ਅੰਮ੍ਰਿਤਸਰ, 8 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਇਕਨਾਮਿਕਸ ਵੱਲੋਂ ‘ਕਲਾਸਰੂਮ ਤੋਂ ਕਰੀਅਰ ਤੱਕ: ਸਾਫ਼ਟ ਸਕਿੱਲਜ਼, ਮਜ਼ਬੂਤ ਸੋਚ ਅਤੇ ਸ਼ਖ਼ਸੀਅਤ ਵਿਕਾਸ’ ਵਿਸ਼ੇ
’ਤੇ ਇਕ ਰੋਜ਼ਾ ਵਰਕਸ਼ਾਪ ਕਰਵਾਈ ਗਈ। ਕਾਲਜ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਦੇ ਦਿਸ਼ਾ-ਨਿਰਦੇਸ਼ਾਂ ’ਤੇ ਕਰਵਾਈ ਗਈ ਉਕਤ ਵਰਕਸ਼ਾਪ ’ਚ ਪ੍ਰਸਿੱਧ ਚਾਰਟਡ ਅਕਾਊਂਟੈਂਟ, ਕਾਰਪੋਰੇਟ ਟਰੇਨਰ ਅਤੇ ਐਵਾਰਡ ਜੇਤੂ ਲਾਈਫ ਟਰਾਂਸਫਾਰਮੇਸ਼ਨ ਕੋਚ ਸੀ.ਏ ਪ੍ਰੀਤੀ ਨਾਗੀ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ।ਇਸ ਸੈਸ਼ਨ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਅਕਾਦਮਿਕ ਸਿੱਖਿਆ ਤੋਂ ਇਲਾਵਾ ਜੀਵਨ ਅਤੇ ਕਰੀਅਰ ਨਾਲ ਸਬੰਧਿਤ ਜ਼ਰੂਰੀ ਹੁਨਰ ਪ੍ਰਦਾਨ ਕਰਕੇ ਉਨ੍ਹਾਂ ਨੂੰ ਪੇਸ਼ੇਵਰ ਜੀਵਨ ਲਈ ਤਿਆਰ ਕਰਨਾ ਸੀ।
ਸੀ.ਏ ਨਾਗੀ ਨੇ ਆਪਣੇ ਪੇਸ਼ੇਵਰ ਤਜ਼ਰਬੇ ਦੇ ਆਧਾਰ ’ਤੇ ਸਾਫ਼ਟ ਸਕਿੱਲਜ਼ ਦੇ ਵਿਕਾਸ, ਮਾਨਸਿਕ ਮਜ਼ਬੂਤੀ ਅਤੇ ਸ਼ਖ਼ਸੀਅਤ ਨਿਖਾਰ ਸਬੰਧੀ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ ਅਤੇ ਪ੍ਰਭਾਵਸ਼ਾਲੀ ਸੰਚਾਰ, ਆਤਮ-ਵਿਸ਼ਵਾਸ, ਆਪਸੀ ਸੰਚਾਰ ਹੁਨਰ, ਸਮੇਂ ਦੀ ਸਹੀ ਵਰਤੋਂ, ਟੀਮ ਵਰਕ ਅਤੇ ਸਕਾਰਾਤਮਕ ਸੋਚ ਦੀ ਮਹੱਤਤਾ ਸਬੰਧੀ ਵਿਸਥਾਰ ਸਹਿਤ ਚਾਨਣਾ ਪਾਇਆ।
