ਵਿਵਾਦਤ ਜ਼ਮੀਨ `ਤੇ ਬਣੀ ਨਵੀਂ ਦੁਕਾਨ ਸੀਲ, ਕਰੋੜਾਂ ਦੀ ਜ਼ਮੀਨ ਵੇਚਣ ਦੀ ਜਾਂਚ ਸ਼ੁਰੂ
ਅੰਮ੍ਰਿਤਸਰ, 4 ਸਤੰਬਰ (ਜਗਦੀਪ ਸਿੰਘ) – ਨਜਾਇਜ਼ ਕਬਜ਼ਿਆਂ ਖਿਲਾਫ਼ ਵਿੱਢੀ ਗਈ ਵੱਡੀ ਮੁਹਿੰਮ ਤਹਿਤ ਨਗਰ ਨਿਗਮ ਅੰਮ੍ਰਿਤਸਰ ਦੇ ਅਸਟੇਟ ਵਿਭਾਗ ਨੇ ਅੱਜ ਕੰਪਨੀ ਬਾਗ ਦੇ ਸਾਹਮਣੇ
ਸਥਿਤ ਲਗਭਗ 1,000 ਵਰਗ ਗਜ਼ ਦੀ ਵਿਵਾਦਤ ਕੀਮਤੀ ਜ਼ਮੀਨ `ਤੇ ਬਣਾਈ ਗਈ ਇੱਕ ਨਵੀਂ ਦੁਕਾਨ ਨੂੰ ਸੀਲ ਕਰ ਦਿੱਤਾ।
ਇਹ ਕਾਰਵਾਈ ਨਗਰ ਨਿਗਮ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿਲ ਅਤੇ ਵਧੀਕ ਕਮਿਸ਼ਨਰ ਡਾ. ਜੈ ਇੰਦਰ ਸਿੰਘ ਦੇ ਸਖ਼ਤ ਨਿਰਦੇਸ਼ਾਂ ਹੇਠ ਕੀਤੀ ਗਈ।ਸੀਲਿੰਗ ਦੀ ਕਾਰਵਾਈ ਸੈਕਟਰੀ-ਕਮ-ਅਸਟੇਟ ਅਫ਼ਸਰ ਸੁਸ਼ਾਂਤ ਭਾਟੀਆ ਦੀ ਦੇਖ-ਰੇਖ ਹੇਠ ਹੋਈ, ਜਿਸ ਵਿੱਚ ਟੀਮ ਮੈਂਬਰ ਇੰਸਪੈਕਟਰ ਪ੍ਰੀਤੀ ਚੌਹਾਨ, ਇੰਸਪੈਕਟਰ ਅਮਨ ਕੁਮਾਰ, ਪ੍ਰਣਵ ਬੱਬਾ ਅਤੇ ਮਹਿਤਾ ਸ਼ਾਮਲ ਸਨ।
ਕਬਜ਼ਾਧਾਰੀਆਂ ਨੂੰ ਵਿਵਾਦਤ ਜਾਇਦਾਦ ਬਾਰੇ ਪਹਿਲਾਂ ਵੀ ਚੇਤਾਵਨੀ ਦਿੱਤੀ ਗਈ ਸੀ।ਇਸ ਦੇ ਬਾਵਜ਼ੂਦ ਉਨ੍ਹਾਂ ਨੇ ਉਸ ਥਾਂ `ਤੇ ਦੁਕਾਨ ਬਣਾ ਕੇ ਕਿਰਾਏ `ਤੇ ਦੇ ਦਿੱਤੀ।ਤੁਰੰਤ ਕਾਰਵਾਈ ਕਰਦਿਆਂ ਅੱਜ ਨਿਗਮ ਦੀ ਟੀਮ ਨੇ ਕੰਪਨੀ ਬਾਗ ਦੇ ਸਾਹਮਣੇ ਮੌਕੇ `ਤੇ ਪਹੁੰਚ ਕੇ ਗੈਰ-ਕਾਨੂੰਨੀ ਉਸਾਰੀ ਨੂੰ ਸੀਲ ਕਰ ਦਿੱਤਾ।
ਸੈਕਟਰੀ-ਕਮ-ਅਸਟੇਟ ਅਫ਼ਸਰ ਸੁਸ਼ਾਂਤ ਭਾਟੀਆ ਨੇ ਜਿਲ੍ਹਾ ਪ੍ਰਸ਼ਾਸਨ ਅਤੇ ਬਿਜਲੀ ਬੋਰਡ ਨੂੰ ਰਸਮੀ ਪੱਤਰ ਲਿਖ ਕੇ ਨਜਾਇਜ਼ ਕਬਜ਼ਾਧਾਰੀਆਂ ਖਿਲਾਫ਼ ਤੁਰੰਤ ਕਾਨੂੰਨੀ ਕਾਰਵਾਈ ਕਰਨ ਅਤੇ ਬਿਜਲੀ ਕਨੈਕਸ਼ਨ ਕੱਟਣ ਦੀ ਮੰਗ ਕੀਤੀ ਹੈ।
