ ਮਾਨਤਾ ਦਿੱਤੀ ਗਈ।
ਇਸ ਦੌਰਾਨ ਡਾ. ਮਹਿਲ ਸਿੰਘ ਨੇ ਡਾ. ਸੁਰਿੰਦਰ ਕੌਰ, ਡਾ. ਧਵਨ ਨਾਲ ਮਿਲ ਕੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵਿਖੇ ਸਾਈਕੋਲੋਜੀਕਲ ਗਾਈਡੈਂਸ ਐਂਡ ਕਾਊਂਸਲਿੰਗ ਸੈਲ ਦਾ ਉਦਘਾਟਨ ਵੀ ਕੀਤਾ, ਜਿਸ ਦਾ ਮਕਸਦ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਨੂੰ ਆਸਾਨੀ ਨਾਲ ਮਨੋਵਿਗਿਆਨਕ ਮਾਰਗਦਰਸ਼ਨ ਅਤੇ ਕਾਊਂਸਲਿੰਗ ਸੇਵਾਵਾਂ ਪ੍ਰਦਾਨ ਕਰਨਾ ਹੈ।ਡਾ. ਸੁਰਿੰਦਰ ਕੌਰ ਨੇ ਕਿਹਾ ਕਿ ਉਕਤ ਪਹਿਲ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਦੀ ‘ਵਰਸਿਟੀ ‘ਚ ਇਕ ਸਹਿਯੋਗੀ, ਸਮਾਵੇਸ਼ੀ ਅਤੇ ਮਾਨਸਿਕ ਤੌਰ ‘ਤੇ ਸਿਹਤਮੰਦ ਅਕਾਦਮਿਕ ਮਾਹੌਲ ਸਿਰਜਣ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦੀ ਹੈ।
ਇਸ ਦੌਰਾਨ ਡਾ. ਪੁਨੀਤ ਕੌਰ ਨੇ ਯੂਨੀਵਰਸਿਟੀ ਵਿਖੇ ਸਫਲਤਾਪੂਰਵਕ ਚਲਾਏ ਜਾ ਰਹੇ ਵੱਖ-ਵੱਖ ਮਨੋਵਿਗਿਆਨ ਕੋਰਸਾਂ ਸਬੰਧੀ ਜਾਣਕਾਰੀ ਦਿੱਤੀ।

Check Also

ਖ਼ਾਲਸਾ ਕਾਲਜ ਵਿਖੇ ਸੰਗੀਤ ਥੈਰੇਪੀ ਅਤੇ ਕੈਂਸਰ ਰੇਡੀਏਸ਼ਨ ‘ਤੇ ਲੈਕਚਰ ਕਰਵਾਇਆ

ਅੰਮ੍ਰਿਤਸਰ, 25 ਅਗਸਤ (ਸੁਖਬੀਰ ਸਿੰਘ ਖੂਰਮਣੀਆਂ)¸- ਖ਼ਾਲਸਾ ਕਾਲਜ ਦੇ ਸੰਗੀਤ ਵਿਭਾਗ ਵੱਲੋਂ ‘ਕੈਂਸਰ ਰੇਡੀਏਸ਼ਨ ‘ਤੇ …