ਉਨ੍ਹਾਂ ਕਿਹਾ ਕਿ ਨੌਕਰੀ ਲਈ ਇੰਟਰਵਿਊ ਦੌਰਾਨ ਵਧੀਆ ਢੰਗ ਨਾਲ ਤਿਆਰ ਕੀਤਾ ਰਿਜ਼ਿਊਮੇ ਅਤੇ ਆਤਮ-ਵਿਸ਼ਵਾਸ ਭਰੀ ਬਾਡੀ ਲੈਂਗਵੇਜ ਮਹੱਤਵਪੂਰਨ ਫ਼ਰਕ ਪੈਦਾ ਕਰ ਸਕਦੇ ਹਨ।ਉਨ੍ਹਾਂ ਵਿਦਿਆਰਥੀਆਂ ਨੂੰ ਸਿਰਫ਼ ਕਿਤਾਬੀ ਗਿਆਨ ਤੱਕ ਸੀਮਿਤ ਨਾ ਰਹਿਣ ਅਤੇ ਕੰਮਕਾਜੀ ਖੇਤਰ ਦੀਆਂ ਬਦਲਦੀਆਂ ਲੋੜਾਂ ਅਨੁਸਾਰ ਖ਼ੁਦ ਨੂੰ ਤਿਆਰ ਕਰਨ ਲਈ ਪ੍ਰੇਰਿਤ ਕੀਤਾ।ਇਸ ਵਰਕਸ਼ਾਪ ਤੋਂ ਪਹਿਲਾਂ ਕੋਆਰਡੀਨੇਟਰ ਡਾ. ਸੁਪ੍ਰੀਤ ਕੌਰ ਨੇ ਪ੍ਰਿੰ: ਡਾ. ਰੰਧਾਵਾ ਅਤੇ ਪ੍ਰੀਤੀ ਨਾਗੀ ਦਾ ਸਵਾਗਤ ਕੀਤਾ।ਜਦਕਿ ਵਿਭਾਗ ਮੁਖੀ ਡਾ. ਅੰਜੂ ਸ਼ਰਮਾ ਨੇ ਮੁੱਖ ਬੁਲਾਰੇ ਦੀ ਵਿਦਿਆਰਥੀਆਂ ਨਾਲ ਜਾਣ-ਪਛਾਣ ਕਰਵਾਉਂਦਿਆਂ ਮੁੱਖ ਵਿਸ਼ੇ ਬਾਰੇ ਜਾਣਕਾਰੀ ਦਿੱਤੀ।ਡਾ. ਅੰਜ਼ੂ ਸ਼ਰਮਾ ਨੇ ਕਿਹਾ ਕਿ ਵਰਕਸ਼ਾਪ ਨੇ ਵਿਦਿਆਰਥੀਆਂ ਨੂੰ ਵਿਹਾਰਕ ਮਾਰਗਦਰਸ਼ਨ ਪ੍ਰਦਾਨ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਆਪਣੇ ਨਿੱਜੀ ਅਤੇ ਪੇਸ਼ੇਵਰ ਵਿਕਾਸ ਲਈ ਨਿਰੰਤਰ ਯਤਨ ਕਰਨ ਵਾਸਤੇ ਪ੍ਰੇਰਿਤ ਕੀਤਾ।ਵਰਕਸ਼ਾਪ ਦੀ ਕੋ-ਕੋਆਰਡੀਨੇਟਰ ਡਾ. ਸਿਓਜ਼ੀ ਭਾਟੀਆ ਨੇ ਧੰਨਵਾਦ ਕੀਤਾ।
ਇਸ ਮੌਕੇ ਡਾ. ਸਵੀਤਾ, ਡਾ. ਨਵਜੋਤ ਕੌਰ ਤੋਂ ਇਲਾਵਾ ਹੋਰ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ।
Check Also
ਮਿਰਜ਼ਾ ਸਾਹਿਬਾਂ ਨੇ ਵਿਰਸਾ ਵਿਹਾਰ ਵਿਖੇ ਦਰਸ਼ਕਾਂ ਦਾ ਦਿਲ ਜਿੱਤਿਆ
ਅੰਮ੍ਰਿਤਸਰ, 8 ਸਤੰਬਰ (ਦੀਪ ਦਵਿੰਦਰ ਸਿੰਘ) – ਏਟ ਰਸ ਪਲੇਅਰ ਅੰਮ੍ਰਿਤਸਰ ਵੱਲੋਂ ਵਿਰਸਾ ਵਿਹਾਰ ਦੇ …
Punjab Post Daily Online Newspaper & Print Media