ਦੂਜੇ ਪਾਸੇ, ਮਾਲ ਰੋਡ `ਤੇ ਠੰਢੀ ਖੂਹੀ ਦੇ ਸਾਹਮਣੇ ਕਰੋੜਾਂ ਰੁਪਏ ਦੀ ਪ੍ਰਾਈਮ ਲੈਂਡ ਦੀ ਵੀ ਨਿਗਮ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਸਥਾਨਕ ਖੋਖੇ ਵਾਲਿਆਂ ਨੇ ਨਗਰ ਨਿਗਮ ਦੀ ਜ਼ਮੀਨ ਸ਼ਹਿਰ ਦੇ ਇੱਕ ਨਾਮੀ ਨਿੱਜੀ ਹਸਪਤਾਲ ਨੂੰ ਕਰੋੜਾਂ ਰੁਪਏ ਵਿੱਚ ਵੇਚ ਦਿੱਤੀ।ਕਮਿਸ਼ਨਰ ਸ਼ੇਰਗਿਲ ਦੇ ਨਿਰਦੇਸ਼ਾਂ `ਤੇ ਅਸਟੇਟ ਅਫ਼ਸਰ ਸੁਸ਼ਾਂਤ ਭਾਟੀਆ ਅਤੇ ਉਨ੍ਹਾਂ ਦੀ ਟੀਮ ਨੇ ਮੌਕੇ `ਤੇ ਪਹੁੰਚ ਕੇ ਲਗਭਗ 1,000 ਵਰਗ ਗਜ਼ ਜ਼ਮੀਨ ਦੀ ਪੈਮਾਇਸ਼ ਪੂਰੀ ਕੀਤੀ।
ਸਬੰਧਤ ਧਿਰਾਂ ਨੂੰ ਮਲਕੀਅਤ ਸਾਬਤ ਕਰਨ ਲਈ ਪਹਿਲਾਂ ਵੀ ਨੋਟਿਸ ਅਤੇ ਕਈ ਮੌਕੇ ਦਿੱਤੇ ਗਏ ਸਨ, ਪਰ ਨਿਗਮ ਕੋਲ ਕੋਈ ਜਾਇਜ਼ ਦਸਤਾਵੇਜ਼ ਪੇਸ਼ ਨਹੀਂ ਕੀਤਾ ਗਿਆ।ਹੁਣ ਉਨ੍ਹਾਂ ਨੂੰ ਮਲਕੀਅਤ ਦੇ ਸਬੂਤ ਤੁਰੰਤ ਜਮ੍ਹਾਂ ਕਰਵਾਉਣ ਦੇ ਨਵੇਂ ਨਿਰਦੇਸ਼ ਜਾਰੀ ਕੀਤੇ ਗਏ ਹਨ। ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਕੋਈ ਗੜਬੜੀ ਪਾਈ ਗਈ ਜਾਂ ਦਸਤਾਵੇਜ਼ ਪੇਸ਼ ਨਾ ਕੀਤੇ ਗਏ ਤਾਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ਨਵੇਂ ਸੈਸ਼ਨ ਦੀ ਆਰੰਭਤਾ ਮੌਕੇ ਅਰਦਾਸ ਸਮਾਗਮ ਕਰਵਾਇਆ ਗਿਆ
ਅੰਮ੍ਰਿਤਸਰ, 4 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ ਐਜੂੂਕੇਸ਼ਨ ਵਿਖੇ ਨਵੇਂ …
Punjab Post Daily Online Newspaper & Print Media